ਪੰਜਾਬ ਦੇ ਨੌਜਵਾਨ ਵੋਟਰਾਂ ਨੂੰ ਪੱਖ ’ਚ ਕਰਨ ਲਈ ਕਾਂਗਰਸ ਹਾਈਕਮਾਨ ਦੀ ਵਿਸ਼ੇਸ਼ ਰਣਨੀਤੀ
ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 23 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਨੇ ਹੁਣੇ ਤੋਂ ਹੀ ਆਪਣੀ ਰਣਨੀਤੀ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ । ਪਾਰਟੀ ਵਲੋਂ ਇਸ ਵਾਰ ਖ਼ਾਸ ਨਜ਼ਰ ਨੌਜਵਾਨ ਵੋਟਰਾਂ ’ਤੇ ਰੱਖਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ ।
ਚੰਡੀਗੜ੍ਹ, 23 ਸਤੰਬਰ- ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਕਾਂਗਰਸ ਨੇ ਹੁਣੇ ਤੋਂ ਹੀ ਆਪਣੀ ਰਣਨੀਤੀ ਨੂੰ ਨਵਾਂ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ । ਪਾਰਟੀ ਵਲੋਂ ਇਸ ਵਾਰ ਖ਼ਾਸ ਨਜ਼ਰ ਨੌਜਵਾਨ ਵੋਟਰਾਂ ’ਤੇ ਰੱਖਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ । ਨੌਜਵਾਨਾਂ ਨੂੰ ਸਿਰਫ਼ ਚੋਣਾਂ ਦੌਰਾਨ ਪਾਰਟੀ ਨਾਲ ਜੋੜਨ ਦੀ ਬਜਾਏ ਹੁਣ ਤੋਂ ਹੀ ਸੰਗਠਨਾਤਮਕ ਗਤੀਵਿਧੀਆਂ ਵਿਚ ਸਰਗਰਮ ਭਾਈਵਾਲ ਬਣਾਉਣ ਦੀ ਯੋਜਨਾ ’ਤੇ ਕੰਮ ਹੋ ਰਿਹਾ ਹੈ । ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਚਿਨ ਪਾਇਲਟ ਵਲੋਂ ਪਾਰਟੀ ਦੇ ਨੌਜਵਾਨ ਆਗੂਆਂ ਨੂੰ ਲੈ ਕੇ ਦਿਖਾਈ ਜਾ ਰਹੀ ਸਰਗਰਮੀ ਨੂੰ ਇਸ ਰਣਨੀਤੀ ਦੀ ਅਹਿਮ ਕੜੀ ਮੰਨਿਆ ਜਾ ਰਿਹਾ ਹੈ । ਪਾਰਟੀ ਅੰਦਰ ਨੌਜਵਾਨ ਚਿਹਰਿਆਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵਧੇਰੇ ਨੁਮਾਇੰਦਗੀ ਦੇਣ ਦੀ ਸੰਭਾਵਨਾ ’ਤੇ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ । ਜੇਕਰ ਇਹ ਰਣਨੀਤੀ ਅਮਲ ਵਿਚ ਆਉਂਦੀ ਹੈ, ਤਾਂ ਕਾਂਗਰਸ ਦੀ ਉਮੀਦਵਾਰ ਚੋਣ ਪ੍ਰਕਿਰਿਆ ਵਿਚ ਨਵੀਂ ਪੀੜ੍ਹੀ ਦੇ ਚਿਹਰਿਆਂ ਦੀ ਭੂਮਿਕਾ ਵੱਧ ਸਕਦੀ ਹੈ । ਸੂਤਰਾਂ ਮੁਤਾਬਿਕ ਪੰਜਾਬ ਯੂਥ ਕਾਂਗਰਸ ਨੂੰ ਵੀ ਚੋਣਾਂ ਤੋਂ ਕਾਫ਼ੀ ਪਹਿਲਾਂ ਸਰਗਰਮ ਕਰਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਰਿਹਾ ਹੈ । ਜ਼ਿਲ੍ਹਾ ਪੱਧਰ ਤੋਂ ਲੈ ਕੇ ਵਿਧਾਨ ਸਭਾ ਹਲਕਿਆਂ ਤੱਕ ਨੌਜਵਾਨ ਵਰਕਰਾਂ ਨਾਲ ਲਗਾਤਾਰ ਸੰਪਰਕ ਬਣਾਉਣ ਤੇ ਸਥਾਨਕ ਮੁੱਦਿਆਂ ਦੀ ਪਛਾਣ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਇਸ ਦੇ ਚੱਲਦੇ ਹੀ ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਵਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਨਾਲ ਕੀਤੀ ਮੁਲਾਕਾਤ ਦੌਰਾਨ ਯੂਥ ਕਾਂਗਰਸ ਨੂੰ ਹੁਣੇ ਤੋਂ ਤਕੜਾ ਹੋ ਕੇ ਚੋਣ ਮੈਦਾਨ ’ਚ ਨਿੱਤਰਨ ਦਾ ਥਾਪੜਾ ਦਿੱਤਾ ਗਿਆ ਹੈ । ਕਾਂਗਰਸ ਦੀ ਰਣਨੀਤੀ ਦਾ ਸਭ ਤੋਂ ਅਹਿਮ ਪੱਖ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਚੋਣ ਨਾਲ ਜੁੜਿਆ ਹੋ ਸਕਦਾ ਹੈ। ਪਾਰਟੀ ਵਲੋਂ ਜੇਕਰ ਨੌਜਵਾਨਾਂ ਨੂੰ ਵਧੇਰੇ ਨੁਮਾਇੰਦਗੀ ਦੇਣ ਦਾ ਫ਼ੈਸਲਾ ਕੀਤਾ ਜਾਂਦਾ ਹੈ ਤਾਂ ਕਈ ਹਲਕਿਆਂ ਵਿਚ ਲੰਬੇ ਸਮੇਂ ਤੋਂ ਸਿਆਸਤ ਕਰ ਰਹੇ ਚਿਹਰਿਆਂ ਦੇ ਨਾਲ-ਨਾਲ ਨਵੇਂ ਨੌਜਵਾਨ ਚਿਹਰੇ ਵੀ ਦਾਅਵੇਦਾਰ ਵਜੋਂ ਸਾਹਮਣੇ ਆ ਸਕਦੇ ਹਨ ।