‘ਆਪ’ ਸਰਕਾਰ ਵਲੋਂ ਪੰਜਾਬ ’ਚ ਔਰਤਾਂ ਲਈ ਲਿਆਂਦਾ ਜਾ ਰਿਹਾ ਪਹਿਲਾ ਵੱਡਾ ਪ੍ਰੋਜੈਕਟ
-ਪੰਜਾਬ ’ਚ ‘ਮਹਿਲਾ ਹਾਟ’ ਵਜੋਂ ਬਣਾਏ ਜਾਣਗੇ ਔਰਤਾਂ ਲਈ 46 ਸ਼ੋਅਰੂਮ
ਚੰਡੀਗੜ੍ਹ, 7 ਅਗਸਤ (ਵਿਕਰਮਜੀਤ ਸਿੰਘ ਮਾਨ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਔਰਤਾਂ ਲਈ ਇਕ ਵਿਸ਼ੇਸ਼ ਵੱਡਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਇਸ ਦਾ ਖ਼ੁਲਾਸਾ ਅੱਜ ਪੰਜਾਬ ਵਿਧਾਨ ਸਭਾ ਸਦਨ ’ਚ ਮੰਤਰੀਆਂ ਅਤੇ ਵਿਧਾਇਕਾਂ ਵਿਚਾਲੇ ਚੱਲਣ ਵਾਲੀਆਂ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਹੋਇਆ।
ਚੰਡੀਗੜ੍ਹ, 7 ਅਗਸਤ (ਵਿਕਰਮਜੀਤ ਸਿੰਘ ਮਾਨ)-ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਔਰਤਾਂ ਲਈ ਇਕ ਵਿਸ਼ੇਸ਼ ਵੱਡਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ। ਇਸ ਦਾ ਖ਼ੁਲਾਸਾ ਅੱਜ ਪੰਜਾਬ ਵਿਧਾਨ ਸਭਾ ਸਦਨ ’ਚ ਮੰਤਰੀਆਂ ਅਤੇ ਵਿਧਾਇਕਾਂ ਵਿਚਾਲੇ ਚੱਲਣ ਵਾਲੀਆਂ ਸਵਾਲ ਜਵਾਬ ਦੀ ਕਾਰਵਾਈ ਦੌਰਾਨ ਹੋਇਆ। ਸਦਨ ਵਿਚ ਵਿਧਾਇਕ ਜਗਦੀਪ ਕੰਬੋਜ ਵਲੋਂ ਕੀਤੇ ਇਕ ਸਵਾਲ ਦਾ ਜਵਾਬ ਦਿੰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਸਰਕਾਰ ਵਲੋਂ ਔਰਤਾਂ ਲਈ ਇਕ ਵਿਸ਼ੇਸ਼ ਵੱਡਾ ਪ੍ਰੋਜੈਕਟ ਲਿਆਂਦਾ ਜਾ ਰਿਹਾ ਹੈ ਅਤੇ ‘ਮਹਿਲਾ ਹਾਟ’ ਦੇ ਨਾਂਅ ਨਾਲ ਸ਼ੁਰੂ ਹੋਣ ਜਾ ਰਹੇ ਪ੍ਰਾਜੈਕਟ ਤਹਿਤ ਔਰਤਾਂ ਲਈ ਵਿਸ਼ੇਸ਼ 46 ਸ਼ੋਅਰੂਮ ਬਣਾਏ ਜਾਣਗੇ ਅਤੇ ਇਨ੍ਹਾਂ ਸ਼ੋਅਰੂਮਾਂ ਵਿਚ ਔਰਤਾਂ ਬੁਟੀਕ ਅਤੇ ਹੋਰ ਕੰਮ ਕਰ ਸਕਣਗੀਆਂ। ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦਾ ਔਰਤਾਂ ਲਈ ਪਹਿਲਾ ਵੱਡਾ ਪ੍ਰੋਜੈਕਟ ਹੋਵੇਗਾ। ਹੋਰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਜਲਾਲਾਬਾਦ ਵਿਖੇ ਪਹਿਲੀ ‘ਮਹਿਲਾ ਹਾਟ’ ਬਣਾਈ ਜਾਵੇਗੀ, ਜਿਥੇ ਇਸ ਨੂੰ ਜਲਦ ਸ਼ੁਰੂ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਔਰਤਾਂ ਲਈ ਇਹ ਵਿਸ਼ੇਸ਼ ਪ੍ਰਾਜੈਕਟ ਵਿਧਾਇਕ ਜਗਦੀਪ ਕੰਬੋਜ ਦੀ ਪਤਨੀ ਵਲੋਂ ਤਿਆਰ ਕੀਤਾ ਗਿਆ ਹੈ।