22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ ਪੰਜਾਬ ਬੰਦ ਨੂੰ ਮਿਲਿਆ ਭਰਵਾਂ ਹੁੰਗਾਰਾ

ਸੰਗਰੂਰ, 21 ਅਗਸਤ (ਅਮਨਦੀਪ ਸਿੰਘ ਬਿੱਟਾ)–ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸੰਗਰੂਰ ਵਿੱਚ ਵੱਡੇ ਪੱਧਰ ਉੱਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸਵੇਰੇ 7 ਵਜੇ ਤੋਂ ਦੁਪਿਹਰ 2 ਵਜੇਂ ਤੱਕ ਦਿੱਤੇ ਬੰਦ ਦੇ ਸੱਦੇ ਦੇ ਅੰਤਰਗਤ ਵਪਾਰਕ ਅਦਾਰੇ, ਨਿੱਜੀ ਸਕੂਲ, ਦੁਕਾਨਾਂ ਤਕਰੀਬਨ ਬੰਦ ਰਹੀਆ।

Ad Position 21
No active advertisement
ਅਜੀਤ ਡੈਸਕ 22-08-2026
ਸੰਗਰੂਰ, 21 ਅਗਸਤ (ਅਮਨਦੀਪ ਸਿੰਘ ਬਿੱਟਾ)–ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸੰਗਰੂਰ ਵਿੱਚ ਵੱਡੇ ਪੱਧਰ ਉੱਤੇ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸਵੇਰੇ 7 ਵਜੇ ਤੋਂ ਦੁਪਿਹਰ 2 ਵਜੇਂ ਤੱਕ ਦਿੱਤੇ ਬੰਦ ਦੇ ਸੱਦੇ ਦੇ ਅੰਤਰਗਤ ਵਪਾਰਕ ਅਦਾਰੇ, ਨਿੱਜੀ ਸਕੂਲ, ਦੁਕਾਨਾਂ ਤਕਰੀਬਨ ਬੰਦ ਰਹੀਆ। ਦਵਾਈਆਂ ਦੀ ਦੁਕਾਨਾਂ, ਹਸਪਤਾਲ, ਪੈਟਰੋਲ ਪੰਪ ਆਦਿ ਨੂੰ ਛੱਡ ਕੇ ਹੋਰ ਅਦਾਰੇ ਬੰਦ ਦੇਖੇ ਗਏ। ਬੰਦ ਨੂੰ ਸਫਲ ਬਨਾਉਣ ਲਈ ਵਪਾਰ ਮੰਡਲ ਸੰਗਰੂਰ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਅਤੇ ਅਮਰਜੀਤ ਸਿੰਘ ਟੀਟੂ ਨੇ ਦੁਕਾਨਦਾਰਾਂ ਨੂੰ ਅਗਾਊਂ ਅਪੀਲ ਕਰਦਿਆਂ ਦੁਕਾਨਾਂ, ਅਦਾਰੇ ਬੰਦ ਕਰਨ ਲਈ ਕਿਹਾ ਗਿਆ ਸੀ। ਸ੍ਰੋਮਣੀ ਅਕਾਲੀ (ਅੰਮ੍ਰਿਤਸਰ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਆਪਣੇ ਦੋ ਦਰਜਨ ਤੋਂ ਵਧੇਰੇ ਸਮਰਥਕਾਂ ਨਾਲ ਬਜ਼ਾਰਾਂ ਦਾ ਦੌਰਾ ਕਰ ਰਹੇ ਸਨ ਅਤੇ ਇੱਕਾ ਦੁੱਕਾ ਦੁਕਾਨਾਂ ਖੋਲੀ ਬੈਠੇ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕਰਨ ਲਈ ਅਪੀਲ ਕੀਤੀ। ਸੰਗਰੂਰ–ਜੀਦ ਮਾਰਗ ਉੱਤੇ ਸਥਿਤ ਮਹਿੰਦਰਾ ਕਾਰ ਏਜੰਸੀ ਅਤੇ ਇਸ ਸੜਕ ਉੱਤੇ ਖੁੱਲੇ ਕਈ ਢਾਬਿਆਂ, ਹੋਟਲਾਂ ਵਾਲਿਆਂ ਤੋਂ ਇਲਾਵਾ ਮੈਕਸ ਆਟੋ ਧੂਰੀ ਰੋਡ ਸੰਗਰੂਰ ਦੇ ਸ਼ੋ ਰੂਮ ਨੂੰ ਵੀ ਜਥੇਬੰਦੀਆਂ ਦੇ ਆਗੂਆਂ ਨੇ ਅਪੀਲ ਕਰ ਕੇ ਬੰਦ ਕਰਵਾਇਆ। ਜਥੇਦਾਰ ਗੁਰਨੈਬ ਸਿੰਘ ਰਾਮਪੁਰਾ ਨੇ ਕਿਹਾ ਕਿ ਬੰਦੀ ਸਿੰਘ ਜੋ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਦੀ ਰਿਹਾਈ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਅਤੇ ਪੰਜਾਬ ਸਰਕਾਰ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ। ਰਾਮਪੁਰਾ ਨੇ ਕਿਹਾ ਕਿ ਇਸ ਮੁਲਕ ਵਿੱਚ ਸਿੱਖਾਂ ਲਈ ਕੋਈ ਕਾਨੂੰਨ ਜਾ ਇਨਸਾਫ ਨਹੀਂ ਹੈ। ਸਾਡੇ ਬੰਦੀ ਸਿੰਘ ਸਜ਼ਾਵਾਂ ਮਿੱਥੇ ਸਮੇਂ ਤੋਂ ਵੀ ਵੱਧ ਸਮਾਂ ਹੰਢ੍ਹਾ ਕੇ ਪੂਰੀਆਂ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਰਿਹਾਈ ਤਾਂ ਦੂਰ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ ਹੈ। ਇੱਕ ਵਿਵਾਦਗ੍ਰਸਤ ਡੇਰਾ ਮੁਖੀ ਦਾ ਸਿੱਧਾ ਨਾਮ ਲੈਦਿਆਂ ਰਾਮਪੁਰਾ ਨੇ ਕਿਹਾ ਕਿ ਇਹ ਵਿਅਕਤੀ ਜੋ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਤਹਿਤ ਸਜ਼ਾ ਭੁਗਤ ਰਿਹਾ ਹੈ ਦੀ ਸਜ਼ਾ ਨੂੰ ਪੈਰੋਲ ਵਿੱਚ ਹੀ ਪੂਰਾ ਕੀਤਾ ਜਾ ਰਿਹਾ ਹੈ। ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ ਨੇ ਕਿਹਾ ਕਿ ਬੰਦੀ ਸਿੰਘਾਂ ਦਾ ਮਾਮਲਾ ਮਾਨਵਤਾ ਅਤੇ ਇਨਸਾਫ ਨਾਲ ਜੁੜਿਆਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਹਰ ਦੁਕਾਨਦਾਰ ਭਾਵੇ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਵੇ ਨਾਲ ਜੁੜੇ ਹੋਏ ਹਨ। ਭਾਈਚਾਰਕ ਏਕੇ ਦਾ ਸਬੂਤ ਦਿੰਦਿਆਂ ਅੱਜ ਸੰਗਰੂਰ ਦੇ ਸਮੂਹ ਬਾਜ਼ਾਰ ਬੰਦ ਰੱਖ ਗਏ ਹਨ ਜੋ ਸਾਡੀ ਆਪਸੀ ਸਾਂਝ ਦੀ ਤਰਜਮਾਨੀ ਕਰਦੇ ਹਨ। ਇਸ ਮੌਕੇ ਜਥੇਦਾਰ ਗੁਰਨਾਮ ਸਿੰਘ ਭਿੰਡਰ, ਜਥੇਦਾਰ ਚਰਨਜੀਤ ਸਿੰਘ ਗੱਗੜਪੁਰ, ਨਾਜਰ ਸਿੰਘ ਬਲਵਾੜ ਖੁਰਦ ਵੀ ਮੌਜੂਦ ਸਨ। ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਨੇ ਬੰਦ ਦੀ ਸਫਲਤਾ ਲਈ ਕੀਤਾ ਵਿਸ਼ੇਸ਼ ਉੱਦਮ ਸੰਗਰੂਰ, ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਚਮਨਦੀਪ ਸਿੰਘ ਮਿਲਖੀ ਵੀ ਤੜਕਸਾਰ ਤੋਂ ਸਰਗਰਮ ਦਿਖਾਈ ਦਿੱਤੇ। ਉਨ੍ਹਾਂ ਕਈ ਵਪਾਰਕ ਅਦਾਰਿਆਂ ਨੂੰ ਅਪੀਲ ਕਰਦਿਆਂ ਬੰਦ ਕਰਵਾਇਆ। ਮਿਲਖੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਿਸੇ ਇੱਕ ਵਿਅਕਤੀ ਜਾਂ ਸੰਸਥਾ ਦਾ ਮਸਲਾ ਨਹੀਂ ਬਲਕਿ ਇਹ ਨਿਆ, ਮਨੁੱਖੀ ਅਧਿਕਾਰਾਂ ਅਤੇ ਕਾਨੂੰਨ ਦੇ ਬਰਾਬਰ ਲਾਗੂ ਹੋਣ ਨਾਲ ਜੁੜਿਆਂ ਹੋਇਆ। ਜੋ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਉਨ੍ਹਾਂ ਦੀ ਰਿਹਾਈ ਲਈ ਸਰਕਾਰ ਨੂੰ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦਾ ਹੈ। ਅੱਜ ਦੇ ਬੰਦ ਨੂੰ ਮਿਲੇ ਹੁੰਗਾਰੇ ਉੱਪਰ ਆਪਣਾ ਪ੍ਰਤੀਕ੍ਰਮ ਦਿੰਦਿਆਂ ਉਨ੍ਹਾਂ ਕਿਹਾ ਕਿ ਸਮਾਜ ਦਾ ਵਪਾਰੀ ਵਰਗ ਵੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਇਨਸਾਫ ਦੀ ਮੰਗ ਨਾਲ ਖੜਿਆਂ ਹੈ। ਇਸ ਮੌਕੇ ਵਾਰਿਸ ਪੰਜਾਬ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਕਾਹਨਗੜ੍ਹ, ਯੂਥ ਵਿੰਗ ਦੇ ਪ੍ਰਧਾਨ ਐਡਵੋਕੇਟ ਗੁਰਕੀਰਤ ਸਿੰਘ ਲਖਮੀਰਵਾਲ, ਹਰਮਨਦੀਪ ਸਿੰਘ ਡਿੱਕੀ ਜੇਜੀ, ਕੁਲਵਿੰਦਰ ਸਿੰਘ ਧੂਰੀ, ਲਖਵੀਰ ਸਿੰਘ ਢੀਂਡਸਾ, ਕਰਮ ਸਿੰਘ ਫੌਜੀ, ਹਰਪਾਲ ਕੌਰ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਗੁਰਸੇਵਕ ਸਿੰਘ, ਜੱਗੀ ਕਰਤਾਰਪੁਰਾ, ਮੁਨੀਸ਼ ਆਦਿ ਹਾਜ਼ਰ ਸਨ। ਬੰਦ ਦੌਰਾਨ ਵੱਡੇ ਪੱਧਰ ਉੱਤੇ ਬੱਸ ਸੇਵਾ ਵੀ ਹੋਈ ਪ੍ਰਭਾਵਿਤ ਸੰਗਰੂਰ, ਸੰਗਰੂਰ ਬੱਸ ਸਟੈਂਡ ਦੇ ਇੰਚਾਰਜ ਗੁਰਤੇਗ ਸਿੰਘ ਨੇ ਦੱਸਿਆ ਕਿ ਤੜਕਸਾਰ ਦਿੱਲੀ ਨੂੰ ਜਾਣ ਵਾਲੀਆਂ ਦੋ ਬੱਸਾਂ ਤੋਂ ਇਲਾਵਾ ਹੋਰ ਕਿਸੇ ਵੀ ਸੂਬੇ ਨੂ ਬੱਸ ਸੇਵਾ ਸੰਗਰੂਰ ਤੋਂ ਨਹੀਂ ਗਈ। ਉਨ੍ਹਾਂ ਦੱਸਿਆ ਕਿ ਤਕਰੀਬਨ 140 ਬੱਸਾਂ ਜੋ ਸੰਗਰੂਰ ਡਿਪੂ ਨਾਲ ਸਬੰਧ ਹਨ ਵਿੱਚੋਂ ਕੇਵਲ 40 ਤੋਂ 50 ਬੱਸਾਂ ਲੋਕਲ ਜਾ ਗੁਆਢੀ ਜ਼ਿਲ੍ਹਿਆ ਨੂੰ ਗਈਆ ਹਨ। ਇਹੀ ਗੱਲ ਪ੍ਰਾਈਵੇਟ ਬੱਸ ਸਰਵਿਸ ਦਾ ਵੀ ਦੇਖਣ ਨੂੰ ਮਿਲਿਆ ਜਿਨ੍ਹਾਂ ਵਿੱਚੋਂ ਜਿਆਦਾਤਰ ਬੱਸਾਂ 2 ਵਜੇ ਤੱਕ ਅੱਡੇ ਵਿੱਚ ਹੀ ਖੜੀਆਂ ਦੇਖੀਆਂ ਗਈਆਂ ਹਨ। ਪ੍ਰਿੰਸ ਨੇ ਦੁਕਾਨਦਾਰਾਂ ਅਤੇ ਵਪਾਰੀਆਂ ਦਾ ਕੀਤਾ ਧੰਨਵਾਦ ਸੰਗਰੂਰ, ਵਪਾਰ ਮੰਡਲ ਦੇ ਦੂਜੇ ਧੜੇ ਦੀ ਪ੍ਰਤੀਨਿਧਤਾ ਕਰਦੇ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਵਪਾਰੀ ਭਰਾਵਾਂ, ਦੁਕਾਨਦਾਰਾਂ ਨੂੰ ਬੰਦ ਦਾ ਸਮਰਥਨ ਕਰਨ ਦੀ ਅਪੀਲ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ। ਅੱਜ ਸਭਨਾ ਵਪਾਰੀਆਂ ਦੇ ਸਹਿਯੋਗ ਨਾਲ ਸੰਗਰੂਰ ਮੁਕੰਮਲ ਬੰਦ ਰਿਹਾ ਜਿਸ ਦੇ ਉਹ ਤਹਿ ਦਿਲੋਂ ਅਭਾਰੀ ਹਨ। ਉਨ੍ਹਾਂ ਕਿਹਾ ਕਿ ਸਭਨਾਂ ਦਾ ਸਹਿਯੋਗ ਅਤੇ ਸਾਂਝ ਹੀ ਸਾਡੇ ਏਕੇ ਦੀ ਪ੍ਰਤਖ ਮਿਸਾਲ ਹੈ ਜਿਸ ਨੇ ਬੰਦ ਨੂੰ ਸਫਲ ਬਨਾਇਆ। ਅਹਿਮਦਗੜ੍ਹ, (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਅਹਿਮਦਗੜ੍ਹ ਸ਼ਹਿਰ ਵਿੱਚ ਬੰਦ ਨੂੰ ਵੱਡਾ ਹੁੰਗਾਰਾ ਮਿਲਿਆ ਸ਼ਹਿਰ ਮੁਕੰਮਲ ਤੌਰ ਤੇ ਬੰਦ ਰਿਹਾ। ਬੰਦ ਦੇ ਸੱਦੇ ਤੇ ਅਹਿਮਦਗੜ੍ਹ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਅਤੇ ਹੋਰ ਵਪਾਰਕ ਅਦਾਰੇ, ਪ੍ਰਾਈਵੇਟ ਸਕੂਲ, ਨਿੱਜੀ ਟੀਚਿੰਗ ਸੈਂਟਰ, ਬੱਸਾਂ, ਪਿੰਡਾਂ ਨੂੰ ਆਉਣ ਜਾਣ ਵਾਲੇ ਟੈਪੂ ਅਤੇ ਹੋਰ ਆਵਾਜਾਈ ਦੇ ਸਾਧਨ ਬੰਦ ਹੋਣ ਕਾਰਨ ਬਾਜ਼ਾਰਾਂ ਵਿੱਚ ਪੂਰੀ ਤਰ੍ਹਾਂ ਸੁਨਸਾਨ ਰਹੇ। ਬੰਦ ਦਾ ਸਮਰਥਨ ਕਰ ਰਹੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੰਦ ਦਾ ਸਮਰਥਨ ਕਰਦਿਆਂ ਹੋਇਆ ਕਿਹਾ ਬੰਦੀ ਸਿੰਘਾਂ ਦੀ ਰਿਹਾਈ ਕਰਨ ਦੀ ਮੰਗ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਜਥੇਬੰਦੀਆਂ ਵੱਲੋਂ ਵੱਖ-ਵੱਖ ਮਾਰਗਾਂ ਤੇ ਰੋਕਾਂ ਲਗਾ ਕੇ ਰੋਡ ਪੂਰਨ ਤੌਰ ਤੇ ਬੰਦ ਕੀਤੇ ਗਏ ਅਤੇ ਐਮਰਜੈਂਸੀ ਸੇਵਾਵਾਂ ਲਈ ਕੋਈ ਰੋਕ ਟੋਕ ਨਹੀਂ ਰੱਖੀ ਗਈ ਉਹ ਆਮ ਵਾਂਗ ਜਾਰੀ ਰਹੀਆਂ ਅਤੇ ਬੰਦ ਪੂਰਨ ਅਮਨ ਅਮਾਨ ਨਾਲ ਸਿਰੇ ਚੜਿਆ। ਜਿਗਰਯੋਗ ਹੈ ਕਿ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਡੀ ਐਸ ਪੀ ਮਲਰਕੋਟਲਾ ਵੀ ਅਗਵਾਈ ਵਿੱਚ ਪੂਰੀ ਚੌਕਸੀ ਰੱਖਦੇ ਹੋਏ ਗਸ਼ਤ ਜਾਰੀ ਰੱਖੀ ਤਾਂ ਕਿ ਕੋਈ ਗਲਤ ਅਨਸਰ ਵਲੋ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸਿਸ ਨਾ ਕੀਤੀ ਜਾ ਸਕੇ। ਸ਼ੇਰਪੁਰ, (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ) - ਪਿਛਲੇ ਲੰਮੇ ਅਰਸੇ ਤੋਂ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਸਬਾ ਸ਼ੇਰਪੁਰ ਵਿਖੇ ਵਿਸ਼ਾਲ ਰੋਸਮਈ ਧਰਨਾ ਲਗਾਇਆ ਗਿਆ। ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਸੱਦੇ ਤੇ ਪਹਿਰਾ ਦਿੰਦਿਆਂ ਸ਼ੇਰਪੁਰ ਦੇ ਬਜ਼ਾਰਾਂ ਵਿੱਚ ਮੁਕੰਮਲ ਤੌਰ ਤੇ ਸੌ ਫ਼ੀਸਦੀ ਬੰਦ ਰਿਹਾ। ਵਪਾਰ ਮੰਡਲ ਸ਼ੇਰਪੁਰ ਦੇ ਪ੍ਰਧਾਨ ਮਨਦੀਪ ਸਿੰਘ ਖੀਪਲ ਨੇ ਸਮੂਹ ਦੁਕਾਨਦਾਰਾਂ ਵਲੋਂ ਦਿਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਧਰਨਾ ਕੜਕਦੀ ਧੁੱਪ ਵਿਚ ਸੜਕ ’ਤੇ ਬੈਠ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਹੋਇਆ। ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਇਤਿਹਾਸ ਖ਼ੂਨੀ ਵਰਕਿਆਂ ਤੇ ਅੰਕਿਤ ਹੈ। ਭਾਰਤ ਦੀ ਹਕੂਮਤ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਸਾਡੇ ਨਾਲ ਗੁਲਾਮਾਂ ਵਾਲਾ ਸਲੂਕ ਕਰਦਿਆਂ ਹੀ ਅਣਖੀ ਪ੍ਰਵਾਨਿਆਂ ਨੂੰ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲ੍ਹ ਦੀਆਂ ਕਾਲ ਕੋਠੜੀਆਂ ਅੰਦਰ ਬੰਦ ਰੱਖਿਆ ਹੋਇਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਜਰਨੈਲ ਸਿੰਘ ਖੇੜੀ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ,ਭਾਈ ਸੁਖਦੇਵ ਸਿੰਘ ਖੇੜੀ, ਭਾਈ ਹਰਜੀਤ ਸਿੰਘ ਖੇੜੀ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਲਾਡੀ ਖੇੜੀ, ਅਵਤਾਰ ਸਿੰਘ ਭਗਵਾਨਪੁਰਾ, ਰਣਜੀਤ ਸਿੰਘ ਟਿੱਬਾ, ਜੀਤ ਸਿੰਘ, ਬਾਰਾ ਸਿੰਘ ਖੇੜੀ ਆਦਿ ਆਗੂ ਮੌਜੂਦ ਸਨ। ਲਹਿਰਾਗਾਗਾ, (ਅਸ਼ੋਕ ਗਰਗ) - ਕੌਮੀ ਇਨਸਾਫ਼ ਮੋਰਚੇ ਵੱਲੋਂ ਪੰਜਾਬ ਬੰਦ ਦੇ ਦਿੱਤੇ ਸੱਦੇ ਦੇ ਮੱਦੇਨਜ਼ਰ ਅੱਜ ਲਹਿਰਾਗਾਗਾ ਸ਼ਹਿਰ ਮੁਕੰਮਲ ਤੌਰ ’ਤੇ ਬੰਦ ਰਿਹਾ। ਬੰਦ ਦੌਰਾਨ ਬਾਜ਼ਾਰਾਂ ਵਿੱਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹਿਣ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ। ਇਸ ਦੌਰਾਨ ਸਰਕਾਰੀ ਬੱਸ ਸੇਵਾ ਆਮ ਦਿਨਾਂ ਵਾਂਗ ਜਾਰੀ ਰਹੀ, ਜਦਕਿ ਪ੍ਰਾਈਵੇਟ ਬੱਸ ਸੇਵਾ ਪੂਰੀ ਤਰ੍ਹਾਂ ਬੰਦ ਰਹੀ। ਇਸ ਤੋਂ ਇਲਾਵਾ ਗੈਰ-ਸਰਕਾਰੀ ਸਿੱਖਿਆ ਸੰਸਥਾਵਾਂ ਵੀ ਬੰਦ ਰਹੀਆਂ।ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ( ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਥੇਦਾਰ ਪਰਗਟ ਸਿੰਘ ਗਾਗਾ ਦੀ ਅਗਵਾਈ ਹੇਠ ਰੋਸ ਮਾਰਚ ਕੱਢਿਆ ਗਿਆ। ਮਾਰਚ ਵਿੱਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।ਬੰਦ ਦੇ ਮੱਦੇਨਜ਼ਰ ਸ਼ਹਿਰ ਵਿੱਚ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ।ਇਸ ਮੌਕੇ ਗੁਰੀ ਚਹਿਲ, ਗੁਰਤੇਜ ਸਿੰਘ ਗਾਗਾ, ਗੁਰਜੀਤ ਸਿੰਘ ਲਦਾਲ, ਅਮਰੀਕ ਸਿੰਘ ਗਾਗਾ, ਭਾਈ ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ ਖਾਲਸਾ, ਰਣਜੀਤ ਸਿੰਘ ਲਹਿਰਾ, ਦਰਸ਼ਨ ਸਿੰਘ, ਦਰਸ਼ਨ ਸਿੰਘ ਲਹਿਲ ਖੁਰਦ, ਗੁਰਮੇਲ ਸਿੰਘ ਕਣਕਵਾਲ ਭੰਗੂਆ, ਜਗਸੀਰ ਸਿੰਘ ਗਾਗਾ, ਗੁਰਵਿੰਦਰ ਸਿੰਘ ਚੋਟੀਆਂ, ਬਲਜਿੰਦਰ ਸਿੰਘ, ਬਲਜਿੰਦਰ ਸਿੰਘ ਚੋਟੀਆਂ, ਬਲਵਿੰਦਰ ਸਿੰਘ ਲਹਿਰਾ, ਕੁਲਦੀਪ ਸਿੰਘ ਲਹਿਰਾ, ਗੁਰਜੰਟ ਸਿੰਘ ਖਾਲਸਾ ਲਹਿਰਾ, ਸੁਰਿੰਦਰ ਸਿੰਘ ਗਾਗਾ, ਸੋਹਣ ਸਿੰਘ ਸੰਗਤਪੁਰਾ, ਜਰਨੈਲ ਸਿੰਘ ਸੰਗਤਪੁਰਾ ਮੌਜੂਦ ਸਨ। ਧੂਰੀ, (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ) - ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਧੂਰੀ ਸ਼ਹਿਰ ਵਿੱਚ ਮੁਕੰਮਲ ਹੁੰਗਾਰਾ ਮਿਲਿਆ। ਬੰਦ ਦੌਰਾਨ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਾਂ ਅਤੇ ਵਪਾਰਕ ਅਦਾਰੇ ਮੁਕੰਮਲ ਤੌਰ ‘ਤੇ ਬੰਦ ਰਹੇ । ਇਹ ਰੋਸ ਪ੍ਰਦਰਸ਼ਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਅਤੇ ਚੰਡੀਗੜ੍ਹ ਧਰਨੇ ਦੌਰਾਨ ਅੰਦੋਲਨਕਾਰੀਆਂ ਤੇ ਦਰਜ ਕੀਤੇ ਗਏ ਮੁਕੱਦਮਿਆਂ ਨੂੰ ਰੱਦ ਕਰਵਾਉਣ ਦੀ ਮੁੱਖ ਮੰਗ ਨੂੰ ਲੈ ਕੇ ਕੀਤਾ ਗਿਆ ਸੀ। ਇਸ ਰੋਸ ਅੰਦੋਲਨ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਨੇਤਾ ਨਰਿੰਦਰ ਸਿੰਘ ਕਾਲਾਬੂਲਾ, ਹਰਬੰਸ ਸਿੰਘ ਜੈਨਪੁਰ, ਅਮਰਜੀਤ ਸਿੰਘ ਬਾਦਸਾਹਪੁਰ, ਕੌਮੀ ਇਨਸਾਫ਼ ਮੋਰਚੇ ਦੇ ਆਗੂ ਸਰਬਜੀਤ ਸਿੰਘ ਅਲਾਲ, , ਸਰਬਜੀਤ ਸਿੰਘ ਕੱਕੜਵਾਲ, ਜਸਵੀਰ ਸਿੰਘ ਅਤੇ ਸਾਧੂ ਸਿੰਘ ਪੇਧਨੀ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ। ਆਗੂਆਂ ਨੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚ ਇੱਕ ਰੋਸ ਮਾਰਚ ਕੱਢਿਆ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ । ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਰਣਨੀਤਕ ਤੌਰ ‘ਤੇ ਅਹਿਮ ਕੱਕੜਵਾਲ ਪੁਲ ‘ਤੇ ਧਰਨਾ ਲਾ ਕੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਮੋਰਚੇ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਅਤੇ ਦਰਜ ਪਰਚੇ ਰੱਦ ਕਰਨ ਵਰਗੀਆਂ ਹੱਕੀ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਓਦੋਂ ਤੱਕ ਇਹ ਸ਼ਾਂਤਮਈ ਸੰਘਰਸ਼ ਨਿਰੰਤਰ ਜਾਰੀ ਰਹੇਗਾ। ਸ਼ਹਿਰ ਦੇ ਨਿਵਾਸੀਆਂ ਅਤੇ ਵਪਾਰੀ ਵਰਗ ਨੇ ਵੀ ਬੰਦ ਨੂੰ ਸਮਰਥਨ ਦੇ ਕੇ ਇਨਸਾਫ਼ ਦੀ ਇਸ ਮੁਹਿੰਮ ਵਿੱਚ ਆਪਣੀ ਭਾਗੀਦਾਰੀ ਦਰਜ ਕਰਵਾਈ। ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਿੱਤੇ ਬੰਦ ਦੇ ਸੱਦੇ ਦੌਰਾਨ ਸਥਾਨਕ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ, ਵਾਰਿਸ ਪੰਜਾਬ ਅਤੇ ਹੋਰ ਪਾਰਟੀਆਂ ਦੇ ਆਗੂਆਂ ਨੇ ਚੰਡੀਗੜ੍ਹ-ਬਠਿੰਡਾ ਮੁੱਖ ਸੜਕ ਜਾਮ ਕਰਦਿਆਂ ਕਰੀਬ 5 ਘੰਟੇ ਸੜਕ ’ਤੇ ਬੈਠ ਕੇ ਗੁਰਬਾਣੀ ਦਾ ਪਾਠ ਕੀਤਾ। ਇਸ ਮੌਕੇ ’ਤੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਸੁਖਵਿੰਦਰ ਸਿੰਘ ਬਲਿਆਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਬਲਿਆਲ, ਜ਼ਿਲ੍ਹਾ ਜਥੇਬੰਧਕ ਸਕੱਤਰ ਨਰਿੰਦਰ ਸਿੰਘ ਰਾਜਪੁਰਾ ਤੋਂ ਇਲਾਵਾ ਹੋਰ ਆਗੂਆਂ ਨੇ ਕਿਹਾ ਕਿ 3 ਦਹਾਕਿਆਂ ਤੋਂ ਜੇਲਾਂ ਵਿਚ ਬੰਦ ਸਿੰਘਾਂ ਨੂੰ ਰਿਹਾਈ ਨਾ ਦੇਣਾ ਅਤੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਬੰਦੀ ਸਿੰਘਾਂ ਦੇ ਕੇਸ ’ਚ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਕਾਰਨ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੇ ਮਾਤਾ ਗੰਭੀਰ ਹਾਲਤ ਵਿਚ ਬਿਮਾਰ ਹਨ, ਨੂੰ ਪੈਰੋਲ ਨਾ ਦੇਣਾ ਸਿੱਖਾਂ ਨਾਲ ਧੱਕਾ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਕਰਾਉਣ ਲਈ ਇਹ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ’ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜ਼ਿਲ੍ਹਾ ਜਥੇਦਾਰ ਦਲਜੀਤ ਸਿੰਘ ਅਕਾਲੀ, ਵਾਰਿਸ ਪੰਜਾਬ ਦੇ ਦੇ ਆਗੂ ਹਾਕਮ ਸਿੰਘ ਘਰਾਚੋਂ, ਜਗਸੀਰ ਸਿਘ, ਹਰਵਿੰਦਰ ਸਿੰਘ ਗੱਗੀ, ਕਰਮਜੀਤ ਸਿੰਘ ਕਪਿਆਲ, ਸੁਖਵੀਰ ਸਿੰਘ ਸੁੱਖੀ ਆਲੋਅਰਖ਼, ਗੁਰਦਰਸ਼ਨ ਸਿੰਘ ਬਾਵਾ, ਬਲਵਿੰਦਰ ਸਿੰਘ, ਕਮਲਜੀਤ ਸਿੰਘ ਬਲਿਆਲ, ਬਾਬਾ ਚਮਕੌਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਮਾਨ ਦਲ, ਸਾਬਕਾ ਕੌਂਸਲਰ ਗੁਵਿੰਦਰ ਸਿੰਘ ਸੱਗੂ, ਬਲਵਿੰਦਰ ਸਿੰਘ ਸੱਗੂ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਡਾ. ਬਲਜਿੰਦਰ ਸਿੰਘ ਸੰਘਰੇੜੀ ਤੋਂ ਇਲਾਵਾ ਹੋਰ ਆਗੂ ਹਾਜ਼ਰ ਸਨ । ਦਿੜ੍ਹਬਾ ਮੰਡੀ, (ਜਸਵੀਰ ਸਿੰਘ ਔਜਲਾ) - ਕੌਮੀ ਇਨਸਾਫ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਅੱਜ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਦੇ ਤਹਿਤ ਦਿੜ੍ਹਬਾ ਨੂੰ ਭਰਵਾਂ ਹੁੰਗਾਰਾ ਮਿਲਿਆ ।ਕਿਉਂਕਿ ਸਵੇਰੇ ਦੇ ਸਮੇਂ ਜਿੱਥੇ ਕੁਝ ਦੁਕਾਨਦਾਰਾਂ ਨੇ ਦੁਕਾਨਾਂ ਖੋਲੀਆਂ ਹੋਈਆਂ ਸਨ ਅਤੇ ਬਾਅਦ ਵਿੱਚ ਦੁਕਾਨਦਾਰਾਂ ਵੱਲੋਂ ਦੁਕਾਨਾਂ ਮੁਕੰਮਲ ਤੌਰ ਤੇ ਬੰਦ ਕੀਤੀਆਂ ਗਈਆਂ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ,ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਸ਼੍ਰੋਮਣੀ ਅਕਾਲੀ ਅੰਮ੍ਰਿਤਸਰ ਦੇ ਆਗੂ ਪਹੁੰਚ ਕੇ ਬੱਸ ਸਟੈਂਡ ਕੋਲ ਪੁਲ ਦੇ ਹੇਠਾਂ ਬੈਠ ਕੇ ਸ਼ਾਂਤਮਈ ਧਰਨਾ ਦੇ ਕੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰੀਆਂ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ । ਹਿੰਦੂ ਸਮਾਜ ਭਾਈਚਾਰੇ ਵੱਲੋਂ ਆਪਣੇ ਕਾਰੋਬਾਰਾਂ ਨੂੰ ਬੰਦ ਕਰਕੇ ਸਿੱਖ ਭਾਈਚਾਰੇ ਦਾ ਸਾਥ ਦਿੱਤਾ ਤੇ ਸਿੱਖ ਸੰਗਤਾਂ ਵੱਲੋਂ ਹਿੰਦੂ ਭਾਈਚਾਰੇ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ’ਤੇ ਜਥੇਦਾਰ ਹਰਦੇਵ ਸਿੰਘ ਰੋਗਲਾ, ਜਥੇਦਾਰ ਬਰਮਾ ਸਿੰਘ ਜਨਾਲ, ਜਥੇਦਾਰ ਕਸਮੀਰ ਸਿੰਘ ਰੋੜੇਵਾਲ, ਜਥੇਦਾਰ ਸੁਰਜੀਤ ਸਿੰਘ, ਜਥੇਦਾਰ ਰਣਧੀਰ ਸਿੰਘ ਸੰਮੂਰਾ , ਜਥੇਦਾਰ ਗੁਰਮੇਲ ਸਿੰਘ, ਮਲਕੀ ਸ੍ਰ ਭੁਪਿੰਦਰ ਸਿੰਘ ਘੁਮਾਣ, ਸ੍ਰ ਸੁਖਪਾਲ ਸਿੰਘ ਗੁੱਜਰਾ, ਸ੍ਰ. ਹਰਦੇਵ ਸਿੰਘ ਗੁੱਜਰਾ, ਜਸਪਾਲ ਸਿੰਘ ਪਾਲਾ ,ਗੋਰਾ ਪ੍ਰਧਾਨ ਕੌਹਰੀਆ, ਭੀਮ ਸਿੰਘ ਕੜਿਆਲ, ਇੰਦਰਜੀਤ ਸਿੰਘ ਵਿੱਕੀ ਧੀਮਾਨ, ਹਰਦੀਪ ਘੁਮਾਣ ਭਗਵਾਨ ਸਿੰਘ ਢੰਡੋਲੀ ,ਮੱਖਣ ਅਲੀਸਾਨ, ਪ੍ਰਿਥੀ ਸਿੰਘ, ਮਾਸਟਰ ਘੂਕਾ ਜੀ, ਮਹੁੰਮਦ ਅਸਲਮ , ਮਨਪ੍ਰੀਤ ਸਿੰਘ ਸੁਖਵਿੰਦਰ ਸਿੰਘ ,ਜਗਤਾਰ ਸਿੰਘ, ਗੁਰਜੰਟ ਸਿੰਘ, ਜੋਗਾ ਸਿੰਘ ਕੜਿਆਲ ,ਸਤਨਾਮ ਚੌਧਰੀ ,ਬਾਬਾ ਜਗਤਾਰ ਸਿੰਘ, ਬਾਬਾ ਲਾਲ ਸਿੰਘ ਤੇ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਸਿੱਖ ਸੰਗਤਾਂ ਮੌਜੂਦ ਸਨ । ਅਮਰਗੜ੍ਹ, (ਜਤਿੰਦਰ ਮੰਨਵੀ) - ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਦਾ ਅਸਰ ਅਮਰਗੜ੍ਹ ਇਲਾਕੇ ‘ਚ ਵੀ ਸਾਫ਼ ਦੇਖਣ ਨੂੰ ਮਿਲਿਆ। ਸ਼ਹਿਰ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਪੂਰਨ ਤੌਰ ’ਤੇ ਬੰਦ ਰੱਖ ਕੇ ਇਸ ਸੱਦੇ ਨੂੰ ਭਰਵਾਂ ਸਮਰਥਨ ਦਿੱਤਾ ਗਿਆ। ਇਸ ਦੌਰਾਨ ਅਮਰਗੜ੍ਹ ਦੇ ਬਾਜ਼ਾਰਾਂ ਵਿਚ ਮੁਕੰਮਲ ਸੰਨਾਟਾ ਛਾਇਆ ਰਿਹਾ ਅਤੇ ਜ਼ਿਆਦਾਤਰ ਵਪਾਰਕ ਅਦਾਰੇ ਬੰਦ ਰਹੇ। ਹਾਲਾਂਕਿ, ਮਾਲੇਰਕੋਟਲਾ-ਨਾਭਾ ਮੁੱਖ ਮਾਰਗ ਉੱਪਰ ਆਵਾਜਾਈ ਆਮ ਵਾਂਗ ਨਿਰਵਿਘਨ ਚੱਲਦੀ ਰਹੀ। ਇਲਾਕੇ ਵਿਚ ਕਿਸੇ ਵੀ ਜਥੇਬੰਦੀ ਵੱਲੋਂ ਕੋਈ ਰੋਸ ਮਾਰਚ ਜਾਂ ਜ਼ਬਰਦਸਤੀ ਦੁਕਾਨਾਂ ਬੰਦ ਕਰਵਾਉਣ ਵਰਗਾ ਵਿਖਾਵਾ ਨਹੀਂ ਕੀਤਾ ਗਿਆ, ਸਗੋਂ ਲੋਕਾਂ ਤੇ ਦੁਕਾਨਦਾਰਾਂ ਨੇ ਸ਼ਾਂਤਮਈ ਢੰਗ ਨਾਲ ਸਵੈ-ਇੱਛਾ ਨਾਲ ਬਾਜ਼ਾਰ ਬੰਦ ਰੱਖ ਕੇ ਮੋਰਚੇ ਦੀਆਂ ਮੰਗਾਂ ਨਾਲ ਇਕਜੁੱਟਤਾ ਪ੍ਰਗਟਾਈ। ਕੁੱਲ ਮਿਲਾ ਕੇ ਅਮਰਗੜ੍ਹ ਖੇਤਰ ‘ਚ ਬੰਦ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਸਫ਼ਲ ਰਿਹਾ। ਸੁਨਾਮ ਊਧਮ ਸਿੰਘ ਵਾਲਾ, (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਕੌਮੀ ਇਨਸਾਫ ਮੋਰਚੇ ਵਲੋਂ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਸੁਨਾਮ ਊਧਮ ਸਿੰਘ ਵਾਲਾ ਵਿਚ ਭਰਵਾਂ ਹੁੰਗਾਰਾ ਮਿਲਿਆ। ਸਵੇਰੇ ਦਸ ਵਜੇ ਤੱਕ ਜਿੱਥੇ ਸੁਨਾਮ ਦੇ ਜਿਆਦਾਤਰ ਬਜਾਰ ਬੰਦ ਰਹੇ ਉੱਥੇ ਹੀ ਇੱਥੋਂ ਤੱਕ ਕਿ ਬਜਾਰਾਂ ਵਿਚ ਫਲਾਂ ਅਤੇ ਸਬਜੀਆਂ ਦੀਆਂ ਰੇਹੜੀਆਂ ਵੀ ਨਜਰ ਨਹੀ ਆਈਆਂ ਪਰ ਡਾਕਟਰਾਂ ਅਤੇ ਦਵਾਈਆਂ ਦੀਆਂ ਦੁਕਾਨਾਂ ਆਮ ਵਾਂਗ ਖੁੱਲੀਆਂ ਰਹੀਆਂ। ਭਾਵੇਂ ਰੇਲ ਆਵਾਜਾਈ ਰੋਜਾਨਾ ਦੀ ਤਰ੍ਹਾਂ ਚੱਲਦੀ ਰਹੀ ਪਰ ਪੀ.ਆਰ.ਟੀ.ਸੀ ਦੀ ਇੱਕਾ ਦੁੱਕਾ ਬੱਸ ਨੂੰ ਛੱਡਕੇ ਬੱਸ ਆਵਾਜਾਈ ਵੀ ਬੰਦ ਰਹੀ। ਜਿਸ ਨੂੰ ਲੈਕੇ ਨਿਜੀ ਬੱਸ ਕੰਪਨੀਆਂ ਅਤੇ ਪੀ.ਆਰ.ਟੀ.