ਕਲਕੱਤਾ ਹਾਈ ਕੋਰਟ ਵਲੋਂ ਮਹੂਆ ਮੋਇਤਰਾ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਰੱਦ
ਕੋਲਕਾਤਾ, 7 ਸਤੰਬਰ (ਪੀ. ਟੀ.
ਕੋਲਕਾਤਾ, 7 ਸਤੰਬਰ (ਪੀ.ਟੀ.ਆਈ)-ਕਲਕੱਤਾ ਹਾਈ ਕੋਰਟ ਨੇ ਸੋਮਵਾਰ ਨੂੰ ਟੀ.ਐਮ.ਸੀ ਸੰਸਦ ਮੈਂਬਰ ਮਹੂਆ ਮੋਇਤਰਾ ਖ਼ਿਲਾਫ਼ ਕ੍ਰਿਸ਼ਨਾਨਗਰ ਦੀ ਅਦਾਲਤ ਵਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਰੱਦ ਕਰ ਦਿੱਤਾ ਅਤੇ ਕਥਿਤ ਨਫ਼ਰਤੀ ਭਾਸ਼ਣ ਨਾਲ ਸੰਬੰਧਿਤ ਮਾਮਲਾ ਇਥੇ ਬਿਧਾਨਨਗਰ ਸਥਿਤ ਵਿਸ਼ੇਸ਼ ਐੱਮ.ਪੀ/ਐੱਮ.ਐੱਲ.ਏ ਅਦਾਲਤ ਵਿਚ ਤਬਦੀਲ ਕਰਨ ਦਾ ਹੁਕਮ ਦਿੱਤਾ। ਮਹੂਆ ਮੋਇਤਰਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕਰਕੇ ਕ੍ਰਿਸ਼ਨਾਨਗਰ ਅਦਾਲਤ ਵਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਨੂੰ ਚੁਣੌਤੀ ਦਿੱਤੀ ਸੀ। ਹਾਈ ਕੋਰਟ ਨੇ 24 ਅਗਸਤ ਨੂੰ ਹੀ ਇਸ ਵਾਰੰਟ ’ਤੇ ਰੋਕ ਲਗਾ ਦਿੱਤੀ ਸੀ। ਸੋਮਵਾਰ ਨੂੰ ਮਾਮਲੇ ਦੀ ਮੁੜ ਸੁਣਵਾਈ ਦੌਰਾਨ ਜਸਟਿਸ ਦੇਬਾਂਗਸੂ ਬਾਸਕ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਪਿਛਲੀ ਅਦਾਲਤ ਦੀਆਂ ਸਾਰੀਆਂ ਕਾਰਵਾਈਆਂ ਅਤੇ ਹੁਕਮ ਰੱਦ ਕਰਦਿਆਂ ਮਾਮਲਾ ਵਿਸ਼ੇਸ਼ ਐੱਮ.ਪੀ/ਐੱਮ.ਐੱਲ.ਏ ਅਦਾਲਤ ਨੂੰ ਤਬਦੀਲ ਕਰਨ ਦਾ ਨਿਰਦੇਸ਼ ਦਿੱਤਾ। ਸ਼ਿਕਾਇਤ ’ਚ ਮਹੂਆ ਮੋਇਤਰਾ ’ਤੇ ਔਰਤਾਂ ਦੇ ਸਨਮਾਨ ਨੂੰ ਠੇਸ ਪਹੁੰਚਾਉਣ, ਵੱਖ-ਵੱਖ ਧਾਰਮਿਕ ਸਮੂਹਾਂ ’ਚ ਤਣਾਅ ਪੈਦਾ ਕਰਨ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਲੋਕਾਂ ਨੂੰ ਡਰਾਉਣ- ਧਮਕਾਉਣ ਦੇ ਦੋਸ਼ ਲਗਾਏ ਸਨ। ਮਾਮਲੇ ਦੀ ਸੁਣਵਾਈ ਕਰ ਰਹੀ ਕ੍ਰਿਸ਼ਨਾਨਗਰ ਅਦਾਲਤ ਨੇ ਮਹੂਆ ਮੋਇਤਰਾ ਨੂੰ ਕਈ ਵਾਰ ਪੇਸ਼ ਹੋਣ ਲਈ ਸੰਮਨ ਭੇਜੇ ਸੀ ਪਰ ਉਸ ਵਲੋਂ ਪੇਸ਼ ਨਾ ਹੋਣ ’ਤੇ ਅਦਾਲਤ ਨੇ ਗ੍ਰਿਫ਼ਾਤਰੀ ਵਾਰੰਟ ਜਾਰੀ ਕੀਤਾ ਸੀ।