ਦੇਹਰਾਦੂਨ, 26 ਸਤੰਬਰ (ਪੀ.ਟੀ.ਆਈ)-ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਨੂੰ ਸਨਿਚਰਵਾਰ ਨੂੰ ਦੇਹਰਾਦੂਨ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦੇ ਦਫ਼ਤਰ ਤਲਬ ਕੀਤਾ ਗਿਆ। ਉਨ੍ਹਾਂ ਨੂੰ 2016 ਦੀ ਰਾਜ ਭਰਤੀ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸੰਬੰਧ ’ਚ ਈ.ਡੀ. ਵਲੋਂ ਬੁਲਾਇਆ ਗਿਆ ਸੀ। ਈ.ਡੀ. ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਵਤ ਨੇ ਦਾਅਵਾ ਕੀਤਾ ਕਿ ਇਹ ਕੋਈ ਕਾਨੂੰਨੀ ਤਲਬੀ (ਸੰਮਨ) ਨਹੀਂ ਸੀ, ਸਗੋਂ ਭਾਜਪਾ ਦੀ ‘ਤਾਕਤ ਅਤੇ ਹੰਕਾਰ’ ਦਾ ਪ੍ਰਗਟਾਵਾ ਸੀ। ਉਨ੍ਹਾਂ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੱਤਾਧਾਰੀ ਪਾਰਟੀ ਦੀ ਘਬਰਾਹਟ ਹੀ ਉਨ੍ਹਾਂ ਨੂੰ ਇਥੇ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਬਦਲੇ ਦੀ ਭਾਵਨਾ ਨਾਲ ਕੰਮ ਕਰਨਗੀਆਂ, ਤਾਂ ਦੇਸ਼ ਕਿਵੇਂ ਚੱਲੇਗਾ? ਸਾਨੂੰ ਆਪਣੀ ਨਹੀਂ, ਸਗੋਂ ਦੇਸ਼ ਅਤੇ ਸਮਾਜ ਦੀ ਚਿੰਤਾ ਹੈ। ਲਗਭਗ ਪੰਜ ਘੰਟੇ ਚੱਲੀ ਪੁੱਛਗਿੱਛ ਬਾਰੇ ਪੁੱਛੇ ਜਾਣ ’ਤੇ ਰਾਵਤ ਨੇ ਕਿਹਾ ਕਿ ਗੱਲਬਾਤ ਬਹੁਤ ਸੁਖਾਵੇਂ ਮਾਹੌਲ ’ਚ ਹੋਈ।