ਸੀ ਦੀਆਂ ਬੱਸਾਂ ਸਥਾਨਕ ਬੱਸ ਸਟੈਂਡ ਵਿਚ ਖੜੀਆਂ ਰਹੀਆਂ। ਭਾਵੇਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਵਪਾਰਕ ਜਥੇਬੰਦੀਆਂ ਵਲੋਂ ਅੱਜ ਦੇ ਬੰਦ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਪਰ ਇਕ ਦਿਲਚਸਪ ਗੱਲ ਵੇਖਣ ਨੂੰ ਮਿਲੀ ਕਿ ਕਿਸੇ ਵੀ ਜਥੇਬੰਦੀ ਦੇ ਕਾਰਕੁਨਾਂ ਵਲੋਂ ਅੱਜ ਸੁਨਾਮ ਸ਼ਹਿਰ ਬੰਦ ਕਰਵਾਉਂਦੇ ਨਹੀ ਵੇਖਿਆ ਗਿਆ ਬਲਕਿ ਹਰ ਵਰਗ ਵਲੋਂ ਬੰਦ ਲਈ ਭਰਵਾਂ ਸਹਿਯੋਗ ਦਿੱਤਾ ਗਿਆ ਅਤੇ ਕਈ ਥਾਂਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰਕੇ ਸਮਾਂ ਬਿਤਾਉਣ ਲਈ ਤਾਸ ਦੀ ਬਾਜੀ ਲਾਕੇ ਮਨ ਪਰਚਾਉਂਦੇ ਰਹੇ।ਬੰਦ ਦੇ ਦੌਰਾਨ ਸ਼ਹਿਰ ਦੇ ਨਿਜੀ ਸਕੂਲ ਆਮ ਤੌਰ ‘ਤੇ ਬੰਦ ਰਹੇ ਪਰ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਘੱਟ ਨਜਰ ਆਈ।ਬੈਂਕ ਅਤੇ ਸਰਕਾਰੀ ਦਫਤਰ ਰੋਜਾਨਾ ਦੀ ਤਰ੍ਹਾਂ ਖੁੱਲ੍ਹੇ ਰਹੇ ਪਰ ਇੰਨ੍ਹਾਂ ਵਿਚ ਕੰਮ ਧੰਦਾ ਕਰਵਾਉਣ ਵਾਲਿਆਂ ਦੀ ਗਿਣਤੀ ਬਹੁਤ ਘੱਟ ਵੇਖਣ ਨੂੰ ਮਿਲੀ। ਸਥਾਨਕ ਸਿਵਲ ਹਸਪਤਾਲ ਵਿਚ ਵੀ ਮਰੀਜ ਨਾਂਮਾਤਰ ਹੀ ਦਵਾਈ ਲੈਣ ਪਹੁੰਚੇ। ਪੰਜਾਬ ਬੰਦ ਸੁਨਾਮ ਸ਼ਹਿਰ ਵਿਚ ਭਰਵਾਂ ਹੁੰਗਾਰਾ ਮਿਲਣ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਛਾਜਲੀ, (ਅਜਾਇਬ ਸਿੰਘ ਨੀਲੋਵਾਲ) - ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਜੇਲ੍ਹਾਂ ਤੋਂ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਦਾ ਛਾਜਲੀ ਵਿੱਚ ਵਿਆਪਕ ਅਸਰ ਦੇਖਣ ਨੂੰ ਮਿਲਿਆ। ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਹੀ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਇਸ ਤੋਂ ਇਲਾਵਾ ਨਿੱਜੀ ਵਿੱਦਿਅਕ ਅਦਾਰੇ ਅਤੇ ਬੱਸ ਸੇਵਾਵਾਂ ਵੀ ਬੰਦ ਰਹੀਆਂ। ਬੰਦ ਦੌਰਾਨ ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਕਿਸਾਨ ਯੂਨੀਅਨ ਵੱਲੋਂ ਪੂਰਨ ਸਮਰਥਨ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜਿਹੜੇ ਬੰਦੀ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਨ੍ਹਾਂ ਨੂੰ ਹੋਰ ਸਮਾਂ ਜੇਲ੍ਹਾਂ ਵਿੱਚ ਰੱਖਣਾ ਨਿਆਂਸੰਗਤ ਨਹੀਂ ਹੈ। ਉਨ੍ਹਾਂ ਸਰਕਾਰਾਂ ਤੋਂ ਇਨ੍ਹਾਂ ਬੰਦੀਆਂ ਦੀ ਰਿਹਾਈ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ। ਬੁਲਾਰਿਆਂ ਨੇ ਸਪੱਸ਼ਟ ਕੀਤਾ ਕਿ ਐਮਰਜੈਂਸੀ ਸੇਵਾਵਾਂ, ਹਸਪਤਾਲਾਂ ਅਤੇ ਮੈਡੀਕਲ ਸਟੋਰਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਹੈ, ਤਾਂ ਜੋ ਮਰੀਜ਼ਾਂ ਅਤੇ ਐਮਰਜੈਂਸੀ ਲੋੜ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਬੰਦ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕੁਲਦੀਪ ਸਿੰਘ ਡਰੌਲੀ, ਸੁਖਬੀਰ ਸਿੰਘ, ਮਾਸਟਰ ਰਣਜੀਤ ਸਿੰਘ ਛਾਜਲਾ, ਕੁਲਵਿੰਦਰ ਸਿੰਘ ਅਤੇ ਕਿਸਾਨ ਆਗੂ ਸੰਤ ਰਾਮ ਛਾਜਲੀ ਸਮੇਤ ਹੋਰ ਆਗੂਆਂ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਦਾ ਮਾਮਲਾ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੱਖਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਮਲੇਰਕੋਟਲਾ, (ਪਾਰਸ ਜੈਨ, ਮਨਜਿੰਦਰ ਸੰਘ ਸਰੌਦ, ਮੁਹੰਮਦ ਹਨੀਫ ਥਿੰਦ)- ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਪੰਜਾਬ ਬੰਦ ਦੇ ਸੱਦੇ ’ਤੇ ਮਲੇਰਕੋਟਲਾ ਸ਼ਹਿਰ ਮੁਕੰਮਲ ਬੰਦ ਰਿਹਾ।