24 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਵਿਚੋਂ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ
ਨਵੀਂ ਦਿੱਲੀ, 16 ਨਵੰਬਰ (ਪੀ. ਟੀ.
ਨਵੀਂ ਦਿੱਲੀ, 16 ਨਵੰਬਰ (ਪੀ.ਟੀ.ਆਈ.)- ਦਿੱਲੀ ਵਿਚ ਦੀਵਾਲੀ 2025 ਅਤੇ ਦੀਵਾਲੀ 2026 ਦੇ ਵਿਚਕਾਰ (ਤਿਉਹਾਰ ਦੇ ਦਿਨਾਂ ਨੂੰ ਛੱਡ ਕੇ) ਪੀ.ਐਮ.2.5 ਦੀ ਸਾਲਾਨਾ ਔਸਤ ਮਾਤਰਾ 94 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਜ ਕੀਤੀ ਗਈ। ਇਹ ਰਾਸ਼ਟਰੀ ਮਿਆਰ ਤੋਂ ਦੁੱਗਣੇ ਤੋਂ ਵੀ ਵੱਧ ਹੈ, ਜਿਸ ਕਾਰਨ ਦਿੱਲੀ-ਅਧਾਰਿਤ ਇੱਕ ‘ਥਿੰਕ ਟੈਂਕ’ (ਵਿਚਾਰਕ ਸਮੂਹ) ਦੁਆਰਾ ਵਿਸ਼ਲੇਸ਼ਣ ਕੀਤੀਆਂ ਗਈਆਂ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਵਿਚੋਂ ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣ ਗਈ ਹੈ। ‘ਐਨਵਾਇਰੋਕੈਟਾਲਿਸਟਸ’ ਦੇ ਅੰਕੜਿਆਂ ਅਨੁਸਾਰ, ਦਿੱਲੀ ਵਿਚ ਪੀ.ਐਮ.2.5 ਦਾ ਪੱਧਰ 201 ਦਿਨਾਂ ਤੱਕ 60 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ 24-ਘੰਟੇ ਵਾਲੇ ਰਾਸ਼ਟਰੀ ਮਿਆਰ ਤੋਂ ਉੱਪਰ ਰਿਹਾ। ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿਚ ਪੀ.ਐਮ.2.5 ਦੀ ਸਾਲਾਨਾ ਔਸਤ ਮਾਤਰਾ, 40 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਰਾਸ਼ਟਰੀ ਸਾਲਾਨਾ ਮਿਆਰ ਤੋਂ 2.3 ਗੁਣਾ ਅਤੇ ਵਿਸ਼ਵ ਸਿਹਤ ਸੰਗਠਨ ਦੇ 5 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਸਾਲਾਨਾ ਦਿਸ਼ਾ-ਨਿਰਦੇਸ਼ ਤੋਂ 18.7 ਗੁਣਾ ਵੱਧ ਸੀ। ਦੀਵਾਲੀ ਦੀ ਰਾਤ ਨੂੰ, 9 ਨਵੰਬਰ ਅੱਧੀ ਰਾਤ ਤੋਂ ਸਵੇਰੇ 1 ਵਜੇ ਦੇ ਵਿਚਕਾਰ, ਦਿੱਲੀ ਵਿਚ ਪੀ.ਐਮ.2.5 ਦੀ ਮਾਤਰਾ 584 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦੇ ਸਿਖਰ ਪੱਧਰ ‘ਤੇ ਪਹੁੰਚ ਗਈ ਸੀ। ਤਿਉਹਾਰ ਵਾਲੇ ਦਿਨ 24 ਘੰਟਿਆਂ ਦੀ ਔਸਤ 257 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹੀ, ਜੋ ਅਗਲੇ ਦਿਨ ਵੱਧ ਕੇ 266 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ। ਪੀ.ਟੀ.ਆਈ. ਵਲੋਂ ਕੀਤੇ ਗਏ ਵਿਸ਼ਲੇਸ਼ਣ ਅਨੁਸਾਰ, ਜਿੰਨ੍ਹਾਂ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਦੇ ਨਿਗਰਾਨੀ ਅੰਕੜੇ ਉਪਲਬਧ ਸਨ, ਉਨ੍ਹਾਂ ਵਿਚੋਂ 10 ਸ਼ਹਿਰਾਂ ਵਿਚ ਪੀ.ਐਮ. M 2.5 ਦੀ ਸਾਲਾਨਾ ਔਸਤ ਮਾਤਰਾ ਰਾਸ਼ਟਰੀ ਮਿਆਰ ਤੋਂ ਵੱਧ ਪਾਈ ਗਈ। ਦਿੱਲੀ ਤੋਂ ਬਾਅਦ ਜੈਪੁਰ (54 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਦਾ ਨੰਬਰ ਆਉਂਦਾ ਹੈ, ਜਿਸ ਤੋਂ ਬਾਅਦ ਲਖਨਊ (52), ਕੋਲਕਾਤਾ (48), ਪਟਨਾ (47), ਭੁਵਨੇਸ਼ਵਰ (46), ਦੇਹਰਾਦੂਨ (45), ਗੁਹਾਟੀ (42), ਭੋਪਾਲ (42) ਅਤੇ ਨਾਹਰਲਾਗੁਨ (41) ਸ਼ਾਮਿਲ ਹਨ।