ਅਕਾਲੀ ਸਰਕਾਰ ਬਣਨ ’ਤੇ ਪਿੰਡਾਂ ’ਚ ਔਰਤਾਂ ਦੀ ਟਾਸਕ ਫੋਰਸ ਬਣਾਈ ਜਾਵੇਗੀ- ਹਰਸਿਮਰਤ ਕੌਰ ਬਾਦਲ
ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)- ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਦੇ ਨਾਅਰੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੁਰੂਹਰਸਹਾਏ ਵਿਖੇ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ।
ਇ
ਇਕੱਠ ਨੂੰ ਸੰਬੋਧਨ ਕਰਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ। (ਸੱਜੇ) ਪ੍ਰੋਗਰਾਮ ਦੌਰਾਨ ਬੈਠੀਆਂ ਬੀਬੀਆਂ ਦਾ ਭਾਰੀ ਇਕੱਠ। ਤਸਵੀਰਾਂ. ਕਪਿਲ ਕੰਧਾਰੀ
06-10-2026
ਗੁਰੂਹਰਸਹਾਏ, 5 ਅਕਤੂਬਰ (ਕਪਿਲ ਕੰਧਾਰੀ)- ‘ਮਾਵਾਂ-ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ’ ਦੇ ਨਾਅਰੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗੁਰੂਹਰਸਹਾਏ ਵਿਖੇ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਨੂੰ ਸੰਬੋਧਨ ਕਰਨ ਲਈ ਵਿਸ਼ੇਸ਼ ਤੌਰ ’ਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਪਹੁੰਚੇ। ਇਸ ਮੌਕੇ ਉਹਨਾਂ ਦਾ ਪਹੁੰਚਣ ’ਤੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ, ਉਹਨਾਂ ਦੀ ਪਤਨੀ ਨਰਿੰਦਰ ਕੌਰ ਮਾਨ, ਭਰਾ ਨਰਦੇਵ ਸਿੰਘ ਬੋਬੀ ਮਾਨ, ਬੇਟੇ ਹਰਪਿੰਦਰ ਸਿੰਘ ਮਾਨ, ਮੈਂਬਰ ਐੱਸ.ਜੀ.ਪੀ.ਸੀ. ਦਰਸ਼ਨ ਸਿੰਘ ਬਰਾੜ, ਅਕਾਲੀ ਆਗੂ ਨੀਰਜ ਸਹਿਗਲ ਵਲੋਂ ਜੀ ਆਇਆਂ ਕਿਹਾ ਗਿਆ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਆਪਣੇ ਸਾਢੇ ਚਾਰ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ ਵਿਚੋਂ ਨਸ਼ਾ ਖ਼ਤਮ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵਲੋਂ ਵੀ ਗੁਟਕਾ ਸਾਹਿਬ ਹੱਥ ਵਿਚ ਫੜ ਕੇ ਚਾਰ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਹ ਵੀ ਆਪਣੇ ਵਾਅਦੇ ’ਤੇ ਖਰੀ ਨਹੀਂ ਉਤਰੀ। ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਅੱਜ ਉਹਨਾਂ ਵਲੋਂ ‘ਮਾਈ ਭਾਗੋ ਫੌਜ’ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜਿਸ ਰਾਹੀਂ ਬੀਬੀਆਂ ਨਸ਼ਿਆਂ ਵਿਰੁੱਧ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਜੇਕਰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਵਿਚ ਲਿਆਉਂਦੇ ਹਨ ਤਾਂ ਨਸ਼ਿਆਂ ਦੇ ਖ਼ਾਤਮੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਔਰਤਾਂ ਨੂੰ ਡੀ.ਜੀ.ਪੀ. ਪੱਧਰ ਦੀ ਜ਼ਿੰਮੇਵਾਰੀ ਦੇਣ ਤੇ ਪਿੰਡਾਂ ਵਿਚ ਬੀਬੀਆਂ ਦੀਆਂ ਟਾਸਕ ਫੋਰਸਾਂ ਬਣਾਉਣ ਦੀ ਗੱਲ ਵੀ ਉਨ੍ਹਾਂ ਕਹੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 10 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇਗੀ ਤੇ ਨਸ਼ਿਆਂ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਲੋਕਾਂ ਲਈ ਕਈ ਲੋਕ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਸਨ। ਉਹਨਾਂ ਨੇ ਪੰਜਾਬ ਪੁਲਿਸ ’ਤੇ ਤਿੱਖੇ ਸ਼ਬਦੀ ਹਮਲੇ ਕਰਦਿਆਂ ਦੋਸ਼ ਲਾਇਆ ਕਿ ਪੁਲਿਸ ਵਲੋਂ ਨਸ਼ਾ ਵੇਚਣ ਵਾਲਿਆਂ ਦੀ ਕਥਿਤ ਤੌਰ ’ਤੇ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਨੂੰ ਸਰਕਾਰ ਦੀਆਂ ਕਥਿਤ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵੀ ਤਿੱਖੇ ਸਿਆਸੀ ਹਮਲੇ ਕੀਤੇ। ਇਸ ਮੌਕੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਨੇ ਲੋਕਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਸਮਾਪਤੀ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ, ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਤੇ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਪੈਲਸ ਤੋਂ ਪੈਦਲ ਮਾਰਚ ਕਰਦੇ ਹੋਏ ਐੱਸ.ਡੀ.ਐਮ ਦਫ਼ਤਰ ਪਹੁੰਚੇ। ਇਸ ਦੌਰਾਨ ਵਰਕਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਐੱਸ.ਡੀ.ਐਮ ਦਫ਼ਤਰ ਵਿਖੇ ਅਕਾਲੀ ਆਗੂਆਂ ਵਲੋਂ ਪੰਜਾਬ ਵਿਚ ਨਸ਼ਿਆਂ ਦੀ ਵਿਕਰੀ ਤੇ ਨਸ਼ਿਆਂ ਦੇ ਖ਼ਾਤਮੇ ਸਬੰਧੀ ਸਰਕਾਰ ਦੇ ਨਾਂਅ ਮੰਗ ਪੱਤਰ ਨਾਇਬ ਤਹਿਸੀਲਦਾਰ ਰਮੇਸ਼ ਧੀਂਗੜਾ ਤੇ ਸੁਪਰਡੈਂਟ ਕੇਵਲ ਕ੍ਰਿਸ਼ਨ ਨੂੰ ਸੌਂਪਿਆ ਗਿਆ।