ਆਜ਼ਮ ਖ਼ਾਨ 4 ਦਿਨਾਂ ਦੀ ਈ.ਡੀ. ਦੀ ਹਿਰਾਸਤ ’ਚ
ਗਾਜ਼ੀਆਬਾਦ, 12 ਨਵੰਬਰ (ਯੂ. ਐਨ.
ਗਾਜ਼ੀਆਬਾਦ, 12 ਨਵੰਬਰ (ਯੂ.ਐਨ.ਆਈ.)-ਹਵਾਲਾ ਰਾਸ਼ੀ ਰੋਕੂ ਐਕਟ’ (ਪੀ.ਐਮ.ਐਲ.ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਆਗੂ ਮੁਹੰਮਦ ਆਜ਼ਮ ਖ਼ਾਨ ਨੂੰ ਚਾਰ ਦਿਨਾਂ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੀ ਹਿਰਾਸਤ ਵਿਚ ਭੇਜ ਦਿੱਤਾ ਹੈ।ਅਦਾਲਤ ਨੇ ਈ.ਡੀ. ਨੂੰ ਆਜ਼ਮ ਖ਼ਾਨ ਨੂੰ ਆਪਣੀ ਹਿਰਾਸਤ ਵਿਚ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। ਆਜ਼ਮ ਖ਼ਾਨ ਇਸ ਸਮੇਂ ਗਾਜ਼ੀਆਬਾਦ ਦੀ ਦਾਸਨਾ ਜੇਲ੍ਹ ਵਿਚ ਬੰਦ ਹਨ। ਇਹ ਹਿਰਾਸਤ ਵੀਰਵਾਰ ਸ਼ਾਮ 4:30 ਵਜੇ ਤੋਂ ਸ਼ੁਰੂ ਹੋ ਕੇ 16 ਨਵੰਬਰ ਸ਼ਾਮ 4:30 ਵਜੇ ਤੱਕ ਰਹੇਗੀ।ਇਸ ਦੌਰਾਨ, ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਸ਼ਿਵਪਾਲ ਯਾਦਵ ਨੇ ਵੀਰਵਾਰ ਨੂੰ ਦਾਸਨਾ ਜੇਲ੍ਹ ਵਿਚ ਆਜ਼ਮ ਖ਼ਾਨ ਨਾਲ ਮੁਲਾਕਾਤ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਆਗੂਆਂ ਨੇ ਜੇਲ੍ਹ ਦੀਆਂ ਸਲਾਖਾਂ ਦੇ ਆਰ-ਪਾਰ ਕਰੀਬ ਦੋ ਘੰਟਿਆਂ ਤੱਕ ਗੱਲਬਾਤ ਕੀਤੀ।ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਿਵਪਾਲ ਨੇ ਕਿਹਾ ਕਿ ਆਜ਼ਮ ਖ਼ਾਨ ਨੂੰ ਮਾਰਨ ਦੀਆਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ ਪਰ ਉਹ ਮਜ਼ਬੂਤੀ ਨਾਲ ਡਟੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ ਆਜ਼ਮ ਖ਼ਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਲਈ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਕਿਉਂਕਿ ਉਹ ਮੁਸਲਮਾਨ ਹਨ। ਉਨ੍ਹਾਂ ਨੇ ਆਜ਼ਮ ਖ਼ਾਨ ਦੀ ਸਿਹਤ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ।