ਕੈਲੀਫੋਰਨੀਆ ਪਬਲਿਕ ਸਕੂਲ ’ਚ ਬਾਬਾ ਫਰੀਦ ਜੀ ਦੇ ਆਗਮਨ ਪੁਰਬ ’ਤੇ ‘ਵਿਸ਼ਵ ਪੰਜਾਬੀ ਦਿਵਸ’ ਮਨਾਇਆ
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆਂ ਪਬਲਿਕ ਸਕੂਲ ਵਿਖੇ ਬਾਬਾ ਫਰੀਦ ਜੀ ਦੇ ਪਵਿੱਤਰ ਆਗਮਨ ਪੁਰਬ ਅਤੇ ‘ਵਿਸ਼ਵ ਪੰਜਾਬੀ ਦਿਵਸ’ ਦੇ ਸ਼ੁੱਭ ਅਵਸਰ ‘ਤੇ ‘ਆਪਣਾ ਪੰਜਾਬ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਸਮਾਗਮ ਦਾ ਆਯੋਜਨ ਕੀਤਾ ਗਿਆ।
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਕੈਲੀਫੋਰਨੀਆਂ ਪਬਲਿਕ ਸਕੂਲ ਵਿਖੇ ਬਾਬਾ ਫਰੀਦ ਜੀ ਦੇ ਪਵਿੱਤਰ ਆਗਮਨ ਪੁਰਬ ਅਤੇ ‘ਵਿਸ਼ਵ ਪੰਜਾਬੀ ਦਿਵਸ’ ਦੇ ਸ਼ੁੱਭ ਅਵਸਰ ‘ਤੇ ‘ਆਪਣਾ ਪੰਜਾਬ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਕ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਬਾਬਾ ਫਰੀਦ ਜੀ ਦੀ ਮਿੱਠੀ ਬਾਣੀ ਅਤੇ ਮਾਂ-ਬੋਲੀ ਦੀ ਮਹਿਮਾ ਨੂੰ ਦਰਸਾਉਂਦੀਆਂ ਰੂਹਾਨੀ ਕਵਿਤਾਵਾਂ, ਪ੍ਰਭਾਵਸ਼ਾਲੀ ਭਾਸ਼ਣ ਅਤੇ ਪੰਜਾਬੀ ਵਰਨਮਾਲਾ ਦੇ ਅੱਖਰਾਂ ਨੂੰ ਸੁੰਦਰ ਤਰੀਕੇ ਨਾਲ ਲਿਖਣ (ਸੁੰਦਰ ਲਿਖਾਈ) ਵਰਗੀਆਂ ਰਚਨਾਤਮਿਕ ਗਤੀਵਿਧੀਆਂ ਵਿਚ ਬੜੇ ਚਾਅ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਦੇ ਨਾਲ ਹੀ ਬੱਚਿਆਂ ਵਲੋਂ ਮਾਂ-ਬੋਲੀ ਪ੍ਰਤੀ ਜਾਗਰੂਕਤਾ ਫੈਲਾਉਂਦੇ ਅਤੇ ਪ੍ਰੇਰਨਾਦਾਇਕ ਸਲੋਗਨ ਵੀ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਲਿਖੇ। ਇਸ ਮੌਕੇ ਸਕੂਲ ਵਿਚ ਵਿਸ਼ੇਸ਼ ਤੌਰ ‘ਤੇ ਵੱਖ-ਵੱਖ ਤਰ੍ਹਾਂ ਦੇ ਕਈ ਆਕਰਸ਼ਕ ‘ਡਿਸਪਲੇ ਬੋਰਡ’ ਵੀ ਤਿਆਰ ਕੀਤੇ ਗਏ, ਜਿਹੜੇ ਕਿ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਅਤੇ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਬਹੁਤ ਸੁੰਦਰ ਢੰਗ ਨਾਲ ਦਰਸਾ ਰਹੇ ਸਨ। ਇਹ ਡਿਸਪਲੇ ਬੋਰਡ ਜਿੱਥੇ ਪੰਜਾਬੀ ਵਿਰਸੇ ਤੇ ਸਾਹਿਤ ਦੀ ਜਾਣਕਾਰੀ ਪ੍ਰਦਾਨ ਕਰ ਰਹੇ ਸਨ, ਉੱਥੇ ਹੀ ਸਮੇਂ ਦੇ ਨਾਲ ਅਲੋਪ ਹੋ ਰਹੇ ਪੁਰਾਤਨ ਪੰਜਾਬੀ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਤੋਂ ਵੀ ਸਭ ਨੂੰ ਜਾਣੂੰ ਕਰਵਾ ਰਹੇ ਸਨ। ਮਾਂ-ਬੋਲੀ ਪੰਜਾਬੀ ਪ੍ਰਤੀ ਸੱਚਾ ਸਤਿਕਾਰ ਪ੍ਰਗਟਾਉਂਦਿਆਂ ਅੱਜ ਸਕੂਲ ਦੇ ਸਮੂਹ ਅਧਿਆਪਕਾਂ ਵਲੋਂ ਹਾਜ਼ਰੀ ਰਜਿਸਟਰ ਦੇ ਉੱਪਰ ਆਪਣੇ ਦਸਤਖ਼ਤ ਵਿਸ਼ੇਸ਼ ਤੌਰ ‘ਤੇ ਪੰਜਾਬੀ ਭਾਸ਼ਾ ਵਿਚ ਹੀ ਕੀਤੇ ਗਏ। ਇਸ ਤੋਂ ਇਲਾਵਾ, ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਮੰਤਵ ਨਾਲ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਸਬੰਧਿਤ ਵਡਮੁੱਲੀਆਂ ਪੁਸਤਕਾਂ ਵੀ ਵੰਡੀਆਂ ਗਈਆਂ। ਸਮਾਗਮ ਦੌਰਾਨ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਬਰਾੜ ਅਤੇ ਪ੍ਰਿੰਸੀਪਲ ਵੇਦ ਪ੍ਰਕਾਸ਼ ਨੇ ਸ਼ਿਰਕਤ ਕਰਦਿਆਂ ਬੱਚਿਆਂ ਦੀਆਂ ਬਿਹਤਰੀਨ ਪੇਸ਼ਕਾਰੀਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਖਿਆ ਕਿ ਜੋ ਕੌਮਾਂ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਦੀਆਂ ਹਨ, ਉਹ ਦੁਨੀਆ ਵਿਚ ਆਪਣਾ ਵੱਖਰਾ ਨਾਮ ਕਮਾਉਂਦੀਆਂ ਹਨ। ਉਨ੍ਹਾਂ ਨੇ ‘ਆਪਣਾ ਪੰਜਾਬ ਫਾਊਂਡੇਸ਼ਨ’ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਵਲੋਂ ਮਾਂ-ਬੋਲੀ ਦੀ ਸੇਵਾ ਲਈ ਕੀਤੇ ਜਾ ਰਹੇ ਇਸ ਸ਼ਲਾਘਾਯੋਗ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ ਦੇ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਵੇਦ ਪ੍ਰਕਾਸ਼ ਨੇ ਸਮੁੱਚੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਅਣਥੱਕ ਮਿਹਨਤ, ਲਗਨ ਅਤੇ ਯੋਗ ਅਗਵਾਈ ਸਦਕਾ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਅਤੇ ਸਾਰਿਆਂ ਨੂੰ ਆਪਣੀ ਮਾਂ-ਬੋਲੀ, ਅਮੀਰ ਸਾਹਿਤ ਤੇ ਵਿਰਸੇ ਨਾਲ ਨਿਰੰਤਰ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।