ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ’ਚ ਮੀਂਹ ਬਣਿਆ ਮੁਸੀਬਤ, ਸੰਗਰੂਰ -ਦਿੱਲੀ ਮੁੱਖ ਮਾਰਗ ’ਤੇ ਗੋਡੇ-ਗੋਡੇ ਪਾਣੀ ਨੇ ਬਣਾਏ ਹੜ੍ਹ ਵਰਗੇ ਹਾਲਾਤ
ਖਨੌਰੀ, 21 ਅਗਸਤ (ਬਲਵਿੰਦਰ ਸਿੰਘ ਥਿੰਦ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਅਤੇ ਮਸ਼ਹੂਰ ਟਰੱਕ ਮਾਰਕੀਟਾਂ ਵਿੱਚ ਸ਼ੁਮਾਰ ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ਇਨ੍ਹੀਂ ਦਿਨੀਂ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਥੋੜ੍ਹਾ ਜਿਹਾ ਮੀਂਹ ਪੈਂਦੇ ਹੀ ਮਾਰਕੀਟ ਦੇ ਕਈ ਹਿੱਸਿਆਂ ਵਿੱਚ ਗੋਡੇ-ਗੋਡੇ ਤੱਕ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਇੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ।
ਖਨੌਰੀ, 21 ਅਗਸਤ (ਬਲਵਿੰਦਰ ਸਿੰਘ ਥਿੰਦ)- ਉੱਤਰੀ ਭਾਰਤ ਦੀਆਂ ਪ੍ਰਮੁੱਖ ਅਤੇ ਮਸ਼ਹੂਰ ਟਰੱਕ ਮਾਰਕੀਟਾਂ ਵਿੱਚ ਸ਼ੁਮਾਰ ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ਇਨ੍ਹੀਂ ਦਿਨੀਂ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੀ ਹੈ। ਥੋੜ੍ਹਾ ਜਿਹਾ ਮੀਂਹ ਪੈਂਦੇ ਹੀ ਮਾਰਕੀਟ ਦੇ ਕਈ ਹਿੱਸਿਆਂ ਵਿੱਚ ਗੋਡੇ-ਗੋਡੇ ਤੱਕ ਪਾਣੀ ਖੜ੍ਹਾ ਹੋ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਇੱਥੇ ਹੜ੍ਹ ਵਰਗੇ ਹਾਲਾਤ ਬਣ ਜਾਂਦੇ ਹਨ। ਇਸ ਕਾਰਨ ਦੁਕਾਨਦਾਰਾਂ, ਟਰੱਕ ਚਾਲਕਾਂ, ਮਕੈਨਿਕਾਂ ਅਤੇ ਰੋਜ਼ਾਨਾ ਕੰਮ-ਕਾਜ ਲਈ ਆਉਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਰੱਕ ਮਾਰਕੀਟ ਵਿੱਚ ਸਭ ਤੋਂ ਵੱਧ ਗੰਭੀਰ ਸਥਿਤੀ ਪੁਰਾਣੇ ਤਾਜ ਕੰਪਲੈਕਸ ਅਤੇ ਤਾਜ ਕੰਪਲੈਕਸ ਦੇ ਸਾਹਮਣੇ ਸੰਗਰੂਰ-ਦਿੱਲੀ ਮੁੱਖ ਮਾਰਗ ‘ਤੇ ਬਣਦੀ ਹੈ। ਇੱਥੇ ਹਲਕੀ ਜਿਹੀ ਬਰਸਾਤ ਤੋਂ ਬਾਅਦ ਵੀ ਸੜਕ ‘ਤੇ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਮੀਂਹ ਕੁਝ ਸਮੇਂ ਲਈ ਤੇਜ਼ ਹੋ ਜਾਵੇ ਤਾਂ ਪਾਣੀ ਦਾ ਪੱਧਰ ਇੰਨਾ ਵੱਧ ਜਾਂਦਾ ਹੈ ਕਿ ਆਵਾਜਾਈ ਪ੍ਰਭਾਵਿਤ ਹੋਣ ਦੇ ਨਾਲ-ਨਾਲ ਮਾਰਕੀਟ ਦਾ ਖਨੌਰੀ ਸ਼ਹਿਰ ਨਾਲ ਸੰਪਰਕ ਵੀ ਕਈ ਵਾਰ ਟੁੱਟਣ ਵਰਗੀ ਸਥਿਤੀ ਪੈਦਾ ਹੋ ਜਾਂਦੀ ਹੈ। ਕਈ-ਕਈ ਦਿਨ ਨਹੀਂ ਨਿਕਲਦਾ ਪਾਣੀ ਟਰੱਕ ਮਾਰਕੀਟ ਦੇ ਦੁਕਾਨਦਾਰ ਗੁਰਦੀਪ ਸਿੰਘ ਬਹਿਣੀਵਾਲ ਅਨੁਸਾਰ ਇੱਥੇ ਸਮੱਸਿਆ ਸਿਰਫ਼ ਮੀਂਹ ਪੈਣ ਤੱਕ ਹੀ ਸੀਮਤ ਨਹੀਂ ਰਹਿੰਦੀ, ਸਗੋਂ ਮੀਂਹ ਰੁਕਣ ਤੋਂ ਬਾਅਦ ਵੀ ਕਈ-ਕਈ ਦਿਨ ਤੱਕ ਪਾਣੀ ਸੜਕਾਂ ਅਤੇ ਗਲੀਆਂ ਵਿੱਚ ਖੜ੍ਹਾ ਰਹਿੰਦਾ ਹੈ। ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਬਹੁਤ ਹੌਲੀ ਹੁੰਦੀ ਹੈ ਅਤੇ ਆਖ਼ਰਕਾਰ ਇਹ ਪਾਣੀ ਆਪਣੇ ਆਪ ਸੁੱਕ ਕੇ ਹੀ ਖ਼ਤਮ ਹੁੰਦਾ ਹੈ। ਪਾਣੀ ਖੜ੍ਹਾ ਰਹਿਣ ਕਾਰਨ ਜਿੱਥੇ ਮਾਰਕੀਟ ਵਿੱਚ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤ ਹੁੰਦੀ ਹੈ, ਉੱਥੇ ਦੁਕਾਨਦਾਰਾਂ ਦੇ ਕਾਰੋਬਾਰ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਟਰੱਕਾਂ ਦੀ ਮੁਰੰਮਤ, ਸਰਵਿਸ ਅਤੇ ਹੋਰ ਕਾਰੋਬਾਰੀ ਕੰਮਾਂ ਲਈ ਆਉਣ ਵਾਲੇ ਵਾਹਨਾਂ ਨੂੰ ਪਾਣੀ ਵਿੱਚੋਂ ਲੰਘਣਾ ਪੈਂਦਾ ਹੈ। ਕਈ ਥਾਵਾਂ ‘ਤੇ ਸੜਕ ਦੀ ਹਾਲਤ ਵੀ ਖ਼ਰਾਬ ਹੋਣ ਕਾਰਨ ਪਾਣੀ ਨਾਲ ਭਰੇ ਟੋਇਆਂ ਦਾ ਪਤਾ ਨਾ ਲੱਗਣ ਕਰਕੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਸਨੇ ਆਪਣੇ ਪੱਲਿਉਂ 30 ਹਜ਼ਾਰ ਰੁਪਏ ਖਰਚ ਕੇ ਐਨ ਐਚ ਆਈ ਏ ਦੇ ਸੀਵਰੇਜ ਤੋਂ ਪਾਈਪ ਲਾਈਨ ਪਾ ਕੇ ਇੱਥੇ ਮੁੱਖ ਮਾਰਗ ਤੇ ਖੜ੍ਹਨ ਵਾਲੇ ਬਰਸਾਤੀ ਪਾਣੀ ਨੂੰ ਕੱਢਣ ਦੇ ਲਈ ਉਪਰਾਲਾ ਕੀਤਾ ਗਿਆ ਸੀ ਲੇਕਿਨ ਇਸਦੇ ਬਾਵਜੂਦ ਵੀ ਇਹ ਸਮੱਸਿਆ ਜਿਓਂ ਦੀ ਤਿਓਂ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਸਬੰਧ ਵਿੱਚ ਅਨੇਕਾਂ ਵਾਰ ਉੱਚ ਅਧਿਕਾਰੀਆਂ ਕੋਲ ਫਰਿਆਦ ਕਰ ਚੁੱਕੇ ਹਨ ਲੇਕਿਨ ਉਨ੍ਹਾਂ ਦੀ ਕਦੀਂ ਵੀ ਸੁਣਵਾਈ ਨਹੀਂ ਹੋਈ। ਹਰ ਸਾਲ ਬਣਦੀ ਹੈ ਸਮੱਸਿਆ, ਪਰ ਹੱਲ ਨਹੀਂ ਹੋਇਆ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਮਹਾਂਵੀਰ ਪ੍ਰਸ਼ਾਦ ਢੇਲੇ ਦਾ ਕਹਿਣਾ ਹੈ ਕਿ ਇਹ ਕੋਈ ਨਵੀਂ ਸਮੱਸਿਆ ਨਹੀਂ ਹੈ। ਪਿਛਲੇ ਕਈ ਸਾਲਾਂ ਤੋਂ ਹਰ ਬਰਸਾਤੀ ਮੌਸਮ ਦੌਰਾਨ ਵਿਸ਼ਵਕਰਮਾ ਟਰੱਕ ਮਾਰਕੀਟ ਅਤੇ ਖ਼ਾਸ ਕਰਕੇ ਤਾਜ ਕੰਪਲੈਕਸ ਦੇ ਆਸ-ਪਾਸ ਇਹੋ ਜਿਹੇ ਹਾਲਾਤ ਬਣਦੇ ਆ ਰਹੇ ਹਨ। ਹਰ ਸਾਲ ਮੀਂਹ ਪੈਣ ‘ਤੇ ਪਾਣੀ ਦੀ ਨਿਕਾਸੀ ਦਾ ਮੁੱਦਾ ਉੱਭਰਦਾ ਹੈ, ਪਰ ਇਸ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਦੁਕਾਨਦਾਰਾਂ ਨੇ ਕਿਹਾ ਕਿ ਇੱਕ ਪਾਸੇ ਖਨੌਰੀ ਸ਼ਹਿਰ ਦੇ ਵਿਕਾਸ ਅਤੇ ਸੁਵਿਧਾਵਾਂ ਦੀ ਗੱਲ ਕੀਤੀ ਜਾਂਦੀ ਹੈ, ਪਰ ਦੂਜੇ ਪਾਸੇ ਉੱਤਰੀ ਭਾਰਤ ਦੀ ਮਸ਼ਹੂਰ ਟਰੱਕ ਮਾਰਕੀਟ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣਾ ਚਿੰਤਾ ਦਾ ਵਿਸ਼ਾ ਹੈ। ਮੁੱਖ ਮਾਰਗ ’ਤੇ ਪਾਣੀ ਭਰਨ ਕਾਰਨ ਆਵਾਜਾਈ ਪ੍ਰਭਾਵਿਤ ਸੰਗਰੂਰ-ਦਿੱਲੀ ਮੁੱਖ ਮਾਰਗ ‘ਤੇ ਬਰਸਾਤ ਦੌਰਾਨ ਪਾਣੀ ਭਰਨ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਜਾਂਦੀ ਹੈ। ਇਸ ਮਾਰਗ ਤੋਂ ਰੋਜ਼ਾਨਾ ਵੱਡੀ ਗਿਣਤੀ ਵਿੱਚ ਛੋਟੇ-ਵੱਡੇ ਵਾਹਨ ਲੰਘਦੇ ਹਨ। ਪਾਣੀ ਖੜ੍ਹਾ ਹੋਣ ਕਾਰਨ ਵਾਹਨ ਚਾਲਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਲੰਬੇ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹਿੰਦੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਤਾਂ ਸਮੱਸਿਆ ਨੂੰ ਵੱਡਾ ਰੂਪ ਧਾਰਨ ਕਰਨ ਤੋਂ ਰੋਕਿਆ ਜਾ ਸਕਦਾ ਹੈ। ਇਸ ਲਈ ਨਗਰ ਪੰਚਾਇਤ ਅਤੇ ਸਬੰਧਤ ਪ੍ਰਸ਼ਾਸਨ ਨੂੰ ਮਾਰਕੀਟ ਦਾ ਮੌਕਾ ਮੁਆਇਨਾ ਕਰਕੇ ਪਾਣੀ ਦੀ ਨਿਕਾਸੀ ਲਈ ਸਥਾਈ ਹੱਲ ਕੱਢਣ ਦੀ ਲੋੜ ਹੈ। ਪਾਣੀ ਦਾ ਪ੍ਰਬੰਧ ਨਹੀਂ ਤਾਂ ਬਰਸਾਤਾਂ ’ਚ ਕਿਸ਼ਤੀਆਂ ਹੀ ਦੇ ਦਿਓ ਟਰੱਕ ਮਾਰਕੀਟ ਦੇ ਦੁਕਾਨਦਾਰਾਂ ਨੇ ਨਗਰ ਪੰਚਾਇਤ ਪ੍ਰਸ਼ਾਸਨ ‘ਤੇ ਤਨਜ਼ ਕਰਦਿਆਂ ਕਿਹਾ ਕਿ ਜੇਕਰ ਬਰਸਾਤਾਂ ਦੇ ਦਿਨਾਂ ਵਿੱਚ ਖੜ੍ਹੇ ਹੋਣ ਵਾਲੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਉਨ੍ਹਾਂ ਨੂੰ ਬਰਸਾਤੀ ਮੌਸਮ ਦੌਰਾਨ ਕਿਸ਼ਤੀਆਂ ਹੀ ਮੁਹੱਈਆ ਕਰਵਾ ਦਿੱਤੀਆਂ ਜਾਣ, ਤਾਂ ਜੋ ਉਹ ਪਾਣੀ ਵਿੱਚੋਂ ਲੰਘ ਕੇ ਆਪਣੇ ਕੰਮ-ਧੰਦੇ ਤੱਕ ਪਹੁੰਚ ਸਕਣ। ਦੁਕਾਨਦਾਰਾਂ ਨੇ ਨਗਰ ਪੰਚਾਇਤ ਪ੍ਰਸ਼ਾਸਨ ਅਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ਵਕਰਮਾ ਟਰੱਕ ਮਾਰਕੀਟ, ਪੁਰਾਣੇ ਤਾਜ ਕੰਪਲੈਕਸ ਅਤੇ ਸੰਗਰੂਰ-ਦਿੱਲੀ ਮੁੱਖ ਮਾਰਗ ‘ਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਥਾਈ ਅਤੇ ਵਿਗਿਆਨਕ ਪ੍ਰਬੰਧ ਕੀਤਾ ਜਾਵੇ, ਤਾਂ ਜੋ ਹਰ ਸਾਲ ਬਰਸਾਤਾਂ ਦੌਰਾਨ ਪੈਦਾ ਹੋਣ ਵਾਲੇ ਹੜ੍ਹ ਵਰਗੇ ਹਾਲਾਤਾਂ ਤੋਂ ਲੋਕਾਂ ਅਤੇ ਕਾਰੋਬਾਰੀਆਂ ਨੂੰ ਰਾਹਤ ਮਿਲ ਸਕੇ।