ਇਕ ਦਿਨ ਵਿਚ ਖੰਡ 250 ਰੁਪਏ ਕੁਇੰਟਲ ਹੋਈ ਹੋਰ ਮਹਿੰਗੀ
ਜਲੰਧਰ, 21 ਅਗਸਤ-ਇਕ ਪਾਸੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਉਥੇ ਹੀ ਖੰਡ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਤੋਂ ਲੈ ਕੇ ਮਠਿਆਈਆਂ ਅਤੇ ਖੰਡ ਤੋਂ ਹੋਰ ਉਤਪਾਦ ਤਿਆਰ ਕਰਨ ਵਾਲੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਅੱਜ ਥੋਕ ਬਾਜ਼ਾਰ ਵਿਚ ਅੱਜ ਖੰਡ ਦੇ ਭਾਅ ਵਿਚ ਇਕੋ ਦਿਨ ਵਿਚ 250 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ।
ਜਲੰਧਰ, 21 ਅਗਸਤ-ਇਕ ਪਾਸੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਉਥੇ ਹੀ ਖੰਡ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਆਮ ਲੋਕਾਂ ਤੋਂ ਲੈ ਕੇ ਮਠਿਆਈਆਂ ਅਤੇ ਖੰਡ ਤੋਂ ਹੋਰ ਉਤਪਾਦ ਤਿਆਰ ਕਰਨ ਵਾਲੇ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ। ਪਿਛਲੇ ਕਰੀਬ ਇਕ ਮਹੀਨੇ ਤੋਂ ਖੰਡ ਦੀਆਂ ਕੀਮਤਾਂ ਵਿਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਅੱਜ ਥੋਕ ਬਾਜ਼ਾਰ ਵਿਚ ਅੱਜ ਖੰਡ ਦੇ ਭਾਅ ਵਿਚ ਇਕੋ ਦਿਨ ਵਿਚ 250 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਦਰਜ ਕੀਤਾ ਗਿਆ। ਥੋਕ ਬਾਜ਼ਾਰ ਵਿਚ ਕੱਲ੍ਹ ਤੱਕ ਜਿਹੜੀ ਖੰਡ ਲਗਭਗ 6550 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਸੀ, ਉਸ ਦੀ ਕੀਮਤ ਬੀਤੀ ਰਾਤ ਹੀ 250 ਰੁਪਏ ਵਧ ਕੇ 6800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜ ਗਈ। ਇਸ ਦੇ ਨਾਲ ਹੀ ਪ੍ਰਚੂਨ ਬਾਜ਼ਾਰ ਵਿਚ ਖੰਡ ਦੀ ਕੀਮਤ ਕਰੀਬ 70 ਰੁਪਏ ਕਿੱਲੋ ਤੱਕ ਪੁੱਜ ਗਈ ਹੈ। ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਅਤੇ ਬਾਜ਼ਾਰ ਵਿਚ ਇਸ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਵਲੋਂ 10 ਲੱਖ ਮੀਟਰਿਕ ਟਨ ਖੰਡ ਦੀ ਦਰਾਮਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਬਾਵਜੂਦ ਥੋਕ ਬਾਜ਼ਾਰ ਵਿਚ ਖੰਡ ਦੇ ਭਾਅ ਵਿਚ ਤੇਜ਼ੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਥੋਕ ਬਾਜ਼ਾਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਸਪਲਾਈ ਵਧਾਉਣ ਲਈ ਕਦਮ ਚੁੱਕੇ ਜਾਣ ਦੇ ਬਾਵਜੂਦ ਮੌਜੂਦਾ ਸਮੇਂ ਵਿਚ ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਲਗਾਤਾਰ ਉੱਪਰ ਜਾ ਰਹੀਆਂ ਹਨ। ਇਕ ਮਹੀਨੇ ਦੇ ਅੰਦਰ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਵਪਾਰੀਆਂ ਅਤੇ ਖਪਤਕਾਰਾਂ ਵਿਚ ਕਾਫੀ ਚਰਚਾ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਖੰਡ ਦੀ ਖਪਤ ਆਮ ਦਿਨਾਂ ਦੇ ਮੁਕਾਬਲੇ ਕਾਫੀ ਵੱਧ ਜਾਂਦੀ ਹੈ। ਰੱਖੜੀ, ਜਨਮ ਅਸ਼ਟਮੀ ਸਮੇਤ ਹੋਰ ਵੱਡੇ ਤਿਉਹਾਰਾਂ ਤੋਂ ਪਹਿਲਾਂ ਮਠਿਆਈਆਂ ਦੀ ਮੰਗ ਵਧਣ ਕਾਰਨ ਮਠਿਆਈ ਵਿਕਰੇਤਾ ਵੀ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਚਿੰਤਤ ਹਨ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਜੇਕਰ ਖੰਡ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਮਠਿਆਈਆਂ ਅਤੇ ਖੰਡ ਤੋਂ ਤਿਆਰ ਹੋਣ ਵਾਲੀਆਂ ਹੋਰ ਖਾਣ-ਪੀਣ ਦੀਆਂ ਵਸਤਾਂ ਦੀ ਲਾਗਤ ਵੀ ਵਧੇਗੀ। ਇਸ ਦਾ ਸਿੱਧਾ ਅਸਰ ਉਨ੍ਹਾਂ ਦੀਆਂ ਕੀਮਤਾਂ ਅਤੇ ਵਿੱਕਰੀ ’ਤੇ ਪੈ ਸਕਦਾ ਹੈ। ਤਿਉਹਾਰੀ ਸੀਜ਼ਨ ਤੋਂ ਪਹਿਲਾਂ ਸਿਰਫ਼ ਖੰਡ ਹੀ ਨਹੀਂ, ਸਗੋਂ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਖਾਣ ਵਾਲੇ ਤੇਲਾਂ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ ਕਰੀਬ 500 ਰੁਪਏ ਪ੍ਰਤੀ ਟੀਨ ਵਧੇ ਹੋਏ ਹਨ। ਇਸੇ ਤਰ੍ਹਾਂ ਬਦਾਮ ਦੀ ਗਿਰੀ ਦੀ ਕੀਮਤ ਵਿਚ ਵੀ ਕਰੀਬ 200 ਤੋਂ 300 ਰੁਪਏ ਪ੍ਰਤੀ ਕਿੱਲੋ ਤੱਕ ਦਾ ਵਾਧਾ ਦੱਸਿਆ ਜਾ ਰਿਹਾ ਹੈ। ਬਾਜ਼ਾਰ ਵਿਚ ਖੰਡ ਦੀਆਂ ਕੀਮਤਾਂ ਵਿਚ ਆ ਰਹੀ ਤੇਜ਼ੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਕੁਝ ਵਪਾਰਕ ਹਲਕਿਆਂ ਵਿਚ ਗੰਨੇ ਤੋਂ ਈਥਾਨੋਲ ਤਿਆਰ ਕਰਨ ਨਾਲ ਖੰਡ ਦੀ ਉਪਲਬਧਤਾ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਨੂੰ ਵੀ ਇਸ ਤੇਜ਼ੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ’ਤੇ ਹਨ ਕਿ ਕੇਂਦਰ ਸਰਕਾਰ ਵਲੋਂ ਖੰਡ ਦੀ ਦਰਾਮਦ ਅਤੇ ਸਪਲਾਈ ਵਧਾਉਣ ਲਈ ਕੀਤੇ ਗਏ ਉਪਰਾਲਿਆਂ ਦਾ ਬਾਜ਼ਾਰ ’ਤੇ ਕਦੋਂ ਅਸਰ ਪੈਂਦਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿਚ ਕੀਮਤਾਂ ਵਿਚ ਤੇਜ਼ੀ ਜਾਰੀ ਰਹਿੰਦੀ ਹੈ ਤਾਂ ਤਿਉਹਾਰੀ ਸੀਜ਼ਨ ਦੌਰਾਨ ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਦੀ ਜੇਬ ’ਤੇ ਪੈਣ ਦੀ ਸੰਭਾਵਨਾ ਹੈ।