ਸੂਖਮ ਸਿੰਚਾਈ ਤਕਨੀਕ ਅਪਣਾਉਣ ਲਈ ਕਿਸਾਨਾਂ ਨੂੰ 80 ਤੋਂ 90 ਫ਼ੀਸਦੀ ਤੱਕ ਸਬਸਿਡੀ- ਵਧੀਕ ਡਿਪਟੀ ਕਮਿਸ਼ਨਰ
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਾਣੀ ਦੀ ਸੰਭਾਲ ਅਤੇ ਖੇਤੀਬਾੜੀ ਦੀ ਲਾਗਤ ਘਟਾਉਣ ਦੇ ਉਦੇਸ਼ ਨਾਲ ਆਧੁਨਿਕ ਸੂਖਮ ਸਿੰਚਾਈ ਤਕਨੀਕਾਂ ਅਪਣਾਉਣ ਲਈ 80 ਤੋਂ 90 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਉਪਰਾਲੇ ਤਹਿਤ ਕਿਸਾਨਾਂ ਨੂੰ ਰਵਾਇਤੀ ਸਿੰਚਾਈ ਪ੍ਰਣਾਲੀ ਦੀ ਥਾਂ ਤੁਪਕਾ, ਫੁਹਾਰਾ ਅਤੇ ਰੇਨ ਗੰਨ ਆਦਿ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੋਗਾ, 24 ਸਤੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਪਾਣੀ ਦੀ ਸੰਭਾਲ ਅਤੇ ਖੇਤੀਬਾੜੀ ਦੀ ਲਾਗਤ ਘਟਾਉਣ ਦੇ ਉਦੇਸ਼ ਨਾਲ ਆਧੁਨਿਕ ਸੂਖਮ ਸਿੰਚਾਈ ਤਕਨੀਕਾਂ ਅਪਣਾਉਣ ਲਈ 80 ਤੋਂ 90 ਫ਼ੀਸਦੀ ਤੱਕ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਉਪਰਾਲੇ ਤਹਿਤ ਕਿਸਾਨਾਂ ਨੂੰ ਰਵਾਇਤੀ ਸਿੰਚਾਈ ਪ੍ਰਣਾਲੀ ਦੀ ਥਾਂ ਤੁਪਕਾ, ਫੁਹਾਰਾ ਅਤੇ ਰੇਨ ਗੰਨ ਆਦਿ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਜਸਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ ਸੂਖਮ ਸਿੰਚਾਈ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਪਿਛਲੇ ਤਿੰਨ ਸਾਲਾਂ ਦੌਰਾਨ ਜ਼ਿਲ੍ਹੇ ਵਿਚ 370 ਏਕੜ ਰਕਬਾ ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ ਤੇ ਰੇਨ ਗੰਨ ਆਦਿ ਤਕਨੀਕਾਂ ਹੇਠ ਲਿਆਂਦਾ ਜਾ ਚੁੱਕਾ ਹੈ, ਜਿਸ ਲਈ ਯੋਗ ਕਿਸਾਨਾਂ ਨੂੰ ਲੱਖਾਂ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹਾ ਮੋਗਾ ਵਿਚ ਹੋਰ 1500 ਏਕੜ ਰਕਬਾ ਸੂਖਮ ਸਿੰਚਾਈ ਹੇਠ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਖਮ ਸਿੰਚਾਈ ਤਕਨੀਕ ਰਾਹੀਂ ਲਗਭਗ 70 ਫ਼ੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਖਾਦ ਅਤੇ ਲੇਬਰ ਦੀ ਲਾਗਤ ਘਟਣ ਦੇ ਨਾਲ-ਨਾਲ ਨਦੀਣਾਂ ਦੀ ਸਮੱਸਿਆ ਵਿਚ ਵੀ ਕਮੀ ਆਉਂਦੀ ਹੈ, ਜਿਸ ਨਾਲ ਖੇਤੀਬਾੜੀ ਨੂੰ ਹੋਰ ਕੁਸ਼ਲ ਅਤੇ ਟਿਕਾਊ ਬਣਾਉਣ ਵਿਚ ਮਦਦ ਮਿਲਦੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਨੂੰ ਪਾਣੀ ਦੀ ਸੰਭਾਲ, ਫ਼ਸਲੀ ਵਿਭਿੰਨਤਾ ਅਤੇ ਆਧੁਨਿਕ ਖੇਤੀ ਤਕਨੀਕਾਂ ਪ੍ਰਤੀ ਲਗਾਤਾਰ ਜਾਗਰੂਕ ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਧਿਆਨ ਵਿਚ ਰੱਖਦਿਆਂ ਪਾਣੀ ਦੀ ਸੁਚੱਜੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ ਤੇ ਸੂਖਮ ਸਿੰਚਾਈ ਪ੍ਰਣਾਲੀ ਇਸ ਦਿਸ਼ਾ ਵਿਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਨਿਹਾਲ ਸਿੰਘ ਵਾਲਾ ਬਲਾਕ ਵਿਚ ਆਲੂਆਂ ਹੇਠ ਵੱਡਾ ਰਕਬਾ ਹੋਣ ਕਾਰਨ ਇਸ ਖੇਤਰ ਵਿੱਚ ਸੂਖਮ ਸਿੰਚਾਈ ਤਕਨੀਕ ਨੂੰ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਸਬਸਿਡੀ ਵਾਲੇ ਯੂਨਿਟ ਲਗਾਉਣ ਲਈ ਤੁਪਕਾ ਸਿੰਚਾਈ ਪੋਰਟਲ ‘ਤੇ ਅਪਲਾਈ ਕਰ ਸਕਦੇ ਹਨ, ਪ੍ਰਗਤੀ ਨੂੰ ਵਾਚ ਸਕਦੇ ਹਨ ਤੇ ਵਿਕ੍ਰੇਤਾਵਾਂ ਨਾਲ ਸੰਪਰਕ ਕਰ ਸਕਦੇ ਹਨ ਜਾਂ ਹੋਰ ਜਾਣਕਾਰੀ ਲਈ ਵਿਭਾਗ ਦੀ ਵੈੱਬਸਾਈਟ ‘ਤੇ ਜਾ ਸਕਦੇ ਹਨ। ਉਪ ਮੰਡਲ ਭੂਮੀ ਰੱਖਿਆ ਅਫ਼ਸਰ, ਮੋਗਾ ਸੁਖਦਰਸ਼ਨ ਸਿੰਘ ਨੇ ਦੱਸਿਆ ਕਿ ਸੂਖਮ ਸਿੰਚਾਈ ਯੋਜਨਾ ਦਾ ਲਾਭ ਲੈਣ ਦੇ ਚਾਹਵਾਨ ਕਿਸਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਗਾ ਦੇ ਕਮਰਾ ਨੰਬਰ ਸੀ-222 ਤੋਂ ਸੀ-224 ਵਿਚ ਸੰਪਰਕ ਕਰ ਸਕਦੇ ਹਨ।