ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ
ਮੱਲਾਂਵਾਲਾ, 17 ਸਤੰਬਰ (ਬਲਬੀਰ ਸਿੰਘ ਜੋਸਨ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੱਲਾਂਵਾਲਾ ਰੇਲਵੇ ਸਟੇਸ਼ਨ ਟਰੈਕ ਨੂੰ ਜਾਮ ਕਰਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਲਗਾਏ ਧਰਨੇ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ।
ਮੱਲਾਂਵਾਲਾ, 17 ਸਤੰਬਰ (ਬਲਬੀਰ ਸਿੰਘ ਜੋਸਨ, ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਮੱਲਾਂਵਾਲਾ ਰੇਲਵੇ ਸਟੇਸ਼ਨ ਟਰੈਕ ਨੂੰ ਜਾਮ ਕਰਕੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਲਗਾਏ ਧਰਨੇ ਵਿਚ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਧਰਮ ਸਿੰਘ ਸਿੱਧੂ ਅਤੇ ਸਰਜੀਤ ਸਿੰਘ ਫ਼ੌਜੀ ਨੇ ਕਿਹਾ ਕਿ ਜਥੇਬੰਦੀ ਵਲੋਂ ਪਹਿਲਾਂ 31 ਅਗਸਤ ਨੂੰ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਦੇ ਕੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੌਂਪੇ ਗਏ ਸਨ। ਇਸ ਤੋਂ ਬਾਅਦ 14 ਸਤੰਬਰ ਤੋਂ ਪੰਜਾਬ ਦੇ ਮੰਤਰੀਆਂ ਦੇ ਘਰਾਂ ਅੱਗੇ ਸ਼ਾਂਤਮਈ ਧਰਨੇ ਦੇ ਕੇ ਸਰਕਾਰ ਤੋਂ ਮੰਗਾਂ ਮੰਨਣ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ ਦੋਸ਼ ਲਾਇਆ ਕਿ ਇਸ ਦੇ ਬਾਵਜੂਦ ਸਰਕਾਰ ਵਲੋਂ ਕਿਸਾਨਾਂ-ਮਜ਼ਦੂਰਾਂ ਦੀਆਂ ਮੰਗਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੇਰਲ ਦੀ ਤਰਜ਼ ’ਤੇ ਫ਼ਸਲਾਂ ਦੀ ਐੱਮ.ਐੱਸ.ਪੀ. ਦੀ ਗਾਰੰਟੀ ਯਕੀਨੀ ਬਣਾਈ ਜਾਵੇ, ਆਬਾਦਕਾਰ ਕਿਸਾਨਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ ਤੇ ਕਿਸਾਨਾਂ-ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕੀਤੇ ਜਾਣ। ਉਨ੍ਹਾਂ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਤੁਰੰਤ ਭਰਪਾਈ ਕਰਨ ਦੀ ਵੀ ਮੰਗ ਕੀਤੀ। ਕਿਸਾਨ ਆਗੂਆਂ ਨੇ ਲੈਂਡ ਪੁਲਿੰਗ ਨੀਤੀ ਰੱਦ ਕਰਨ, ਜ਼ਮੀਨਾਂ ਜਬਰੀ ਲੈਣੀਆਂ ਬੰਦ ਕਰਨ, ਬਿਜਲੀ ਐਕਟ ਸੋਧ ਬਿੱਲ-2025 ਰੱਦ ਕਰਨ ਤੇ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਬੰਦ ਕਰਨ ਦੀ ਮੰਗ ਵੀ ਰੱਖੀ। ਇਸ ਤੋਂ ਇਲਾਵਾ ਭਾਰਤ-ਅਮਰੀਕਾ ਟਰੇਡ ਡੀਲ ਸਬੰਧੀ ਸਮਝੌਤਿਆਂ ਨੂੰ ਰੱਦ ਕਰਨ, ਗੰਨੇ ਦੇ ਬਕਾਇਆ ਬਿੱਲ ਤੁਰੰਤ ਜਾਰੀ ਕਰਨ, ਨਸ਼ਿਆਂ ਦੇ ਕਾਰੋਬਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਰਣਜੀਤ ਸਿੰਘ ਖੱਚਰ ਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਅਮਨਦੀਪ ਸਿੰਘ ਕੱਚਰਭੰਨ, ਗੁਰਮੇਲ ਸਿੰਘ ਫੱਤੇਵਾਲਾ, ਸੁਰਜੀਤ ਸਿੰਘ ਫ਼ੌਜੀ, ਗੁਰਬਖ਼ਸ਼ ਸਿੰਘ ਪੰਜਗਰਾਈਂ, ਮੰਗਲ ਸਿੰਘ ਸਵਾਈਕੇ, ਹਰਫੂਲ ਸਿੰਘ, ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਸਾਬੂਆਣਾ, ਅਵਤਾਰ ਸਿੰਘ ਬੱਗੇਵਾਲਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਸਾਹਿਬ ਸਿੰਘ ਦੀਨੇਕੇ, ਰਜਿੰਦਰ ਸਿੰਘ ਫੁਲਰਵਾਨ, ਕੁਲਦੀਪ ਸਿੰਘ ਮੱਤੜ, ਕੰਵਲਦੀਪ ਸਿੰਘ ਠੱਠਾ, ਗੁਰਮੀਤ ਸਿੰਘ ਚੱਬਾ, ਅਮਰਜੀਤ ਸਿੰਘ ਸੰਤੂਵਾਲਾ, ਮੱਖਣ ਸਿੰਘ ਵਾੜਾ, ਚਮਕੌਰ ਸਿੰਘ ਵਰਨਾਲਾ, ਫੁੰਮਣ ਸਿੰਘ ਰਾਉਕੇ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਆਰ.ਕੇ. ਜੀਰਾ, ਵਰਿੰਦਰ ਸਿੰਘ ਕੱਸੋਆਣਾ, ਬਚਿੱਤਰ ਸਿੰਘ ਦੂਲੇਵਾਲਾ, ਜਮਸ਼ੇਰ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਜਗਰੂਪ ਸਿੰਘ ਟਿੱਬੀ, ਪਿਆਰਾ ਸਿੰਘ ਘੁੱਦੂਵਾਲਾ, ਸਾਹਿਬ ਸਿੰਘ ਤਲਵੰਡੀ ਤੇ ਮੇਜਰ ਸਿੰਘ ਗਜਨੀਵਾਲਾ ਸਮੇਤ ਹੋਰ ਆਗੂ ਹਾਜ਼ਰ ਸਨ।