ਇਸ ਪ੍ਰਾਜੈਕਟ ਨਾਲ ਔਰਤਾਂ ਦੇ ਸ਼ਕਤੀਕਰਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਇਸ ਪ੍ਰਾਜੈਕਟ ਦੇ ਸਿਰੇ ਚੜ੍ਹਨ ਮਗਰੋਂ ਪੰਜਾਬ ਵਿਚ ਹੋਰ ਥਾਵਾਂ ਉਤੇ ਵੀ ਅਜਿਹਾ ਪ੍ਰਾਜੈਕਟ ਲਿਆਂਦਾ ਜਾ ਸਕਦਾ ਹੈ। ਇਕ ਸਵਾਲ ਦਾ ਸਦਨ ਵਿਚ ਜਵਾਬ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿਚ 1032 ਲੈਕਚਰਾਰਾਂ ਦੀ ਭਰਤੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਦਿਹਾਤੀ ਖੇਤਰਾਂ ਵਿਚ ਤਾਇਨਾਤ ਕੀਤਾ ਜਾਵੇਗਾ। ਸਮਾਂ ਹੱਦ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਇਹ ਭਰਤੀ 3-4 ਮਹੀਨਿਆਂ ਵਿਚ ਪੂਰੀ ਕਰ ਲਈ ਜਾਵੇਗੀ। ਇਸੇ ਤਰ੍ਹਾਂ ਸਦਨ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਲਕਾ ਰਾਏਕੋਟ ਵਿਚ ਨਵਾਂ ਜੁਡੀਸ਼ੀਅਲ ਕੰਪਲੈਕਸ ਜ਼ਮੀਨ ਨਾ ਹੋਣ ਕਰਕੇ ਨਹੀਂ ਬਣਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜ਼ਮੀਨ ਮਿਲਣ ਤੋਂ ਬਾਅਦ ਜੁਡੀਸ਼ੀਅਲ ਕੰਪਲੈਕਸ ਬਣਾਉਣ ਬਾਰੇ ਵਿਚਾਰ ਕੀਤਾ ਜਾਵੇਗਾ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਜ਼ੀਰਾ ਅਧੀਨ 142 ਕਿਲੋਮੀਟਰ ਦੇ 89 ਕੱਚੇ ਰਸਤਿਆਂ ਅਤੇ ਨਵੀਆਂ ਲਿੰਕ ਸੜਕਾਂ ਲਈ 54.69 ਕਰੋੜ ਰੁਪਏ ਪ੍ਰਵਾਨ ਹੋ ਚੁੱਕੇ ਹਨ। ਇਨ੍ਹਾਂ ਸੜਕਾਂ ਦੀ ਉਸਾਰੀ ਜਲਦ ਸ਼ੁਰੂ ਕਰ ਦਿੱਤੀ ਜਾਵੇਗੀ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਫ਼ਰੀਦਕੋਟ ਹਲਕੇ ਵਿਚ 17.12 ਕਰੋੜ ਰੁਪਏ ਨਾਲ 39 ਖਾਲੇ ਬਣਾਏ ਗਏ ਹਨ। ਇਨ੍ਹਾਂ ਦੀ ਲੰਬਾਈ 103.94 ਕਿਲੋਮੀਟਰ ਹੈ, ਜਿਸ ਨਾਲ 13083 ਏਕੜ ਰਕਬੇ ਨੂੰ ਕਵਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਵਿਚ 18.64 ਕਰੋੜ ਰੁਪਏ ਨਾਲ 23 ਨਵੇਂ ਕੰਮ ਕੀਤੇ ਜਾ ਰਹੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਫ਼ਰੀਦਕੋਟ ਵਿਚ ਵਿਕਾਸ ਕਾਰਜਾਂ ਲਈ 188 ਕਰੋੜ ਰੁਪਏ ਖ਼ਰਚ ਕੀਤੇ ਹਨ, ਜਦਕਿ ਬਾਕੀ ਰਹਿੰਦੇ ਖਾਲਿਆਂ ਦਾ ਕੰਮ ਜਲਦ ਪੂਰਾ ਕੀਤਾ ਜਾਵੇਗਾ।