ਵਿਧਾਨ ਸਭਾ ਚੋਣਾਂ ਲਈ ਪੰਜਾਬ ਅੰਦਰ ਜਲਦ ਹੀ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ- ਬਾਜਵਾ
ਅਹਿਮਦਗੜ੍ਹ, 25 ਨਵੰਬਰ (ਸੁਖਜੀਤ ਸਿੰਘ ਖੇੜਾ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲ ਪ੍ਰਧਾਨ ਵਿਕਾਸ ਟੰਡਨ ਦੇ ਘਰ ਸ਼ਹਿਰ ਅਤੇ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬਹੁਤ ਜਲਦ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਵਲੋਂ ਵੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।
ਅਹਿਮਦਗੜ੍ਹ, 25 ਨਵੰਬਰ (ਸੁਖਜੀਤ ਸਿੰਘ ਖੇੜਾ)-ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਹਿਮਦਗੜ੍ਹ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੌਂਸਲ ਪ੍ਰਧਾਨ ਵਿਕਾਸ ਟੰਡਨ ਦੇ ਘਰ ਸ਼ਹਿਰ ਅਤੇ ਇਲਾਕੇ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬਹੁਤ ਜਲਦ ਹੀ ਪੰਜਾਬ ਅੰਦਰ ਕਾਂਗਰਸ ਪਾਰਟੀ ਵਲੋਂ ਵੀ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਹਲਕਾ ਅਮਰਗੜ੍ਹ ਵਿਖੇ ਪੰਜ ਜਾਂ ਛੇ ਕਾਂਗਰਸੀ ਉਮੀਦਵਾਰ ਦੇ ਦਾਅਵੇਦਾਰਾਂ ਬਾਰੇ ਪੁੱਛਣ ’ਤੇ ਕਿਹਾ ਕਿ ਜਲਦ ਹੀ ਅਮਰਗੜ੍ਹ ਸਮੇਤ ਜਿੱਥੇ ਵੀ ਇਸ ਤਰ੍ਹਾਂ ਦੀ ਸਥਿਤੀ ਹੈ, ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਕਾਲੀ ਭਾਜਪਾ ਦੇ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਇਸ ਨਾਲ ਉਹਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਲੱਗਿਆ, ਸਗੋਂ ਦੋਵਾਂ ਦਾ ਨੁਕਸਾਨ ਹੀ ਹੋਵੇਗਾ। ਨਸ਼ਿਆਂ ਬਾਰੇ ਉਹਨਾਂ ਕਿਹਾ ਕਿ ਸਾਡੀ ਸਰਕਾਰ ਬਣਨ ’ਤੇ ਇਸ ਤਰ੍ਹਾਂ ਦਾ ਇੱਕ ਵਿਭਾਗ ਬਣਾਇਆ ਜਾਵੇਗਾ ਕਿ ਜਿਸ ’ਚ ਪੁਲਿਸ ਦੇ ਇਮਾਨਦਾਰ ਅਤੇ ਨਸ਼ਾ ਰਹਿਤ ਅਫ਼ਸਰ ਤਾਇਨਾਤ ਕੀਤੇ ਜਾਣਗੇ ਜੋ ਕਿ ਸਿਰਫ਼ ਨਸ਼ਾ ਵੇਚਣ ਵਾਲਿਆਂ ਅਤੇ ਨਸ਼ਾ ਤਸਕਰਾਂ ਨੂੰ ਸਬਕ ਸਿਖਾਉਣਗੇ। ਪੰਜਾਬ ਅੰਦਰ ਪ੍ਰਵਾਸੀ ਮਜ਼ਦੂਰਾਂ ਦੀ ਧੜਾ ਧੜ ਆਮਦ ਅਤੇ ਬਿਨਾਂ ਆਧਾਰ ਕਾਰਡ ’ਤੇ ਰਹਿਣ ਬਸੇਰਾ ਕਰਨ ਅਤੇ ਅਤੇ ਅਪਰਾਧੀ ਵਾਰਦਾਤਾਂ ਨੂੰ ਅੰਜਾਮ ਦੇਣ ਬਾਰੇ ਉਹਨਾਂ ਕਿਹਾ ਕਿ ਅਪਰਾਧੀ ਕਿਸਮ ਦੇ ਕਿਸੇ ਵੀ ਚਾਹੇ ਉਹ ਪ੍ਰਵਾਸੀ ਮਜ਼ਦੂਰ ਹੋਵੇ ਜਾਂ ਪੰਜਾਬ ਵਾਸੀ ਹੋਵੇ ਬਖ਼ਸ਼ਿਆ ਨਹੀਂ ਜਾਵੇਗਾ। ਪੱਤਰਕਾਰਾਂ ਦੇ ਜ਼ਿਆਦਾਤਰ ਸਵਾਲਾਂ ਦੇ ਜਵਾਬ ਦੇਣ ਸਬੰਧੀ ਜ਼ਿਆਦਾਤਰ ਪ੍ਰਤਾਪ ਸਿੰਘ ਬਾਜਵਾ ਖਿਝਦੇ ਹੋਏ ਨਜ਼ਰ ਆਏ। ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ ਦੀ ਟਿਕਟ ਬਾਰੇ ਉਹਨਾਂ ਹਾਂ ਪੱਖੀ ਹੁੰਗਾਰਾ ਦਿੰਦਿਆਂ ਕਿਹਾ ਕਿ ਇਸੇ ਕਰਕੇ ਤਾਂ ਉਹ ਉਹਨਾਂ ਦੇ ਸੱਦੇ ’ਤੇ ਇੱਥੇ ਆਏ ਹਨ। ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ ’ਤੇ ਹਲਕਾ ਅਮਰਗੜ੍ਹ ਦੇ ਸੀਨੀਅਰ ਕਾਂਗਰਸੀ ਆਗੂ ਕਮਲ ਧਾਲੀਵਾਲ, ਬਲਾਕ ਦਿਹਾਤੀ ਪ੍ਰਧਾਨ ਰੁਪਿੰਦਰ ਸਿੰਘ ਕੰਗਣਵਾਲ, ਸਾਬਕਾ ਚੇਅਰਮੈਨ ਹਰਜਿੰਦਰ ਸਿੰਘ ਕਾਕਾ, ਪਰਮਜੀਤ ਸਿੰਘ ਘਵੱਦੀ, ਗੁਰਵਿੰਦਰ ਸਿੰਘ ਗਰੇਵਾਲ, ਅਮਨ ਢੰਡ, ਪ੍ਰਿੰਸੀਪਲ ਅਮਨਦੀਪ ਸਿੰਘ ਓਪਿੰਦਰ ਸੋਫਤ, ਰਣਧੀਰ ਸਿੰਘ ਹੂੰਝਣ, ਜਗਦੇਵ ਸਿੰਘ ਹੂੰਝਣ ਆਦਿ ਤੋਂ ਇਲਾਵਾ ਅਹਿਮਦਗੜ੍ਹ ਅਤੇ ਹਲਕੇ ਦੇ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।