ਸਿੱਖਿਆ ਸੰਸਥਾਵਾਂ ’ਚ ਧੂਮਧਾਮ ਨਾਲ ਮਨਾਇਆ ਅਧਿਆਪਕ ਦਿਵਸ
ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਖੇ ਅਧਿਆਪਕ ਦਿਵਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਤੇ ਏ+ ਗ੍ਰੇਡ ਪ੍ਰਾਪਤ ਇਸ ਕਾਲਜ ਵਿਚ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ , ਸਤਿਕਾਰ ਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਰੰਗਾਰੰਗ ਸਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ।
ਫ਼ਿਰੋਜ਼ਪੁਰ, 5 ਸਤੰਬਰ (ਗੁਰਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਵਿਖੇ ਅਧਿਆਪਕ ਦਿਵਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨਾਲ ਸੰਬੰਧਿਤ ਤੇ ਏ+ ਗ੍ਰੇਡ ਪ੍ਰਾਪਤ ਇਸ ਕਾਲਜ ਵਿਚ ਕਰਵਾਏ ਸਮਾਗਮ ਦੌਰਾਨ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਪ੍ਰਤੀ ਪਿਆਰ , ਸਤਿਕਾਰ ਤੇ ਧੰਨਵਾਦ ਦਾ ਪ੍ਰਗਟਾਵਾ ਕਰਦਿਆਂ ਰੰਗਾਰੰਗ ਸਭਿਆਚਾਰਕ ਤੇ ਮਨੋਰੰਜਕ ਪ੍ਰੋਗਰਾਮ ਪੇਸ਼ ਕੀਤੇ। ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਆਸ਼ੀਰਵਾਦ, ਚੇਅਰਪਰਸਨ ਡਾ.ਅਗਨੀਜ਼ ਢਿੱਲੋਂ ਦੇ ਦਿਸ਼ਾ-ਨਿਰਦੇਸ਼, ਸੈਕਟਰੀ ਅਜੇ ਕੁਮਾਰ ਬੱਤਾ ਤੇ ਪ੍ਰਿੰਸੀਪਲ ਡਾ.ਸੰਗੀਤਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥਣਾਂ ਦੇ ਜੀਵਨ ਵਿਚ ਅਧਿਆਪਕਾਂ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਨਾ ਤੇ ਉਨ੍ਹਾਂ ਦੇ ਮਾਰਗਦਰਸ਼ਨ ਲਈ ਧੰਨਵਾਦ ਪ੍ਰਗਟ ਕਰਨਾ ਸੀ। ਸਮਾਗਮ ਦੌਰਾਨ ਵਿਦਿਆਰਥਣਾਂ ਵਲੋਂ ਅਧਿਆਪਕਾਂ ਦੇ ਸਨਮਾਨ ਵਿਚ ਗੀਤ, ਕਵਿਤਾਵਾਂ, ਭਾਸ਼ਣ ਤੇ ਹੋਰ ਸਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਨ੍ਹਾਂ ਪੇਸ਼ਕਾਰੀਆਂ ਵਿਚ ਵਿਦਿਆਰਥਣਾਂ ਦੀ ਰਚਨਾਤਮਿਕਤਾ, ਆਤਮ-ਵਿਸ਼ਵਾਸ ਤੇ ਕਲਾ-ਕੌਸ਼ਲ ਦੀ ਝਲਕ ਦੇਖਣ ਨੂੰ ਮਿਲੀ। ਕਈ ਵਿਦਿਆਰਥਣਾਂ ਨੇ ਆਪਣੇ ਅਧਿਆਪਕਾਂ ਨਾਲ ਜੁੜੀਆਂ ਯਾਦਾਂ ਤੇ ਉਨ੍ਹਾਂ ਤੋਂ ਮਿਲੀ ਪ੍ਰੇਰਨਾ ਸਾਂਝੀ ਕਰਦਿਆਂ ਕਿਹਾ ਕਿ ਅਧਿਆਪਕ ਸਿਰਫ਼ ਵਿਸ਼ੇ ਦਾ ਗਿਆਨ ਦੇਣ ਵਾਲੇ ਨਹੀਂ, ਸਗੋਂ ਅਨੁਸ਼ਾਸਨ, ਮਿਹਨਤ, ਇਮਾਨਦਾਰੀ ਤੇ ਜੀਵਨ ਵਿਚ ਸਫਲਤਾ ਦਾ ਰਾਹ ਦਿਖਾਉਣ ਵਾਲੇ ਮਾਰਗਦਰਸ਼ਕ ਹੁੰਦੇ ਹਨ। ਪ੍ਰਿੰਸੀਪਲ ਡਾ.ਸੰਗੀਤਾ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਕਨਾਲੋਜੀ ਤੇ ਇੰਟਰਨੈੱਟ ਦੇ ਯੁੱਗ ਵਿਚ ਵਿਦਿਆਰਥੀਆਂ ਲਈ ਸਿੱਖਿਆ ਪ੍ਰਤੀ ਗੰਭੀਰ ਤੇ ਕੇਂਦਰਿਤ ਰਹਿਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਆਪਣੇ ਗਿਆਨ, ਆਚਰਣ ਤੇ ਸਮਰਪਣ ਰਾਹੀਂ ਵਿਦਿਆਰਥੀਆਂ ਲਈ ਰੋਲ ਮਾਡਲ ਬਣਦੇ ਹਨ ਤੇ ਉਨ੍ਹਾਂ ਦੇ ਭਵਿੱਖ ਨੂੰ ਸਹੀ ਦਿਸ਼ਾ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਨੂੰ ਹੋਰ ਦਿਲਚਸਪ ਬਣਾਉਣ ਲਈ ਅਧਿਆਪਕਾਂ ਲਈ ਵੱਖ-ਵੱਖ ਮਨੋਰੰਜਕ ਗਤੀਵਿਧੀਆਂ ਤੇ ਖੇਡਾਂ ਵੀ ਕਰਵਾਈਆਂ ਗਈਆਂ। ਅੰਤ ਵਿਚ ਵਿਦਿਆਰਥਣਾਂ ਤੇ ਸਟਾਫ਼ ਵਲੋਂ ਅਧਿਆਪਕਾਂ ਦਾ ਸਨਮਾਨ ਕੀਤਾ ਗਿਆ। ਸਮੁੱਚਾ ਸਮਾਗਮ ਅਧਿਆਪਕਾਂ ਤੇ ਵਿਦਿਆਰਥਣਾਂ ਵਿਚਕਾਰ ਪਿਆਰ, ਸਾਂਝ ਤੇ ਆਪਸੀ ਸਤਿਕਾਰ ਨੂੰ ਹੋਰ ਮਜ਼ਬੂਤ ਕਰਨ ਵਾਲਾ ਸਾਬਤ ਹੋਇਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਹਾਈ ਸਕੂਲ ਲਹਿਰਾ ਰੋਹੀ ਜ਼ੀਰਾ, (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਲਹਿਰਾ ਰੋਹੀ ਸਥਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਹਾਈ ਸਕੂਲ ਵਿਖੇ ਪ੍ਰਿੰਸੀਪਲ ਕਰਮਜੀਤ ਕੌਰ ਦੀ ਅਗਵਾਈ ਹੇਠ ‘ਅਧਿਆਪਕ ਦਿਵਸ’ ਬੜੇ ਉਤਸ਼ਾਹ ਤੇ ਸ਼ਰਧਾ-ਸਤਿਕਾਰ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਵੱਖ-ਵੱਖ ਗਤੀਵਿਧੀਆਂ ਰਾਹੀਂ ਆਪਣੇ ਅਧਿਆਪਕਾਂ ਪ੍ਰਤੀ ਪਿਆਰ, ਆਦਰ ਅਤੇ ਧੰਨਵਾਦ ਦੀ ਭਾਵਨਾ ਪ੍ਰਗਟ ਕੀਤੀ ਗਈ। ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਕਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਦਿਨ ਦੇਸ਼ ਦੇ ਮਹਾਨ ਸਿੱਖਿਆ ਸ਼ਾਸਤਰੀ, ਦਾਰਸ਼ਨਿਕ ਤੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਦੀ ਯਾਦ ਵਿਚ ਸਾਲ 1962 ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਾ. ਰਾਧਾਕ੍ਰਿਸ਼ਨਨ ਦਾ ਮੰਨਣਾ ਸੀ ਕਿ ਅਧਿਆਪਕ ਸਮਾਜ ਤੇ ਕੌਮ ਦੇ ਨਿਰਮਾਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਧਿਆਪਕ ਸਿਰਫ਼ ਕਿਤਾਬੀ ਗਿਆਨ ਦੇਣ ਵਾਲੇ ਹੀ ਨਹੀਂ, ਸਗੋਂ ਵਿਦਿਆਰਥੀਆਂ ਦੇ ਚਰਿੱਤਰ, ਸੋਚ ਤੇ ਭਵਿੱਖ ਦੇ ਸੱਚੇ ਘਾੜ੍ਹੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂਆਂ ਦਾ ਸਤਿਕਾਰ ਕਰਨ ਤੇ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਭੂਮਿਕਾ ਨਿਭਾਉਂਦਿਆਂ ਵੱਖ-ਵੱਖ ਜਮਾਤਾਂ ਵਿਚ ਲੈਕਚਰ ਦਿੱਤੇ ਅਤੇ ਅਧਿਆਪਨ ਦੇ ਖੇਤਰ ਦੀਆਂ ਜ਼ਿੰਮੇਵਾਰੀਆਂ ’ਤੇ ਮਿਹਨਤ ਨੂੰ ਨੇੜਿਓਂ ਮਹਿਸੂਸ ਕੀਤਾ। ਸਮਾਗਮ ਮੌਕੇ ਸਕੂਲ ਸਟਾਫ਼ ਮੈਂਬਰ ਮਨਜੀਤ ਕੌਰ, ਜਸਪ੍ਰੀਤ ਕੌਰ, ਕੁਲਵਿੰਦਰ ਕੌਰ, ਗੁਰਪ੍ਰੀਤ ਕੌਰ, ਅਰੂਨਾ ਵਿਜ, ਅਨੂ ਬਾਲਾ, ਸੁਖਵੀਰ ਕੌਰ, ਪਰਵਿੰਦਰ ਕੌਰ, ਬਲਜੀਤ ਸਿੰਘ, ਸੁਖਪ੍ਰੀਤ ਕੌਰ, ਸੰਦੀਪ ਕੌਰ, ਜੈਸਮੀਨ ਭੰਗੂ, ਗੁਰਪ੍ਰੀਤ ਕੌਰ, ਵੀਰਪਾਲ ਕੌਰ, ਜਸਵੰਤ ਸਿੰਘ ਅਤੇ ਹਰਜੀਤ ਕੌਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ। ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਸੋਢੇਵਾਲਾ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ, ਖ਼ੁਸ਼ੀ ਤੇ ਸਤਿਕਾਰ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਕਾਲਜ ਮੈਨੇਜਮੈਂਟ ਵਲੋਂ ਸਮੂਹ ਅਧਿਆਪਕਾਂ ਦੀ ਮਿਹਨਤ, ਸਮਰਪਣ ਤੇ ਸਿੱਖਿਆ ਦੇ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਿਸ਼ੇਸ਼ ਤੋਹਫ਼ੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਕਾਲਜ ਆਫ਼ ਨਰਸਿੰਗ ਤੇ ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਦੇ ਡਾਇਰੈਕਟਰ ਧਰਮਪਾਲ ਬਾਂਸਲ ਨੇ ਅਧਿਆਪਕਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਕਿਸੇ ਵੀ ਸਿੱਖਿਆ ਸੰਸਥਾ ਦੀ ਸਫਲਤਾ ਵਿਚ ਅਧਿਆਪਕਾਂ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੁੰਦੀ ਹੈ। ਅਧਿਆਪਕ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੰਦੇ, ਸਗੋਂ ਉਨ੍ਹਾਂ ਨੂੰ ਅਨੁਸ਼ਾਸਨ, ਮਿਹਨਤ, ਇਮਾਨਦਾਰੀ ਤੇ ਸੇਵਾ ਭਾਵਨਾ ਵਰਗੀਆਂ ਚੰਗੀਆਂ ਕਦਰਾਂ-ਕੀਮਤਾਂ ਨਾਲ ਵੀ ਜੋੜਦੇ ਹਨ। ਕਾਲਜ ਦੇ ਪ੍ਰਿੰਸੀਪਲ ਸੁਖਦੀਪ ਕੌਰ ਸਮੇਤ ਸਮੂਹ ਸਟਾਫ਼ ਮੈਂਬਰਾਂ ਨੇ ਅਧਿਆਪਕ ਦਿਵਸ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਡਾ.ਸੰਜੀਵ ਮਾਨਕਟਾਲਾ, ਸ਼ਰਨਜੀਤ ਕੌਰ, ਸੁਖਵਿੰਦਰ ਕੌਰ, ਗੁਰਦੀਪ ਕੌਰ, ਜਗਦੇਵ ਸਿੰਘ, ਅਮਨਦੀਪ ਕੌਰ, ਸੰਗੀਤਾ ਹਾਂਡਾ, ਗੁਰਮੀਤ ਕੌਰ, ਖ਼ੁਸ਼ਹਾਲ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸੁਖਮਨਦੀਪ ਕੌਰ, ਗੀਤਾਂਜਲੀ, ਕੋਮਲਜੀਤ ਕੌਰ, ਬਲਵਿੰਦਰ ਕੌਰ, ਕੋਮਲਪ੍ਰੀਤ ਕੌਰ, ਸੁਖਵੀਰ ਕੌਰ, ਮਨਪ੍ਰੀਤ ਕੌਰ, ਆਂਚਲ ਆਦਿ ਹਾਜ਼ਰ ਸਨ। ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਫ਼ਿਰੋਜ਼ਪੁਰ, (ਗੁਰਿੰਦਰ ਸਿੰਘ)- ਆਰ.ਐਸ.ਡੀ. ਰਾਜ ਰਤਨ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਬੜੇ ਉਤਸ਼ਾਹ, ਸ਼ਰਧਾ ਤੇ ਖ਼ੁਸ਼ੀ ਦੇ ਮਾਹੌਲ ਵਿਚ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਆਪਣੇ ਅਧਿਆਪਕਾਂ ਦੇ ਸਨਮਾਨ ਵਿਚ ਸ਼ਾਨਦਾਰ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਡਾ.ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜੀਵਨ ਤੇ ਸਿੱਖਿਆ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਭਾਸ਼ਣ ਪੇਸ਼ ਕੀਤੇ। ਇਸ ਤੋਂ ਇਲਾਵਾ ਕਵਿਤਾਵਾਂ, ਗੀਤਾਂ ਤੇ ਨ੍ਰਿਤ ਦੀਆਂ ਪੇਸ਼ਕਾਰੀਆਂ ਰਾਹੀਂ ਵਿਦਿਆਰਥੀਆਂ ਨੇ ਅਧਿਆਪਕਾਂ ਪ੍ਰਤੀ ਆਪਣੀ ਸਤਿਕਾਰ ਤੇ ਧੰਨਵਾਦ ਦੀ ਭਾਵਨਾ ਪ੍ਰਗਟ ਕੀਤੀ। ਵਿਦਿਆਰਥੀਆਂ ਵਲੋਂ ਅਧਿਆਪਕਾਂ ਲਈ ਆਪਣੇ ਹੱਥਾਂ ਨਾਲ ਤਿਆਰ ਕੀਤੇ ਗਏ ਸੁੰਦਰ ਕਾਰਡ ਤੇ ਆਪਣੇ ਵਿਚਾਰ ਪੇਸ਼ ਕਰਨਾ ਸਮਾਗਮ ਦਾ ਵਿਸ਼ੇਸ਼ ਆਕਰਸ਼ਨ ਰਿਹਾ। ਪੂਰੇ ਸਮਾਗਮ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਵਿਚ ਖ਼ਾਸਾ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਸ.ਸੀ. ਸਾਂਵਲਕਾ ਤੇ ਉਨ੍ਹਾਂ ਦੀ ਪਤਨੀ, ਸਕੱਤਰ ਰਜਨੀਸ਼ ਸਾਂਵਲਕਾ, ਕਮੇਟੀ ਮੈਂਬਰ ਪੰਡਿਤ ਸਤੀਸ਼ ਸ਼ਰਮਾ, ਡਾਇਰੈਕਟਰ ਐਸ.ਪੀ. ਆਨੰਦ, ਸਕੂਲ ਦੀ ਪ੍ਰਿੰਸੀਪਲ ਡਾ.ਪ੍ਰਵੀਨ ਔਲ਼ ਅਤੇ ਆਰ.ਐਸ.ਡੀ. ਕਾਲਜ ਪ੍ਰਿੰਸੀਪਲ ਡਾ. ਆਰਾਧਨਾ ਨੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਪ੍ਰਬੰਧਕ ਕਮੇਟੀ ਵਲੋਂ ਅਧਿਆਪਕਾਂ ਦੇ ਸਿੱਖਿਆ ਖੇਤਰ ਵਿਚ ਅਤੁੱਲ ਯੋਗਦਾਨ, ਨਿਸ਼ਠਾ ਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਵਿਚ ਮਿਠਾਈ ਵੀ ਵੰਡੀ ਗਈ। ਪ੍ਰਬੰਧਕਾਂ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਅਧਿਆਪਕ ਰਾਸ਼ਟਰ ਦੇ ਨਿਰਮਾਤਾ ਹੁੰਦੇ ਹਨ, ਜੋ ਵਿਦਿਆਰਥੀਆਂ ਨੂੰ ਗਿਆਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਚਰਿੱਤਰ ਅਤੇ ਭਵਿੱਖ ਦੀ ਨੀਂਹ ਮਜ਼ਬੂਤ ਕਰਦੇ ਹਨ। ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ ਮੱਲਾਂਵਾਲਾ, (ਗੁਰਦੇਵ ਸਿੰਘ)- ਸ਼ਹੀਦ ਸਰਦਾਰ ਸ਼ਾਮ ਸਿੰਘ ਅਟਾਰੀ ਚੈਰੀਟੇਬਲ ਸੁਸਾਇਟੀ ਅਧੀਨ ਤੇ ਸ੍ਰੀਮਾਨ ਸੰਤ ਬਾਬਾ ਸ਼ਿੰਦਰ ਸਿੰਘ ਦੀ ਦੇਖ ਰੇਖ ਵਿਚ ਚੱਲ ਰਹੇ ਸ਼ਹੀਦ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਗੁਰਮਤਿ ਕਾਲਜ ਪਿੰਡ ਫਤਿਹਗੜ੍ਹ ਸਭਰਾ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਰੋਹ ਕਰਵਾਇਆ ਗਿਆ। ਵਿਦਿਆਰਥੀਆਂ ਵਲੋਂ ਸਮੂਹ ਅਧਿਆਪਕਾਂ ਦੇ ਹਾਲ ਵਿਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ। ਉਪਰੰਤ ਸਟੇਜ ਦਾ ਸੰਚਾਲਨ ਸੰਭਾਲਦਿਆਂ ਵਿਦਿਆਰਥੀਆਂ ਵਲੋਂ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਕੀਤੀਆਂ ਗਈਆਂ। ਅਰੰਭਤਾ ਸਮੇਂ ਵਿਦਿਆਰਥੀਆਂ ਵਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ। ਵਿਦਿਆਰਥੀਆਂ ਵਲੋਂ ਢਾਡੀ ਵਾਰਾਂ ਗਾਈਆਂ ਗਈਆਂ। ਇਸ ਸਮੇਂ ਵਿਦਿਆਰਥੀਆਂ ਦੇ ਲੇਖ ਮੁਕਾਬਲੇ, ਪੇਂਟਿੰਗ ਮੁਕਾਬਲੇ, ਸੁੰਦਰ ਲਿਖਾਈ ਮੁਕਾਬਲੇ ਅਤੇ ਕੁਵਿਜ ਮੁਕਾਬਲੇ ਕਰਵਾਏ ਗਏ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਕੌਮ ਦੇ ਉੱਘੇ ਵਿਦਵਾਨ ਗਿਆਨੀ ਸੁਖਨਿੰਦਰ ਸਿੰਘ ਭਾਸ਼ਣ ਦੇਣ ਵਾਸਤੇ ਪਹੁੰਚੇ। ਪ੍ਰੋਫੈਸਰ ਤਰਸੇਮ ਸਿੰਘ, ਪ੍ਰੋਫੈਸਰ ਬਚਿੱਤਰ ਸਿੰਘ, ਗਿਆਨੀ ਬਲਜੀਤ ਸਿੰਘ ਅਤੇ ਪ੍ਰੋਫੈਸਰ ਅਮਨਦੀਪ ਸਿੰਘ ਵਲੋਂ ਵਿਦਿਆਰਥੀਆਂ ਦੇ ਨਾਲ ਵਿਚਾਰ ਸਾਂਝੇ ਕੀਤੇ ਗਏ। ਇਨ੍ਹਾਂ ਗੁਰਮਤਿ ਮੁਕਾਬਲਿਆਂ ਵਿਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਸੀਰ ਸਿੰਘ ਨੇ ਦੁਨੀਆ ਦੇ ਕੁਝ ਉੱਚ ਕੋਟੀ ਦੇ ਅਧਿਆਪਕਾਂ ਦੀਆਂ ਉਦਾਹਰਨਾਂ ਦਿੰਦਿਆਂ ਵਿਦਿਆਰਥੀਆਂ ਨੂੰ ਸੰਸਾਰ ਵਿਚ ਅਧਿਆਪਕ ਦੇ ਅਸਲ ਸਥਾਨ ਤੋਂ ਜਾਣੂ ਕਰਵਾਇਆ।ਗੁਰਮਤਿ ਕਾਲਜ ਦੇ ਪ੍ਰਬੰਧਕ ਜਸ਼ਨਦੀਪ ਸਿੰਘ ਨੇ ਬੜੇ ਸਮੁੱਚੇ ਤਰੀਕੇ ਨਾਲ ਸਾਰਾ ਪ੍ਰਬੰਧ ਕੀਤਾ। ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ, (ਰਵਿੰਦਰ ਸਿੰਘ ਬਜਾਜ)-ਸੀ.ਆਈ.ਐੱਸ.ਸੀ.ਈ. ਬੋਰਡ ਅਧੀਨ ਚੱਲ ਰਹੇ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਦਾਰਾਪੁਰ ਵਿਖੇ ਅਧਿਆਪਕ ਦਿਵਸ ਬੜੇ ਹੀ ਉਤਸ਼ਾਹ, ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਅਤੇ ਸਕੂਲ ਦੀ ਪ੍ਰਧਾਨ ਸੁਖਮਿੰਦਰ ਕੌਰ ਸੋਢੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਭਾਰਤ ਦੇ ਮਹਾਨ ਸਿੱਖਿਆ ਸ਼ਾਸਤਰੀ, ਦਾਰਸ਼ਨਿਕ ਅਤੇ ਸਾਬਕਾ ਰਾਸ਼ਟਰਪਤੀ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਦਿਆਰਥੀਆਂ ਨੇ ਉਨ੍ਹਾਂ ਦੇ ਜੀਵਨ, ਵਿਚਾਰਾਂ ਅਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਅਮੁੱਲੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਨਿਮਰ ਸਤਿਕਾਰ ਭੇਟ ਕੀਤਾ। ਇਸ ਮੌਕੇ ਸਭ ਤੋਂ ਵਿਸ਼ੇਸ਼ ਗੱਲ ਇਹ ਰਹੀ ਕਿ ਜਮਾਤ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੇ ਇਕ ਦਿਨ ਲਈ ਅਧਿਆਪਕਾਂ ਦੀ ਭੂਮਿਕਾ ਨਿਭਾਈ। ਮੁੱਖ ਮਹਿਮਾਨ ਚੇਅਰਮੈਨ ਕਮਲਦੀਸ਼ਪਾਲ ਸਿੰਘ ਸੋਢੀ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦੇ ਸਤਿਕਾਰ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ, ਕੋਆਰਡੀਨੇਟਰ, ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। ਸਮਾਜ ਸੇਵੀ ਸੰਸਥਾ ਰੋਟਰੀ ਕਲੱਬ ਨੇ ਮਨਾਇਆ ਅਧਿਆਪਕ ਦਿਵਸ ਫ਼ਿਰੋਜ਼ਪੁਰ, (ਕੁਲਬੀਰ ਸਿੰਘ ਸੋਢੀ)-ਪੂਰੇ ਭਾਰਤ ਵਿਚ ਹਰ ਸਾਲ 5 ਸਤੰਬਰ ਨੂੰ ਮਹਾਨ ਭਾਰਤ ਰਤਨ ਡਾ.ਸਰਵਪੱਲੀ ਰਾਧਾ ਕ੍ਰਿਸ਼ਨਨ ਦੇ ਜਨਮ ਦਿਨ ਨੂੰ ਅਧਿਆਪਕ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸੇ ਲੜੀ ਦੇ ਚੱਲਦੇ ਕੌਮਾਂਤਰੀ ਪੱਧਰ ਦੀ ਸਮਾਜਸੇਵੀ ਸੰਸਥਾ ਰੋਟਰੀ ਕਲੱਬ ਫ਼ਿਰੋਜ਼ਪੁਰ ਸ਼ਹਿਰ ਵਲੋਂ ਅਧਿਆਪਕ ਦਿਵਸ ਸਥਾਨਕ ਸਾਈ ਪਬਲਿਕ ਸਕੂਲ ਵਿਖੇ ਮਨਾਇਆ ਗਿਆ, ਜਿੱਥੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਮਨੀਲਾ ਅਰੋੜਾ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਤੇ ਜ਼ਿਲ੍ਹਾ ਸਿੱਖਿਆ ਦਫਤਰ ਦੇ ਸੀਨੀਅਰ ਅਸਿਸਟੈਂਟ ਅਮਨ ਸ਼ਰਮਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਰੋਟਰੀ ਕਲੱਬ ਫ਼ਿਰੋਜ਼ਪੁਰ ਸ਼ਹਿਰ ਦੇ ਚੇਅਰਮੈਨ ਵਿਜੇ ਮੋਂਗਾ, ਪ੍ਰਧਾਨ ਵਿਜੇ ਧਵਨ, ਸੈਕਟਰੀ ਸੋਹਣ ਲਾਲ ਖੱਤਰੀ ਤੇ ਸਾਈ ਪਬਲਿਕ ਸਕੂਲ ਦੇ ਪ੍ਰਿੰਸੀਪਲ ਸੁਨੀਰ ਮੌਂਗਾ ਵਲੋਂ ਮੁਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਰੋਟਰੀ ਜ਼ਿਲ੍ਹਾ 3090 ਦੇ ਗਵਰਨਰ ਰੋਟੀਰੀਅਨ ਅਮਿਤ ਸਿੰਘਲਾ ਦੁਆਰਾ ਭੇਜੇ ਗਏ ਨੈਸ਼ਨਲ ਬਿਲਡਰ ਅਵਾਰਡ ਦੁਆਰਾ ਸਕੂਲ ਦੀਆਂ ਸਮੂਹ ਟੀਚਰਾਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਮਨੀਲਾ ਅਰੋੜਾ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰੋਟਰੀ ਕਲੱਬ ਫ਼ਿਰੋਜ਼ਪੁਰ ਸ਼ਹਿਰ ਦੇ ਕੈਸ਼ੀਅਰ ਪ੍ਰੇਮ ਧਵਨ ਤੋਂ ਇਲਾਵਾ ਸੁਰਿੰਦਰ ਨਾਰੰਗ, ਰਕੇਸ਼ ਮਨਚੰਦਾ, ਪ੍ਰਮੋਦ ਕਪੂਰ, ਅਸ਼ੋਕ ਪਸਰੀਚਾ, ਓਮ ਪ੍ਰਕਾਸ਼, ਨਿੱਕਾ ਵਲੋਂ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਗਈ।