ਨਗਰ ਕੌਂਸਲ ਦਫ਼ਤਰ ਅੱਗੇ ਸਫ਼ਾਈ ਸੇਵਕਾਂ ਵਲੋਂ ਜ਼ੋਰਦਾਰ ਰੋਸ ਪ੍ਰਦਰਸ਼ਨ
ਲਹਿਰਾਗਾਗਾ, 28 ਸਤੰਬਰ (ਅਸ਼ੋਕ ਗਰਗ)- ਸਫ਼ਾਈ ਸੇਵਕ ਯੂਨੀਅਨ ਲਹਿਰਾਗਾਗਾ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਅਤੇ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਦੀ ਵਿਸ਼ੇਸ਼ ਹਾਊਸ ਮੀਟਿੰਗ ਦੌਰਾਨ ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ਵਲੋਂ ਕਥਿਤ ਤੌਰ ’ਤੇ ਸਰਕਾਰੀ ਰਜਿਸਟਰ ਖੋਹ ਕੇ ਮੀਟਿੰਗ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਲਹਿਰਾਗਾਗਾ, 28 ਸਤੰਬਰ (ਅਸ਼ੋਕ ਗਰਗ)- ਸਫ਼ਾਈ ਸੇਵਕ ਯੂਨੀਅਨ ਲਹਿਰਾਗਾਗਾ ਵਲੋਂ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਦੇ ਮੁੱਖ ਗੇਟ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਯੂਨੀਅਨ ਆਗੂਆਂ ਅਤੇ ਸਫ਼ਾਈ ਸੇਵਕਾਂ ਨੇ ਨਗਰ ਕੌਂਸਲ ਦੀ ਵਿਸ਼ੇਸ਼ ਹਾਊਸ ਮੀਟਿੰਗ ਦੌਰਾਨ ਵਾਰਡ ਨੰਬਰ 14 ਦੀ ਕੌਂਸਲਰ ਬਲਵਿੰਦਰ ਕੌਰ ਵਲੋਂ ਕਥਿਤ ਤੌਰ ’ਤੇ ਸਰਕਾਰੀ ਰਜਿਸਟਰ ਖੋਹ ਕੇ ਮੀਟਿੰਗ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਯੂਨੀਅਨ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਕੰਟਰੈਕਟ ਪ੍ਰਣਾਲੀ ਅਧੀਨ ਲਿਆਉਣ ਲਈ ਇਹ ਵਿਸ਼ੇਸ਼ ਹਾਊਸ ਮੀਟਿੰਗ ਬੁਲਾਈ ਗਈ ਸੀ। ਉਨ੍ਹਾਂ ਦੱਸਿਆ ਕਿ 45 ਮੁਲਾਜ਼ਮਾਂ ਸਬੰਧੀ ਮਤਾ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਸੀ, ਜਦਕਿ ਇਹ ਮੀਟਿੰਗ ਬਾਕੀ ਰਹਿੰਦੇ ਆਊਟਸੋਰਸ ਮੁਲਾਜ਼ਮਾਂ ਦੇ ਮਾਮਲੇ ’ਤੇ ਵਿਚਾਰ ਕਰਨ ਲਈ ਸੱਦੀ ਗਈ ਸੀ ਅਤੇ ਇਸ ਵਿੱਚ ਕੋਈ ਹੋਰ ਏਜੰਡਾ ਸ਼ਾਮਿਲ ਨਹੀਂ ਸੀ।