ਗ੍ਰਾਮ ਪੰਚਾਇਤ ਪੰਪ ਆਪ੍ਰੇਟਰਾਂ ਵਲੋਂ ਰੋਸ ਮਾਰਚ ਕਰਨ ਉਪਰੰਤ ਮੁੱਖ ਮੰਤਰੀ ਦੀ ਕੋਠੀ ਨੇੜੇ ਕੀਤਾ ਚੱਕਾ-ਜਾਮ
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)-ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪ੍ਰੇਟਰਜ਼ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਅੰਦਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਤੋਂ ਆਏ ਪੰਪ ਅਪਰੇਟਰਾਂ ਵਲੋਂ ਸ਼ਹਿਰ ਸੰਗਰੂਰ ਅੰਦਰ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ ਪਰ ਕੋਠੀ ਤੋਂ ਕੁਝ ਦੂਰੀ ਉੱਤੇ ਹੀ ਬੈਰੀਕੇਡਿੰਗ ਕਰ ਕੇ ਪੁਲਿਸ ਵਲੋਂ ਪੰਪ ਆਪ੍ਰੇਟਰਾਂ ਨੂੰ ਮੁੱਖ ਸੜਕ ਉੱਤੇ ਹੀ ਰੋਕ ਲਿਆ ਗਿਆ।
ਸੰਗਰੂਰ, 25 ਨਵੰਬਰ (ਦਮਨਜੀਤ ਸਿੰਘ)-ਗ੍ਰਾਮ ਪੰਚਾਇਤ ਜਲ ਸਪਲਾਈ ਪੰਪ ਆਪ੍ਰੇਟਰਜ਼ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਸੂਬਾ ਪ੍ਰਧਾਨ ਬੇਅੰਤ ਸਿੰਘ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਹੱਕ ਵਿਚ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਅੰਦਰ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਰ ਤੋਂ ਆਏ ਪੰਪ ਅਪਰੇਟਰਾਂ ਵਲੋਂ ਸ਼ਹਿਰ ਸੰਗਰੂਰ ਅੰਦਰ ਰੋਸ ਮਾਰਚ ਕਰਦਿਆਂ ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕੀਤਾ ਗਿਆ ਪਰ ਕੋਠੀ ਤੋਂ ਕੁਝ ਦੂਰੀ ਉੱਤੇ ਹੀ ਬੈਰੀਕੇਡਿੰਗ ਕਰ ਕੇ ਪੁਲਿਸ ਵਲੋਂ ਪੰਪ ਆਪ੍ਰੇਟਰਾਂ ਨੂੰ ਮੁੱਖ ਸੜਕ ਉੱਤੇ ਹੀ ਰੋਕ ਲਿਆ ਗਿਆ। ਪੁਲਿਸ ਵਲੋਂ ਰੋਕੇ ਜਾਣ ਦੇ ਰੋਸ ਵਜੋਂ ਪੰਪ ਅਪਰੇਟਰਾਂ ਨੇ ਮੁੱਖ ਮੰਤਰੀ ਦੀ ਕੋਠੀ ਤੋਂ ਕੁਝ ਕੁ ਦੂਰੀ ’ਤੇ ਸਥਿਤ ਸੋਹੀਆਂ ਖ਼ੁਰਦ ਦੇ ਚੁਰਸਤੇ ’ਤੇ ਧਰਨਾ ਪ੍ਰਦਰਸ਼ਨ ਸ਼ੁਰੂ ਕਰਦਿਆਂ ਸੜਕ ਨੂੰ ਜਾਮ ਕਰ ਦਿੱਤਾ ਗਿਆ, ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਰਾਹਗੀਰਾਂ ਵਿਚਾਲੇ ਸੜਕ ਜਾਮ ਨੂੰ ਲੈ ਕੇ ਸ਼ਬਦੀ ਤਕਰਾਰਬਾਜ਼ੀ ਵੀ ਹੋਈ, ਜਿਸ ਨੂੰ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਸੁਲਝਾ ਲਿਆ ਗਿਆ। ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਬੇਅੰਤ ਸਿੰਘ, ਸੂਬਾ ਮੀਤ ਪ੍ਰਧਾਨ ਅਵਤਾਰ ਸਿੰਘ, ਜਨਰਲ ਸਕੱਤਰ ਬੋਹੜ ਸਿੰਘ, ਖ਼ਜ਼ਾਨਚੀ ਹਰਪ੍ਰੀਤ ਸਿੰਘ, ਪ੍ਰੈੱਸ ਸਕੱਤਰ ਸਾਹਿਬ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ ਅਤੇ ਨਿਰਮਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਉਨ੍ਹਾਂ ਵਲੋਂ ਲੰਬੇ ਸਮੇਂ ਤੋਂ ਗ੍ਰਾਮ ਪੰਚਾਇਤੀ ਜਲ ਸਕੀਮਾਂ ਰਾਹੀਂ ਪੰਪ ਅਪਰੇਟਰਾਂ ਵਜੋਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਅਤੇ ਪੰਪ ਆਪ੍ਰੇਟਰਾਂ ਨੂੰ ਡੀ.ਸੀ. ਰੇਟ ਤਹਿਤ ਘੱਟੋ-ਘੱਟ ਉਜਰਤ ਦੇ ਘੇਰੇ ਵਿਚ ਲਿਆ ਕੇ ਉਨ੍ਹਾਂ ਦੀਆਂ ਤਨਖ਼ਾਹਾਂ ਫਿਕਸ ਕੀਤੀਆਂ ਜਾਣ ਅਤੇ ਹਟਾਏ ਗਏ ਪੰਪ ਅਪਰੇਟਰਾਂ ਨੂੰ ਮੁੜ ਬਹਾਲ ਕੀਤੇ ਜਾਣ ਦੀਆਂ ਮੰਗਾਂ ਨੂੰ ਲੈ ਕੇ ਐਸੋਸੀਏਸ਼ਨ ਵਲੋਂ ਕਈ ਵਾਰ ਪੰਜਾਬ ਸਰਕਾਰ ਦੀ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਹਾਲੇ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵਲੋਂ ਹੁਣ ਵੀ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ ਪੱਕਾ ਮੋਰਚਾ ਲਗਾਉਣ ਦੇ ਨਾਲ-ਨਾਲ ਪੰਜਾਬ ਅੰਦਰ ਸਰਕਾਰ ਖ਼ਿਲਾਫ਼ ਕੋਈ ਵੱਡਾ ਸੰਘਰਸ਼ ਵਿੱਢਣ ਤੋਂ ਪਿੱਛੇ ਨਹੀਂ ਹੱਟਣਗੇ।