ਮਾਰਕੀਟ ਕਮੇਟੀ ਬਰਨਾਲਾ ਵਲੋਂ ਰਾਤ ਸਮੇਂ ਸੁਰੱਖਿਆ ਦੇ ਨਾਕਸ ਪ੍ਰਬੰਧਾਂ ਦੀ ਖੁੱਲ੍ਹੀ ਪੋਲ
ਅਨਾਜ ਮੰਡੀ ’ਚੋਂ ਚੋਰਾਂ ਨੇ ਆੜ੍ਹਤੀਆਂ ਦੀਆਂ ਪੱਖਿਆਂ ਵਾਲੀਆਂ ਤਾਰਾਂ ਕੀਤੀਆਂ ਚੋਰੀ
ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕੀਤੇ ਗਏ ਨਾਕਸ ਪ੍ਰਬੰਧਾਂ ਨੂੰ ਲੈ ਕੇ ਪਹਿਲਾਂ ਹੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਪਰ ਹੁਣ ਮੁੱਖ ਅਨਾਜ ਮੰਡੀ ਬਰਨਾਲਾ ਵਿਚ ਚੋਰੀ ਦੀ ਵਾਪਰੀ ਘਟਨਾ ਨੇ ਮੰਡੀ ਵਿਚ ਕਿਸਾਨਾਂ ਦੀਆਂ ਫ਼ਸਲਾਂ ਅਤੇ ਆੜ੍ਹਤੀਆਂ ਦੇ ਸਾਮਾਨ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬੀਤੀ ਰਾਤ ਚੋਰਾਂ ਵਲੋਂ ਮੰਡੀ ਵਿਚੋਂ ਕਰੀਬ 10 ਆੜ੍ਹਤੀਆਂ ਦੇ ਝੋਨੇ ਨੂੰ ਸੁਕਾਉਣ ਵਾਲੇ ਪੱਖਿਆਂ ਨਾਲ ਲੱਗੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ।
ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਮਾਰਕੀਟ ਕਮੇਟੀ ਬਰਨਾਲਾ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਕੀਤੇ ਗਏ ਨਾਕਸ ਪ੍ਰਬੰਧਾਂ ਨੂੰ ਲੈ ਕੇ ਪਹਿਲਾਂ ਹੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ, ਪਰ ਹੁਣ ਮੁੱਖ ਅਨਾਜ ਮੰਡੀ ਬਰਨਾਲਾ ਵਿਚ ਚੋਰੀ ਦੀ ਵਾਪਰੀ ਘਟਨਾ ਨੇ ਮੰਡੀ ਵਿਚ ਕਿਸਾਨਾਂ ਦੀਆਂ ਫ਼ਸਲਾਂ ਅਤੇ ਆੜ੍ਹਤੀਆਂ ਦੇ ਸਾਮਾਨ ਦੀ ਸੁਰੱਖਿਆ ਲਈ ਕੀਤੇ ਗਏ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਬੀਤੀ ਰਾਤ ਚੋਰਾਂ ਵਲੋਂ ਮੰਡੀ ਵਿਚੋਂ ਕਰੀਬ 10 ਆੜ੍ਹਤੀਆਂ ਦੇ ਝੋਨੇ ਨੂੰ ਸੁਕਾਉਣ ਵਾਲੇ ਪੱਖਿਆਂ ਨਾਲ ਲੱਗੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ। ਇਸ ਘਟਨਾ ਕਾਰਨ ਜਿੱਥੇ ਸਬੰਧਿਤ ਆੜ੍ਹਤੀਆਂ ਦਾ ਆਰਥਿਕ ਨੁਕਸਾਨ ਹੋਇਆ ਹੈ, ਉੱਥੇ ਹੀ ਮੰਡੀ ਦੀ ਰਾਤ ਸਮੇਂ ਸੁਰੱਖਿਆ ਵਿਵਸਥਾ ਨੂੰ ਲੈ ਕੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਇਸ ਸਬੰਧੀ ਆੜ੍ਹਤੀਆ ਐਸੋਸੀਏਸ਼ਨ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਅਤੇ ਸੀਨੀਅਰ ਆਗੂ ਸੁਖਦਰਸ਼ਨ ਗਰਗ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਵਲੋਂ ਮੁੱਖ ਅਨਾਜ ਮੰਡੀ ਵਿਚ ਕਰੀਬ 10 ਆੜ੍ਹਤੀਆਂ ਦੇ ਝੋਨੇ ਨੂੰ ਸੁਕਾਉਣ ਵਾਲੇ ਪੱਖਿਆਂ ਨਾਲ ਲੱਗੀਆਂ ਲਗਭਗ 300-300 ਫੁੱਟ ਲੰਬੀਆਂ ਤਾਰਾਂ ਚੋਰੀ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਵਲੋਂ ਆਪਣੀ ਫ਼ਸਲ ਦੀ ਸੰਭਾਲ ਅਤੇ ਸੁਕਾਈ ਲਈ ਪੱਖਿਆਂ ਸਮੇਤ ਹੋਰ ਸਾਮਾਨ ਦਾ ਪ੍ਰਬੰਧ ਕੀਤਾ ਜਾਂਦਾ ਹੈ, ਪਰ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਕੰਮਕਾਜ ਵਿਚ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮਾਰਕੀਟ ਕਮੇਟੀ ਦੇ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀਆਂ ਵਿਚ ਰਾਤ ਸਮੇਂ ਚੌਕੀਦਾਰਾਂ ਦਾ ਢੁਕਵਾਂ ਪ੍ਰਬੰਧ ਕਰਨਾ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ, ਪਰ ਬਰਨਾਲਾ ਦੀ ਮੁੱਖ ਅਨਾਜ ਮੰਡੀ ਵਿਚ ਚੌਕੀਦਾਰਾਂ ਦੀ ਲੋੜੀਂਦੀ ਗਿਣਤੀ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਮੰਗ ਕੀਤੀ ਕਿ ਝੋਨੇ ਦੇ ਸੀਜ਼ਨ ਦੌਰਾਨ ਅਨਾਜ ਮੰਡੀ ਅਤੇ ਹੋਰ ਖਰੀਦ ਕੇਂਦਰਾਂ ਵਿਚ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸਾਰੀਆਂ ਅਨਾਜ ਮੰਡੀਆਂ ਅਤੇ ਖਰੀਦ ਕੇਂਦਰਾਂ ਵਿਚ ਰਾਤ ਸਮੇਂ ਚੌਕੀਦਾਰਾਂ ਦੀ ਲੋੜ ਅਨੁਸਾਰ ਪੂਰੀ ਤਾਇਨਾਤੀ ਯਕੀਨੀ ਬਣਾਈ ਜਾਵੇ। ਇਸ ਸਬੰਧੀ ਜਦੋਂ ਜ਼ਿਲ੍ਹਾ ਮੰਡੀ ਅਫ਼ਸਰ ਸ: ਬੀਰਇੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ਦੀ ਅਨਾਜ ਮੰਡੀ ਕਾਫ਼ੀ ਵੱਡੇ ਖੇਤਰ ਵਿਚ ਫੈਲੀ ਹੋਈ ਹੈ ਅਤੇ ਇੱਥੇ ਚੌਕੀਦਾਰਾਂ ਦੀ ਗਿਣਤੀ ਲੋੜ ਦੇ ਮੁਕਾਬਲੇ ਘੱਟ ਹੈ। ਉਨ੍ਹਾਂ ਕਿਹਾ ਕਿ ਉਹ ਚੋਰੀ ਦੀ ਇਸ ਘਟਨਾ ਸਬੰਧੀ ਪੂਰੀ ਜਾਣਕਾਰੀ ਹਾਸਲ ਕਰਨਗੇ ਅਤੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਤੌਰ ’ਤੇ ਭੇਜਣਗੇ।