ਉਨ੍ਹਾਂ ਦੋਸ਼ ਲਾਇਆ ਕਿ ਮੀਟਿੰਗ ਦੌਰਾਨ ਕੌਂਸਲਰ ਬਲਵਿੰਦਰ ਕੌਰ ਨੇ ਕਲਰਕ ਕੋਲੋਂ ਹਾਜ਼ਰੀ ਸਬੰਧੀ ਸਰਕਾਰੀ ਰਜਿਸਟਰ ਜ਼ਬਰਦਸਤੀ ਖੋਹ ਲਿਆ, ਜਿਸ ਕਾਰਨ ਮੀਟਿੰਗ ਦੀ ਕਾਰਵਾਈ ਮੁਕੰਮਲ ਨਾ ਹੋ ਸਕੀ। ਸੁਖਵਿੰਦਰ ਸਿੰਘ ਨੇ ਕਿਹਾ, “ਸਫ਼ਾਈ ਸੇਵਕਾਂ ਦਾ ਇਸ ਮਾਮਲੇ ਵਿੱਚ ਕੀ ਕਸੂਰ ਹੈ? ਸਾਡੇ ਨਾਲ ਅਜਿਹੀਆਂ ਬਜ਼ੁਰਗ ਮਾਤਾਵਾਂ ਅਤੇ ਭੈਣਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੂੰ ਸਫ਼ਾਈ ਸੇਵਾ ਨਿਭਾਉਂ ਦਿਆਂ 26–27 ਸਾਲ ਬੀਤ ਚੁੱਕੇ ਹਨ। ਇਸ ਦੇ ਬਾਵਜੂਦ ਉਹ ਅੱਜ ਵੀ ਕੱਚੇ ਮੁਲਾਜ਼ਮਾਂ ਵਜੋਂ ਮਹਿਜ਼ 10 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ’ਤੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਨ ਲਈ ਮਜਬੂਰ ਹਨ। ਸਾਲਾਂ ਦੇ ਸੰਘਰਸ਼ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਕੰਟਰੈਕਟ ’ਤੇ ਲਿਆਉਣ ਸਬੰਧੀ ਫ਼ੈਸਲਾ ਹੋਣਾ ਸੀ, ਤਾਂ ਮੀਟਿੰਗ ਵਿੱਚ ਵਿਘਨ ਪਾ ਕੇ ਉਨ੍ਹਾਂ ਦੇ ਹੱਕਾਂ ਅਤੇ ਭਵਿੱਖ ਨਾਲ ਖਿਲਵਾੜ ਕੀਤਾ ਗਿਆ।” ਉਨਾਂ ਕਿਹਾ ਕਿ ਜੇਕਰ ਸਬੰਧਤ ਕੌਂਸਲਰ ਨੂੰ ਕਿਸੇ ਮਾਮਲੇ ਸਬੰਧੀ ਇਤਰਾਜ਼ ਜਾਂ ਸ਼ੰਕਾ ਸੀ, ਤਾਂ ਉਹ ਹਾਊਸ ਦੀ ਮੀਟਿੰਗ ਦੌਰਾਨ ਕਾਰਜ ਸਾਧਕ ਅਫ਼ਸਰ ਜਾਂ ਨਗਰ ਕੌਂਸਲ ਪ੍ਰਧਾਨ ਅੱਗੇ ਆਪਣਾ ਪੱਖ ਰੱਖ ਸਕਦੀ ਸੀ। ਸਫ਼ਾਈ ਸੇਵਕ ਯੂਨੀਅਨ ਨੇ ਪ੍ਰਸ਼ਾਸਨ ਅਤੇ ਪੁਲਿਸ ਵਲੋਂ ਸਰਕਾਰੀ ਰਿਕਾਰਡ ਖੋਹਣ ਦੇ ਮਾਮਲੇ ਵਿੱਚ ਕੀਤੀ ਗਈ ਕਾਨੂੰਨੀ ਕਾਰਵਾਈ ਦਾ ਸਮਰਥਨ ਕਰਦਿਆਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਦੇ ਵਿਸ਼ੇਸ਼ ਹਾਊਸ ਮੀਟਿੰਗ ਮੁੜ ਬੁਲਾਈ ਜਾਵੇ ਅਤੇ ਬਾਕੀ ਰਹਿੰਦੇ ਆਊਟਸੋਰਸ ਸਫ਼ਾਈ ਸੇਵਕਾਂ ਨੂੰ ਕੰਟਰੈਕਟ ’ਤੇ ਲਿਆਉਣ ਦੀ ਪ੍ਰਕਿਰਿਆ ਤੁਰੰਤ ਮੁਕੰਮਲ ਕੀ ਤੀ ਜਾਵੇ।