ਗੁਰਪ੍ਰੀਤ ਸਿੰਘ ਸੇਖੋਂ ਨੂੰ ‘ਆਪ’ ’ਚ ਸ਼ਾਮਿਲ ਕਰਨ ’ਤੇ ਆਪਣੇ ਪੁਰਾਣੇ ਬਿਆਨਾਂ ਦਾ ਹਿਸਾਬ ਦੇਣ ਮੀਤ ਹੇਅਰ - ਕੁਲਬੀਰ ਸਿੰਘ ਜ਼ੀਰਾ
ਜ਼ੀਰਾ, 10 ਸਤੰਬਰ (ਰਜਨੀਸ਼ ਕਥੂਰੀਆ)- ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸਾਧੀ ਗਈ ਚੁੱਪੀ ’ਤੇ ਨਿਸ਼ਾਨੇ ਸਾਧੇ ਹਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਿਆਸਤ ‘ਚ ਆਗੂਆਂ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਦਿੱਤੇ ਜਾਂਦੇ ਬਿਆਨ ਲੋਕਾਂ ਦੀ ਯਾਦ ਵਿਚ ਰਹਿੰਦੇ ਹਨ ਤੇ ਜਦੋਂ ਸਿਆਸੀ ਹਾਲਾਤ ਬਦਲਦੇ ਹਨ ਤਾਂ ਉਨ੍ਹਾਂ ਬਿਆਨਾਂ ਬਾਰੇ ਜਵਾਬਦੇਹੀ ਵੀ ਬਣਦੀ ਹੈ।
ਜ਼ੀਰਾ, 10 ਸਤੰਬਰ (ਰਜਨੀਸ਼ ਕਥੂਰੀਆ)- ਹਲਕਾ ਜ਼ੀਰਾ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਕਮੇਟੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸਾਧੀ ਗਈ ਚੁੱਪੀ ’ਤੇ ਨਿਸ਼ਾਨੇ ਸਾਧੇ ਹਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਿਆਸਤ ‘ਚ ਆਗੂਆਂ ਵੱਲੋਂ ਵੱਖ-ਵੱਖ ਸਮਿਆਂ ਦੌਰਾਨ ਦਿੱਤੇ ਜਾਂਦੇ ਬਿਆਨ ਲੋਕਾਂ ਦੀ ਯਾਦ ਵਿਚ ਰਹਿੰਦੇ ਹਨ ਤੇ ਜਦੋਂ ਸਿਆਸੀ ਹਾਲਾਤ ਬਦਲਦੇ ਹਨ ਤਾਂ ਉਨ੍ਹਾਂ ਬਿਆਨਾਂ ਬਾਰੇ ਜਵਾਬਦੇਹੀ ਵੀ ਬਣਦੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੀਤ ਹੇਅਰ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ ਤੇ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਾਂ ਉਨ੍ਹਾਂ ਵਲੋਂ ਗੁਰਪ੍ਰੀਤ ਸਿੰਘ ਸੇਖੋਂ ਨੂੰ ਲੈ ਕੇ ਵਿਧਾਨ ਸਭਾ ’ਚ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਮੀਤ ਹੇਅਰ ਵਲੋਂ ਜਿਹੜੇ ਸਵਾਲ ਤੇ ਇਲਜ਼ਾਮ ਜਨਤਕ ਤੌਰ ’ਤੇ ਉਠਾਏ ਗਏ ਸਨ। ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਵੀ ਸੁਣਿਆ ਸੀ। ਹੁਣ ਪੰਜਾਬ ਦੇ ਬਦਲ ਚੁੱਕੇ ਸਿਆਸੀ ਹਾਲਾਤ ਵਿਚ ਗੁਰਪ੍ਰੀਤ ਸਿੰਘ ਸੇਖੋਂ ਦੀ ‘ਆਪ’ ’ਚ ਸ਼ਮੂਲੀਅਤ ਹੋ ਚੁੱਕੀ ਹੈ। ਅਜਿਹੇ ਹਾਲਾਤ ’ਚ ਮੀਤ ਹੇਅਰ ਵਲੋਂ ਇਸ ਮਾਮਲੇ ’ਤੇ ਖਾਮੋਸ਼ ਰਹਿਣਾ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜਿਹੜੇ ਮੁੱਦੇ ਕਦੇ ਵਿਧਾਨ ਸਭਾ ਦੇ ਅੰਦਰ ਜ਼ੋਰਦਾਰ ਢੰਗ ਨਾਲ ਉਠਾਏ ਜਾਂਦੇ ਸਨ, ਉਨ੍ਹਾਂ ਬਾਰੇ ਅੱਜ ਸਪਸ਼ਟੀਕਰਨ ਦੇਣਾ ਵੀ ਸਿਆਸੀ ਜ਼ਿੰਮੇਵਾਰੀ ਦਾ ਹਿੱਸਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਰਾਜਨੀਤੀ ’ਚ ਅਸੂਲ ਤੇ ਜਵਾਬਦੇਹੀ ਸਭ ਤੋਂ ਵੱਧ ਅਹਿਮ ਹੁੰਦੇ ਹਨ। ਜੇਕਰ ਕਿਸੇ ਸਿਆਸੀ ਆਗੂ ਨੇ ਕਿਸੇ ਵਿਅਕਤੀ ਜਾਂ ਮਾਮਲੇ ਨੂੰ ਲੈ ਕੇ ਪਹਿਲਾਂ ਸਖਤ ਰੁਖ ਅਖਤਿਆਰ ਕੀਤਾ ਹੋਵੇ ਤੇ ਬਾਅਦ ਵਿਚ ਉਸਦੇ ਆਪਣੀ ਪਾਰਟੀ ਵਿਚ ਸ਼ਾਮਿਲ ਹੋਣ ’ਤੇ ਚੁੱਪੀ ਸਾਧ ਲਵੇ ਤਾਂ ਲੋਕਾਂ ਦੇ ਮਨਾਂ ’ਚ ਸਵਾਲ ਪੈਦਾ ਹੋਣਾ ਸੁਭਾਵਿਕ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜੇਕਰ ਉਹ ਆਪਣੇ ਪੁਰਾਣੇ ਬਿਆਨਾਂ ’ਤੇ ਕਾਇਮ ਹਨ ਤਾਂ ਉਨ੍ਹਾਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ ਅਤੇ ਜੇਕਰ ਉਨ੍ਹਾਂ ਦਾ ਮੌਜੂਦਾ ਰੁਖ ਬਦਲ ਚੁੱਕਾ ਹੈ ਤਾਂ ਇਸ ਬਦਲਾਅ ਦਾ ਕਾਰਨ ਵੀ ਲੋਕਾਂ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਤਨਜ਼ ਕਰਦਿਆਂ ਕਿਹਾ ਕਿ ਸਿਆਸਤ ‘ਚ ਸਹੂਲਤ ਮੁਤਾਬਕ ਖਾਮੋਸ਼ੀ ਧਾਰਨ ਕਰਨਾ ਲੋਕਾਂ ਦੇ ਸਵਾਲਾਂ ਦਾ ਜਵਾਬ ਨਹੀਂ ਹੋ ਸਕਦਾ। ਜੇਕਰ ਮੀਤ ਹੇਅਰ ਆਪਣੇ ਪੁਰਾਣੇ ਬਿਆਨਾਂ ਤੇ ਮੌਜੂਦਾ ਸਿਆਸੀ ਫੈਸਲਿਆਂ ਵਿਚਕਾਰ ਤਾਲਮੇਲ ਨਹੀਂ ਬਿਠਾ ਸਕਦੇ ਤਾਂ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਬਾਰੇ ਵੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਿਆਸੀ ਆਗੂਆਂ ਦੇ ਬਿਆਨਾਂ ਤੇ ਉਨ੍ਹਾਂ ਦੇ ਅਮਲ ਵਿਚਲਾ ਫਰਕ ਬੜੀ ਬਾਰੀਕੀ ਨਾਲ ਦੇਖ ਰਹੇ ਹਨ ਤੇ ਆਉਣ ਵਾਲੇ ਸਮੇਂ ‘ਚ ਇਸ ਦਾ ਜਵਾਬ ਵੀ ਜ਼ਰੂਰ ਦੇਣਗੇ।