ਗੁਰਬਾਣੀ ਪ੍ਰਸਾਰਨ ਮਾਮਲੇ ਸੰਬੰਧੀ ਸ਼੍ਰੋਮਣੀ ਕਮੇਟੀ
ਨੇ ਜੀ.ਟੀ.ਸੀ. ਚੈਨਲ ਨੂੰ ਕਾਨੂੰਨੀ ਨੋਟਿਸ ਭੇਜਿਆ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਰਾਖਵੇਂ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ-ਧਾਮੀ
ਅੰਮ੍ਰਿਤਸਰ, 6 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਵਿਚ ਚੱਲ ਰਹੇ ਵਿਵਾਦ ਦੌਰਾਨ ਇਕ ਨਿੱਜੀ ਟੀ. ਵੀ .
ਅੰਮ੍ਰਿਤਸਰ, 6 ਅਗਸਤ (ਜਸਵੰਤ ਸਿੰਘ ਜੱਸ)-ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਵਿਚ ਚੱਲ ਰਹੇ ਵਿਵਾਦ ਦੌਰਾਨ ਇਕ ਨਿੱਜੀ ਟੀ.ਵੀ .ਚੈਨਲ ਵਲੋਂ ਇਸ ਦਾ ਅੱਜ ਤੋਂ ਸਿੱਧਾ ਪ੍ਰਸਾਰਨ ਸ਼ੁਰੂ ਕਰ ਦੇਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸਪੱਸ਼ਟ ਕੀਤਾ ਹੈ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਸੰਬੰਧੀ ਸਾਰੇ ਰਾਖਵੇਂ ਅਧਿਕਾਰ ਕੇਵਲ ਸ਼੍ਰੋਮਣੀ ਕਮੇਟੀ ਕੋਲ ਹਨ ਅਤੇ ਕੋਈ ਵੀ ਚੈਨਲ ਬਿਨਾ ਪ੍ਰਵਾਨਗੀ ਇਸ ਦਾ ਪ੍ਰਸਾਰਨ ਨਹੀਂ ਕਰ ਸਕਦਾ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਬਿਨਾ ਪ੍ਰਵਾਨਗੀ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਕਰਨ ਵਾਲੇ ਟੀ.ਵੀ. ਚੈਨਲ ਜੀ.ਟੀ.ਸੀ. ਦੇ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ।ਪ੍ਰਧਾਨ ਧਾਮੀ ਨੇ ਕਿਹਾ ਕਿ ਬੀਤੀ ਦੇਰ ਰਾਤ ਜੀ.ਟੀ.ਸੀ. ਚੈਨਲ ਦੇ ਐੱਮ. ਡੀ. ਰਾਬਿੰਦਰਾ ਨਰਾਇਣ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰਤ ਯੂ-ਟਿਊਬ ਚੈਨਲ ਤੋਂ ਲਿੰਕ ਲੈ ਕੇ ਆਪਣੇ ਚੈਨਲ ‘ਤੇ ਗੁਰਬਾਣੀ ਪ੍ਰਸਾਰਨ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਾ ਹਵਾਲਾ ਦੇ ਕੇ ਲਿਖਿਆ ਅਤੇ ਈਮੇਲ ਰਾਹੀਂ ਰਾਤ 9 ਵਜੇ ਪੱਤਰ ਭੇਜ ਕੇ ਇਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਨੂੰ ਦਿੱਤੀ, ਜੋ ਅਧਿਕਾਰਤ ਨਿਯਮਾਂ ਦੀ ਉਲੰਘਣਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਾ ਸ਼੍ਰੋਮਣੀ ਕਮੇਟੀ ਨਾਲ ਕੋਈ ਸਰੋਕਾਰ ਨਹੀਂ। ਉਨ੍ਹਾਂ ਉਕਤ ਚੈਨਲ ਨੂੰ ਕਥਿਤ ਅਣ-ਅਧਿਕਾਰਤ ਤੌਰ ‘ਤੇ ਚਲਾਇਆ ਜਾ ਰਿਹਾ ਗੁਰਬਾਣੀ ਪ੍ਰਸਾਰਨ ਤੁਰੰਤ ਬੰਦ ਕਰਨ ਲਈ ਆਖਦਿਆਂ ਇਸ ਸੰਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਪੀ.ਟੀ.ਸੀ. ਚੈਨਲ ਨਾਲ ਗੁਰਬਾਣੀ ਪ੍ਰਸਾਰਣ ਸੰਬੰਧੀ ਲੰਮੇ ਸਮੇਂ ਤੋਂ ਚੱਲ ਰਿਹਾ ਸਮਝੌਤਾ 2023 ਵਿਚ ਖ਼ਤਮ ਕਰ ਦਿੱਤਾ ਗਿਆ ਸੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਸੈਟੇਲਾਈਟ ਚੈਨਲ ਸਥਾਪਿਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਇਸ ਕਾਰਜ ਸੰਬੰਧੀ ਬਣਾਈ ਗਈ ਸਬ-ਕਮੇਟੀ ਦੀਆਂ ਕਈ ਇਕੱਤਰਤਾਵਾਂ ਮਗਰੋਂ ਵੈੱਬ ਚੈਨਲ ਚਲਾਉਣ ਦੀ ਸਿਫ਼ਾਰਸ਼ ਹੋਈ ਅਤੇ ਇਸ ਲਈ ਸੈਟਅੱਪ ਤਿਆਰ ਕਰਨ ਅਤੇ ਤਕਨੀਕੀ ਸਟਾਫ਼ ਵਾਸਤੇ ਵੱਖ-ਵੱਖ ਕੰਪਨੀਆਂ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਮਹੀਨਾਵਾਰ 12 ਲੱਖ ਰੁਪਏ ਖਰਚ ਆਉਣ ਦਾ ਅੰਦਾਜ਼ਾ ਦਿੱਤਾ ਸੀ। ਇਸੇ ਦੌਰਾਨ 21 ਜੁਲਾਈ 2023 ਨੂੰ ਜਥੇਦਾਰ ਵਲੋਂ ਪੁੱਜੇ ਪੱਤਰ ਅਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਸ਼੍ਰੋਮਣੀ ਕਮੇਟੀ ਵਲੋਂ ਪਹਿਲਾਂ ਕੰਮ ਕਰ ਰਹੇ ਪੀ.ਟੀ.ਸੀ. ਚੈਨਲ, ਜਿਨ੍ਹਾਂ ਨੇ ਸੈਟਅੱਪ ਲਗਾਉਣ ਅਤੇ ਤਕਨੀਕੀ ਸਟਾਫ਼ ਆਦਿ ਲਈ ਹੋਣ ਵਾਲੇ ਮਹੀਨਾਵਾਰ 12 ਲੱਖ ਰੁਪਏ ਖ਼ਰਚ ਚੁੱਕਣ ਦੀ ਵਚਨਬੱਧਤਾ ਪ੍ਰਗਟਾਈ, ਨੂੰ ਕੇਵਲ ਸੈਟੇਲਾਈਟ ਰਾਹੀਂ ਗੁਰਬਾਣੀ ਪ੍ਰਸਾਰਣ ਜਾਰੀ ਰੱਖਣ ਦੀ ਸਹਿਮਤੀ ਦਿੱਤੀ, ਜਦਕਿ ਬਾਕੀ ਹਰ ਤਰ੍ਹਾਂ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਨੇ ਆਪਣੇ ਕੋਲ ਰਾਖਵੇਂ ਰੱਖੇ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਗੁਰਬਾਣੀ ਪ੍ਰਸਾਰਨ ਸੰਬੰਧੀ 15 ਸਤੰਬਰ 2000 ਨੂੰ ਈ. ਟੀ. ਸੀ. ਚੈਨਲ ਨਾਲ 11 ਸਾਲ ਲਈ ਸਮਝੌਤਾ ਹੋਇਆ ਸੀ, ਜੋ 2007 ਤੋਂ ਜੀ ਨੈਕਸਟ ਮੀਡੀਆ (ਪੀ. ਟੀ. ਸੀ.) ਵਿਚ ਤਬਦੀਲ ਹੋ ਗਿਆ ਤੇ ਫਿਰ 2012 ਤੋਂ ਮੁੜ 11 ਸਾਲ ਲਈ ਇਕਰਾਰਨਾਮਾ ਹੋਇਆ ਜੁਲਾਈ 2023 ਵਿਚ ਖਤਮ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਪੀ. ਟੀ. ਸੀ. ਚੈਨਲ ਨਾਲ ਕੋਈ ਇਕਰਾਰਨਾਮਾ ਨਹੀਂ, ਪਰ ਉਨ੍ਹਾਂ ਵਲੋਂ ਸ਼੍ਰੋਮਣੀ ਕਮੇਟੀ ਨੂੰ ਆਪਣੇ ਯੂਟਿਊਬ ਚੈਨਲ ਪ੍ਰਸਾਰਨ ਲਈ ਆਪਣਾ ਸੈਟਅੱਪ ਮੁਫ਼ਤ ਵਿਚ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ 2023 ਤੋਂ ਬਾਅਦ ਪੀ.ਟੀ.ਸੀ. ਨਾਲ ਕੋਈ ਦੇਣ ਲੈਣ ਨਹੀਂ ਰਿਹਾ। ਪ੍ਰਧਾਨ ਧਾਮੀ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸ਼ਹਿ ‘ਤੇ ਹੋ ਰਿਹਾ ਹੈ, ਕਿਉਂਕਿ ਜੀ.ਟੀ.ਸੀ. ਚੈਨਲ ਨਾਲ ਇਕ ‘ਆਪ’ ਵਿਧਾਇਕ ਦਾ ਨਾਂਅ ਜੁੜਦਾ ਹੈ।ਪ੍ਰਧਾਨ ਧਾਮੀ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਯੂ-ਟਿਊਬ ਚੈਨਲ ਤੋਂ ਕਿਸੇ ਵੀ ਡਾਊਨਲੋਡ ਕਰਨ ਦਾ ਅਧਿਕਾਰ ਨਹੀਂ ਅਤੇ ਜੇਕਰ ਕੋਈ ਗੁਰਬਾਣੀ ਦੇ ਪ੍ਰਸਾਰ ਦੇ ਮੱਦੇਨਜ਼ਰ ਸੇਵਾ ਕਰਨੀ ਚਾਹੁੰਦਾ ਹੈ ਤਾਂ ਉਹ ਕੇਵਲ ਸ਼ੇਅਰ ਕਰ ਸਕਦਾ ਹੈ। ਕੋਈ ਵੀ ਜੇਕਰ ਲਿੰਕ ਡਾਊਨਲੋਡ ਕਰਕੇ ‘ਰੀ-ਸਟ੍ਰੀਮ’ ਕਰੇਗਾ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਚੈਨਲ ਲਾਈਵ ਪ੍ਰਸਾਰਨ ਕਰਨ ਸੰਬੰਧੀ ਮੰਗ ਭੇਜਦਾ ਹੈ ਤਾਂ ਉਸ ਬਾਰੇ ਸ਼੍ਰੋਮਣੀ ਕਮੇਟੀ ਨਿਯਮਾਂ ਅਨੁਸਾਰ ਫ਼ੈਸਲਾ ਕਰ ਸਕਦੀ ਹੈ, ਇਸ ਲਈ ਬਕਾਇਦਾ ਨਿਯਮ ਬਣਾਉਣੇ ਪੈਣਗੇ, ਪ੍ਰੰਤੂ ਆਪਣੇ ਆਪ ਲਾਈਵ ਪ੍ਰਸਾਰਨ ਕਰਨ ਦੀ ਕਿਸੇ ਨੂੰ ਖੁੱਲ੍ਹ ਨਹੀਂ ਹੈ।ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਬਾਵਾ ਸਿੰਘ ਗੁਮਾਨਪੁਰਾ, ਓ.ਐੱਸ.ਡੀ. ਸਤਬੀਰ ਸਿੰਘ ਧਾਮੀ, ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਨਿੱਜੀ ਸਕੱਤਰ ਸ਼ਾਹਬਾਜ਼ ਸਿੰਘ, ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸ੍ਰੀ ਦਰਬਾਰ ਸਾਹਿਬ ਜਨਰਲ ਮੈਨੇਜਰ ਮੇਜਰ ਸਿੰਘ ਤੇ ਮੀਤ ਸਕੱਤਰ ਹਰਭਜਨ ਸਿੰਘ ਵਕਤਾ ਵੀ ਮੌਜੂਦ ਸਨ।