ਇਸ ਦੌਰਾਨ ਆਗੂਆਂ ਵਲੋਂ ਸਥਾਨਕ ਗਰੇਵਾਲ ਚੌਂਕ ਵਿਖੇ ਧਰਨਾ ਲਾ ਕੇ ਲੁਧਿਆਣਾ- ਦਿੱਲੀ ਮੁਖ ਮਾਰਗ ਨੂੰ ਸਵੇਰੇ 7 ਵਜੇ ਤੋਂ 2 ਵਜੇ ਤੱਕ ਮੁਕੰਮਲ ਬੰਦ ਰੱਖਿਆ ਗਿਆ।ਪੁਲਿਸ ਪ੍ਰਸ਼ਾਸਨ ਵਲੋਂ ਇਸ ਦੌਰਾਨ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ।ਇਸ ਮੌਕੇ ਅੱਠਵੀਂ ਕਲਾਸ ਦੀ ਗੁਰਨੂਰ ਕੌਰ ਨੇ ਜ਼ਫਰਨਾਮਾ ਸੁਣਾਕੇ ਸੰਗਤ ਨੂੰ ਨਿਹਾਲ ਕੀਤਾ।ਮੋਰਚੇ ਦੇ ਸਥਾਨਕ ਪ੍ਰਬੰਧਕ ਐਡਵੋਕੇਟ ਮੁਹੰਮਦ ਜਮੀਲ (ਮਨੁੱਖੀ ਅਧਿਕਾਰ ਕਾਰਕੁੰਨ) ਨੇ ਦੱਸਿਆ ਕਿ ਕੌਮੀ ਇਸਨਾਫ ਮੋਰਚਾ ਵਲੋਂ ਚੰਡੀਗੜ੍ਹ-ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ 7 ਜਨਵਰੀ 2023 ਤੋਂ ਲਗਾਤਾਰ ਲੱਗਿਆ ਹੋਇਆ ਹੈ।ਮੋਰਚੇ ਵਿੱਚੋਂ ਰੋਜ਼ਾਨਾ ਇੱਕ 31 ਮੈਂਬਰੀ ਜਥਾ ਗੱਲਬਾਤ ਲਈ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਜਾਂਦਾ ਹੈ ਪਰੰਤੂ ਅੱਜ 1319 ਦਿਨਾਂ ਬਾਅਦ ਵੀ ਮੁੱਖ ਮੰਤਰੀ ਨੇ ਜਥੇ ਨਾਲ ਮੁਲਾਕਾਤ ਨਹੀਂ ਕੀਤੀ।ਸੁਰੱਖਿਆ ਕਰਮੀ ਜੱਥੇ ਨੂੰ ਰਸਤੇ ਵਿੱਚ ਬੈਰੀਕੇਡ ਲਗਾਕੇ ਵਾਪਸ ਕਰ ਦਿੰਦੇ ਹਨ।ਬੀਤੀ 15 ਅਗਸਤ ਨੂੰ ਗਵਰਨਰ ਹਾਊਸ ਦੇ ਘਿਰਾਓ ਦਾ ਸੱਦਾ ਦਿਤਾ ਗਿਆ ਪਰੰਤੂ ਉਸ ਸਮੇਂ ਵੀ ਨਿਹੱਥੀ ਸੰਗਤ ਉੱਪਰ ਪਾਣੀ ਦੀਆਂ ਬੋਛਾਰਾਂ ਅਤੇ ਆਸੂ ਗੈਸ ਦੇ ਗੋਲੇ ਸੁੱਟੇ ਗਏ। ਇਸ ਦੇ ਰੋਸ ਵਜੋਂ ਮੋਰਚੇ ਵੱਲੋਂ ਪੰਜਾਬ ਬੰਦ ਦੀ ਕਾਲ ਦਿਤੀ ਗਈ ਸੀ।ਉਨ੍ਹਾਂ ਕਿਹਾ ਕਿ ਮਲੇਰਕੋਟਲਾ ਦੀਆਂ ਸਮਾਜਸੇਵੀ, ਧਾਰਮਿਕ, ਸਿਆਸੀ, ਵਪਾਰੀ, ਦੁਕਾਨਦਾਰ, ਮਜ਼ਦੂਰ, ਕਿਸਾਨ ਯੂਨੀਅਨਾਂ ਅਤੇ ਸਮੂਹ ਭਾਈਚਾਰੇ ਦੇ ਲੋਕਾਂ ਨੇ ਬੰਦ ਨੂੰ ਕਾਮਯਾਬ ਕਰਨ ਵਿੱਚ ਪੂਰਾ ਸਮਰਥਨ ਦਿੱਤਾ ਹੈ।ਇਸ ਮੌਕੇ ਬਲਜਿੰਦਰ ਸਿੰਘ ਲਸੋਈ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ, ਹਰਦੀਪ ਸਿੰਘ ਨਾਰੀਕੇ ਸ੍ਰੋਮਣੀ ਅਕਾਲੀ ਦਲ ਮਾਨ, ਮਹਿਮੂਦ ਅਹਿਮਦ ਥਿੰਦ ਸੂਬਾ ਪ੍ਰਧਾਨ ਇੰਡੀਅਨ ਯੂਨੀਅਨ ਮੁਸਲਿਮ ਲੀਗ, ਡਾ. ਮੇਹਰਦੀਨ ਬਿੰਜੋਕੀ ਸੂਬਾ ਕਾਰਜਕਾਰਣੀ ਮੈਂਬਰ ਵਾਰਿਸ ਪੰਜਾਬ ਦੇ, ਚੌਧਰੀ ਸ਼ਮਸੂਦੀਨ, ਮਾਸਟਰ ਕਰਨੈਲ ਸਿੰਘ ਨਾਰੀਕੇ, ਐਡਵੋਕੇਟ ਪ੍ਰਵੇਜ਼ ਖਾਨ, ਇਲਯਾਸ ਜ਼ੁਬੈਰੀ ਸਾਬਕਾ ਕੌਂਸਲਰ, ਮਕਸੂਦ ਉਲ ਹੱਕ ਸਾਬਕਾ ਸੂਬਾ ਪ੍ਰਧਾਨ ਮੁਸਲਿਮ ਲੀਗ, ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ, ਅਮਰਜੀਤ ਸਿੰਘ ਰੋਹਣੋਂ ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਨਰਿੰਦਰ ਸਿੰਘ, ਮੁਅੱਜ਼ਮ ਅਲੀ, ਯਾਦਵਿੰਦਰ ਸਿੰਘ ਫੌਜੀ ਛੋਕਰਾਂ, ਰਾਜਵਿੰਦਰ ਸਿੰਘ ਦੱਲਣਵਾਲ, ਮੋਹਨ ਸਿੰਘ, ਗੁਰਦੀਪ ਸਿੰਘ, ਗੁਰਭੇਜ ਸਿੰਘ ਬੁਰਜ, ਗੁਰਪ੍ਰੀਤ ਸਿੰਘ ਕਾਲਾ ਬੂਲਾ, ਜਸਵੀਰ ਸਿੰਘ ਧੰਦੀਵਾਲ, ਗੁਰਪ੍ਰੀਤ ਸਿੰਘ ਮੂਲੋਵਾਲ, ਮੁਹੰਮਦ ਰੱਜ਼ਾਕ, ਮੁਹੰਮਦ ਨਦੀਮ, ਮੱਘਰ ਸਿੰਘ ਗੁਆਰਾ, ਪਰਮਿੰਦਰ ਸਿੰਘ ਗੁਆਰਾ, ਬਲਵੀਰ ਸਿੰਘ ਜੱਥੇਬੰਦੀਆਂ ਦੇ ਆਗੂਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਅਪੀਲਾਂ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਕੱਲ੍ਹ ਸਤੌਜ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਅਗਲੀ ਖ਼ਬਰ Ajit News @ 9:00 pm, 21-08-2026 Ajit Web Tv
Ad Position 24