ਸੁਖਬੀਰ ਸਿੰਘ ਬਾਦਲ ਦੇ ਲੰਬੀ ਤੇ ਗਿੱਦੜਬਾਹਾ ਹਲਕਿਆਂ ਤੋਂ ਚੋਣ ਲੜਨ ਦੀ ਚਰਚਾ ਨੇ ਮਘਾਈ ਸਿਆਸਤ
ਮੰਡੀ ਕਿੱਲਿਆਂਵਾਲੀ, 25 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਹੋਏ ਸਿਆਸੀ ਮੇਲ-ਮਿਲਾਪ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਇਸ ਦਾ ਅਸਰ ਬਾਦਲ ਪਰਿਵਾਰ ਦੇ ਰਵਾਇਤੀ ਸਿਆਸੀ ਹਲਕਿਆਂ ਲੰਬੀ ਅਤੇ ਗਿੱਦੜਬਾਹਾ ਵਿਚ ਵੀ ਦਿਖਾਈ ਦੇਣ ਲੱਗਾ ਹੈ।
ਮੰਡੀ ਕਿੱਲਿਆਂਵਾਲੀ, 25 ਨਵੰਬਰ (ਇਕਬਾਲ ਸਿੰਘ ਸ਼ਾਂਤ)-ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਹੋਏ ਸਿਆਸੀ ਮੇਲ-ਮਿਲਾਪ ਨੇ ਪੰਜਾਬ ਦੀ ਸਿਆਸਤ ਵਿਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਇਸ ਦਾ ਅਸਰ ਬਾਦਲ ਪਰਿਵਾਰ ਦੇ ਰਵਾਇਤੀ ਸਿਆਸੀ ਹਲਕਿਆਂ ਲੰਬੀ ਅਤੇ ਗਿੱਦੜਬਾਹਾ ਵਿਚ ਵੀ ਦਿਖਾਈ ਦੇਣ ਲੱਗਾ ਹੈ। ਗੱਠਜੋੜ ਦੇ ਐਲਾਨ ਮਗਰੋਂ ਦੋਵਾਂ ਹਲਕਿਆਂ ’ਚ ਅਕਾਲੀ ਸਰਗਰਮੀਆਂ ਤੇਜ਼ ਹੋਣ ਦੇ ਆਸਾਰ ਹਨ। ਭਰੋਸੇਯੋਗ ਸੂਤਰਾਂ ਮੁਤਾਬਿਕ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਰਵਾਇਤੀ ਸੀਟ ਲੰਬੀ ਤੋਂ ਚੋਣ ਲੜਨੀ ਲਗਪਗ ਤੈਅ ਹੈ। ਸੂਤਰਾਂ ਦਾ ਦਾਅਵਾ ਹੈ ਕਿ ਸੁਖਬੀਰ, ਲੰਬੀ ਦੇ ਨਾਲ-ਨਾਲ ਗੁਆਂਢੀ ਹਲਕੇ ਗਿੱਦੜਬਾਹਾ ਤੋਂ ਵੀ ਚੋਣ ਲੜਨਗੇ। ਸੂਤਰਾਂ ਦਾ ਇਹ ਦਾਅਵਾ ਹਕੀਕਤ ਬਣਨ ਦੀ ਸੂਰਤ ਵਿਚ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਦੋਵਾਂ ਹਲਕਿਆਂ ਵਿਚ ਵੱਡਾ ਸਿਆਸੀ ਘਮਾਸਾਨ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਦੇ ਗਿੱਦੜਬਾਹਾ ਤੋਂ ਚੋਣ ਲੜਨ ਦੀ ਚਰਚਾ ਦਾ ਮੁੱਢ ਬੀਤੇ ਦਸੰਬਰ 2025 ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਮੌਕੇ ਵਰਕਰਾਂ ਦੀ ਮੰਗ ’ਤੇ ਸੁਖਬੀਰ ਵਲੋਂ ਕੀਤੇ ਵਾਅਦੇ ਅਤੇ ਐਲਾਨ ਨਾਲ ਜੁੜਿਆ ਹੋਇਆ ਹੈ। ਹਾਲਾਂਕਿ, ਸਿਆਸੀ ਹਲਕਿਆਂ ਵਿਚ ਰਣਨੀਤਿਕ ਫੇਰਬਦਲ ਦੀ ਸੂਰਤ ’ਚ ਗਿੱਦੜਬਾਹਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜਾਂ ਪਾਰਟੀ ਪ੍ਰਧਾਨ ਦੇ ਕਿਸੇ ਭਰੋਸੇਮੰਦ ਆਗੂ ’ਤੇ ਦਾਅ ਖੇਡਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਭਾਜਪਾ ਆਗੂਆਂ ਵਲੋਂ ਗੱਠਜੋੜ ਦਾ ਸਵਾਗਤ ਕੀਤਾ ਜਾ ਰਿਹਾ ਹੈ, ਜਦਕਿ ਹਲਕਾ ਲੰਬੀ ਤੋਂ ਭਾਜਪਾ ਦੀ ਟਿਕਟ ਦੇ ਦਾਅਵੇਦਾਰਾਂ ਵਿਚ ਮਾਯੂਸੀ ਪਾਏ ਜਾਣ ਦੀ ਚਰਚਾ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ 1969 ਤੋਂ 1985 ਤੱਕ ਗਿੱਦੜਬਾਹਾ ਦੀ ਨੁਮਾਇੰਦਗੀ ਕਰਦੇ ਰਹੇ। ਉਧਰ, ਲੰਬੀ ਨੂੰ ਅਕਾਲੀ ਦਲ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਇੱਥੋਂ 1997, 2002, 2007, 2012 ਅਤੇ 2017 ਵਿਚ ਲਗਾਤਾਰ ਪੰਜ ਵਾਰ ਵਿਧਾਇਕ ਚੁਣੇ ਗਏ ਸਨ। ਵੋਟਰ ਸੂਚੀ ਦੀ ਸੁਧਾਈ (ਐਸ.ਆਈ.ਆਰ.) ਤਹਿਤ ਲੰਬੀ ਹਲਕੇ ਵਿਚ 10,374 ਵੋਟਾਂ ਕੱਟੇ ਜਾਣ ਦਾ ਅੰਕੜਾ ਵੀ ਚੋਣ ਸਮੀਕਰਨਾਂ ਲਈ ਅਹਿਮ ਮੰਨਿਆ ਜਾ ਰਿਹਾ ਹੈ। ਅਕਾਲੀ-ਭਾਜਪਾ ਗਠਜੋੜ ਮਗਰੋਂ ਦੋਵਾਂ ਪਾਰਟੀਆਂ ਦੇ ਵੋਟ ਬੈਂਕ ਦੇ ਸੰਭਾਵੀ ਤਬਾਦਲੇ ਨਾਲ ਲੰਬੀ ਵਿਚ ਜਿੱਤ-ਹਾਰ ਦਾ ਫ਼ਰਕ ਪ੍ਰਭਾਵਿਤ ਹੋ ਸਕਦਾ ਹੈ। ਹਾਲਾਂਕਿ, ਉਮੀਦਵਾਰੀ ਬਾਰੇ ਅੰਤਿਮ ਫੈਸਲਾ ਅਕਾਲੀ ਦਲ (ਬ) ਦੇ ਰਸਮੀ ਐਲਾਨ ਬਾਅਦ ਹੀ ਸਪੱਸ਼ਟ ਹੋਵੇਗਾ।