ਐਨ.ਡੀ.ਏ. ਦੀ ਤਿਆਰੀ ਵਾਸਤੇ ਏ.ਐਫ.ਪੀ.ਆਈ. ਮੋਹਾਲੀ ’ਚ ਮੁਫ਼ਤ ਸਿਖਲਾਈ ਲਈ ਦਾਖਲਾ ਪ੍ਰਕਿਰਿਆ ਸ਼ੁਰੂ
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਜੀਵਨਦੀਪ ਸਿੰਘ ਨੇ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ.
ਮੋਗਾ, 23 ਸਤੰਬਰ (ਸੁਰਿੰਦਰਪਾਲ ਸਿੰਘ)-ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਜੀਵਨਦੀਪ ਸਿੰਘ ਨੇ ਦੱਸਿਆ ਕਿ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) ਵਿਚ ਦਾਖ਼ਲੇ ਲਈ ਤਿਆਰੀ ਕਰਨ ਦੇ ਚਾਹਵਾਨ ਲੜਕਿਆਂ ਵਾਸਤੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐਫ.ਪੀ.ਆਈ .), ਮੋਹਾਲੀ ਵਲੋਂ ਮੁਫ਼ਤ ਮੁੱਢਲੀ ਲਿਖਤੀ ਅਤੇ ਸਰੀਰਕ ਸਿਖਲਾਈ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਏ.ਐਫ.ਪੀ.ਆਈ. ਵਿਚ ਦਾਖ਼ਲੇ ਲਈ ਚਾਹਵਾਨ ਉਮੀਦਵਾਰ 1 ਅਕਤੂਬਰ 2026 ਤੋਂ 15 ਦਸੰਬਰ 2026 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਦਾਖਲਾ ਪ੍ਰੀਖਿਆ 3 ਜਨਵਰੀ 2027 ਨੂੰ ਕਰਵਾਈ ਜਾਵੇਗੀ। ਜੀਵਨਦੀਪ ਸਿੰਘ ਨੇ ਦੱਸਿਆ ਕਿ ਏ.ਐਫ.ਪੀ.ਆਈ. ਵਿਚ ਮੁੱਢਲੀ ਸਿਖਲਾਈ ਲਈ ਦਾਖਲਾ ਲੈਣ ਵਾਸਤੇ ਉਮੀਦਵਾਰ ਨੂੰ ਮੈਟ੍ਰਿਕ ਪੱਧਰ ਦੀ ਅੰਗਰੇਜ਼ੀ, ਗਣਿਤ ਅਤੇ ਸਮਾਜਿਕ ਅਧਿਐਨ (ਸੀ.ਬੀ.ਐੱਸ.ਈ. ਪੈਟਰਨ) ‘ਤੇ ਆਧਾਰਿਤ ਲਿਖਤੀ ਦਾਖਲਾ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ। ਉਮੀਦਵਾਰ ਦਾ ਪੰਜਾਬ ਦਾ ਵਸਨੀਕ ਹੋਣਾ ਲਾਜ਼ਮੀ ਹੈ ਅਤੇ ਉਸ ਦੀ ਜਨਮ ਮਿਤੀ 2 ਜਨਵਰੀ 2010 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਦਸਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਇਸ ਦਾਖਲਾ ਪ੍ਰਕਿਰਿਆ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਗਿਆਰ੍ਹਵੀਂ ਜਮਾਤ ਵਿਚ ਪੜ੍ਹ ਰਹੇ ਵਿਦਿਆਰਥੀ ਵੀ ਅਪਲਾਈ ਕਰਨ ਦੇ ਯੋਗ ਹਨ, ਪਰ ਉਨ੍ਹਾਂ ਨੂੰ ਏ.ਐਫ.ਪੀ.ਆਈ. ਵਿਚ ਗਿਆਰ੍ਹਵੀਂ ਜਮਾਤ ਵਿਚ ਹੀ ਦਾਖਲਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਲਈ ਨਿਰਧਾਰਿਤ ਉਮਰ ਸਬੰਧੀ ਮਾਪਦੰਡ ਪੂਰੇ ਕਰਨੇ ਲਾਜ਼ਮੀ ਹੋਣਗੇ। ਉਨ੍ਹਾਂ ਨੇ ਜ਼ਿਲ੍ਹੇ ਦੇ ਯੋਗ ਅਤੇ ਚਾਹਵਾਨ ਵਿਦਿਆਰਥੀਆਂ ਨੂੰ ਇਸ ਮੌਕੇ ਦਾ ਲਾਭ ਉਠਾਉਣ ਦੀ ਅਪੀਲ ਕੀਤੀ।