ਝੋਟੇ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੋਰਚੇ ’ਚ ਡਟ ਕੇ ਲੜਾਂਗੇ-ਉਗਰਾਹਾਂ
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਦਿਵਾਉਣ ਲਈ ਮੋਰਚੇ ’ਚ ਡਟ ਕੇ ਲੜਨ ਦਾ ਐਲਾਨ ਕੀਤਾ ਹੈ। ਪਰਵਿੰਦਰ ਦੇ ਪਿਤਾ ਭੀਮ ਸਿੰਘ ਨੂੰ ਮਿਲਣ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਉਗਰਾਹਾਂ ਨੇ ਕਿਹਾ ਕਿ ਜਥੇਬੰਦੀ ਨਸ਼ਿਆਂ ਖ਼ਿਲਾਫ਼ ਹਰ ਲੜਾਈ ਲੜੇਗੀ।
ਮਾਨਸਾ, 17 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਇਨਸਾਫ਼ ਦਿਵਾਉਣ ਲਈ ਮੋਰਚੇ ’ਚ ਡਟ ਕੇ ਲੜਨ ਦਾ ਐਲਾਨ ਕੀਤਾ ਹੈ। ਪਰਵਿੰਦਰ ਦੇ ਪਿਤਾ ਭੀਮ ਸਿੰਘ ਨੂੰ ਮਿਲਣ ਉਪਰੰਤ ਪ੍ਰੈੱਸ ਕਾਨਫ਼ਰੰਸ ਦੌਰਾਨ ਉਗਰਾਹਾਂ ਨੇ ਕਿਹਾ ਕਿ ਜਥੇਬੰਦੀ ਨਸ਼ਿਆਂ ਖ਼ਿਲਾਫ਼ ਹਰ ਲੜਾਈ ਲੜੇਗੀ। ਉਨ੍ਹਾਂ ਐਕਸ਼ਨ ਕਮੇਟੀ ਨੂੰ ਕੁਝ ਸੁਝਾਅ ਵੀ ਪੇਸ਼ ਕੀਤੇ। ਉਨ੍ਹਾਂ ਆਖਿਆ ਕਿ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਤੋਂ ਇਲਾਵਾ ਵੱਡੇ ਨਸ਼ਾ ਤਸਕਰਾਂ ਤੇ ਪ੍ਰਸ਼ਾਸਨਿਕ, ਰਾਜਸੀ ਸਰਪ੍ਰਸਤਾਂ ਨੂੰ ਸਾਹਮਣੇ ਲਿਆ ਕੇ ਕਾਰਵਾਈ ਕਰਵਾਈ ਜਾਵੇ, ਪੀੜਤ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਦਿਵਾਉਣ ਦੇ ਨਾਲ ਹੀ ਜ਼ਖਮੀਆਂ ਦਾ ਇਲਾਜ ਤੇ ਮੁਆਵਜ਼ਾ ਦਿਵਾਇਆ ਜਾਵੇ। ਉਗਰਾਹਾਂ ਨੇ ਕਿਹਾ ਕਿ ਪੀੜਤ ਨੌਜਵਾਨਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ, ਸਗੋਂ ਮੁੜ-ਵਸੇਬੇ ਲਈ ਅਸਰਦਾਰ ਨੀਤੀ ਅਪਣਾਉਣੀ ਚਾਹੀਦੀ ਹੈ। ਭਾਕਿਯੂ ਉਗਰਾਹਾਂ ਨੇ ਐਕਸ਼ਨ ਕਮੇਟੀ ਵਲੋਂ 19 ਅਕਤੂਬਰ ਨੂੰ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ’ਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ। ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਤੇ ਹੋਰ ਆਗੂ ਵੀ ਹਾਜ਼ਰ ਸਨ।