ਰੈਸਟ ਹਾਊਸ ਵੈਲਫੇਅਰ ਗਰੁੱਪ ਨੇ ਦਰਬਾਰ ਗੰਜ ਦੇ ਓਪਨ ਜਿੰਮ ਦੀ ਸੰਭਾਲ ਦਾ ਚੁੱਕਿਆ ਬੀੜਾ
ਫ਼ਰੀਦਕੋਟ, 30 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਮਾਜ ਸੇਵੀ ਸੰਸਥਾ ਰੈਸਟ ਹਾਊਸ ਵੈਲਫੇਅਰ ਗਰੁੱਪ ਫ਼ਰੀਦਕੋਟ ਵਲੋਂ ਸ਼ਹਿਰ ਦੇ ਇਤਿਹਾਸਕ ਦਰਬਾਰ ਗੰਜ ਸਥਿਤ ਰੈਸਟ ਹਾਊਸ ਦੇ ਓਪਨ ਜਿੰਮ ’ਚ ਖ਼ਰਾਬ ਪਏ ਕਸਰਤ ਉਪਕਰਨਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਮੁੜ ਵਰਤੋਂ ਯੋਗ ਬਣਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਗਰੁੱਪ ਦੇ ਮੈਂਬਰਾਂ ਨੇ ਸੇਵਾ ਭਾਵਨਾ ਨਾਲ ਇਸ ਕਾਰਜ ਦੀ ਸ਼ੁਰੂਆਤ ਕਰਦਿਆਂ ਐਕਸਰਸਾਈਜ਼ ਸਾਈਕਲ ਸਮੇਤ ਹੋਰ ਕਸਰਤ ਉਪਕਰਨਾਂ ਦੀ ਮੁਰੰਮਤ ਕਰਵਾਈ ਹੈ।
ਫ਼ਰੀਦਕੋਟ, 30 ਅਕਤੂਬਰ (ਹਰਮਿੰਦਰ ਸਿੰਘ ਮਿੰਦਾ)-ਸਮਾਜ ਸੇਵੀ ਸੰਸਥਾ ਰੈਸਟ ਹਾਊਸ ਵੈਲਫੇਅਰ ਗਰੁੱਪ ਫ਼ਰੀਦਕੋਟ ਵਲੋਂ ਸ਼ਹਿਰ ਦੇ ਇਤਿਹਾਸਕ ਦਰਬਾਰ ਗੰਜ ਸਥਿਤ ਰੈਸਟ ਹਾਊਸ ਦੇ ਓਪਨ ਜਿੰਮ ’ਚ ਖ਼ਰਾਬ ਪਏ ਕਸਰਤ ਉਪਕਰਨਾਂ ਦੀ ਮੁਰੰਮਤ ਕਰਵਾ ਕੇ ਉਨ੍ਹਾਂ ਨੂੰ ਮੁੜ ਵਰਤੋਂ ਯੋਗ ਬਣਾਉਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ। ਗਰੁੱਪ ਦੇ ਮੈਂਬਰਾਂ ਨੇ ਸੇਵਾ ਭਾਵਨਾ ਨਾਲ ਇਸ ਕਾਰਜ ਦੀ ਸ਼ੁਰੂਆਤ ਕਰਦਿਆਂ ਐਕਸਰਸਾਈਜ਼ ਸਾਈਕਲ ਸਮੇਤ ਹੋਰ ਕਸਰਤ ਉਪਕਰਨਾਂ ਦੀ ਮੁਰੰਮਤ ਕਰਵਾਈ ਹੈ। ਜ਼ਿਕਰਯੋਗ ਹੈ ਕਿ ਫ਼ਰੀਦਕੋਟ ਪੰਜਾਬ ਦੇ ਇਤਿਹਾਸਕ ਸ਼ਹਿਰਾਂ ਵਿਚੋਂ ਇਕ ਹੈ, ਜਿੱਥੇ ਰਿਆਸਤੀ ਦੌਰ ਦੀਆਂ ਅਨੇਕਾਂ ਇਤਿਹਾਸਕ ਇਮਾਰਤਾਂ ਅੱਜ ਵੀ ਸ਼ਹਿਰ ਦੀ ਅਮੀਰ ਵਿਰਾਸਤ ਦੀ ਗਵਾਹੀ ਭਰਦੀਆਂ ਹਨ। ਇਨ੍ਹਾਂ ਵਿਚ ਕਿਲ੍ਹਾ ਮੁਬਾਰਕ, ਘੰਟਾ ਘਰ, ਰਾਜ ਮਹਿਲ, ਦਰਬਾਰ ਗੰਜ ਰੈਸਟ ਹਾਊਸ, ਪੁਰਾਣੀਆਂ ਜ਼ਿਲ੍ਹਾ ਕਚਹਿਰੀਆਂ ਅਤੇ ਸ਼ਹਿਰ ਦੇ ਵੱਖ-ਵੱਖ ਇਤਿਹਾਸਕ ਦਰਵਾਜ਼ੇ ਵਿਸ਼ੇਸ਼ ਮਹੱਤਤਾ ਰੱਖਦੇ ਹਨ। ਸ਼ਹਿਰ ਦੇ ਕੇਂਦਰ ’ਚ ਸਥਿਤ ਦਰਬਾਰ ਗੰਜ ਰੈਸਟ ਹਾਊਸ ਦਾ ਖੁੱਲ੍ਹਾ ਅਤੇ ਹਰਿਆ-ਭਰਿਆ ਵਾਤਾਵਰਨ ਸਵੇਰ-ਸ਼ਾਮ ਸੈਰ ਕਰਨ ਵਾਲੇ ਲੋਕਾਂ ਲਈ ਖਿੱਚ ਦਾ ਕੇਂਦਰ ਹੈ। ਇੱਥੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਸਵੇਰ ਅਤੇ ਸ਼ਾਮ ਦੀ ਸੈਰ ਕਰਨ, ਕਸਰਤ ਕਰਨ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਪਹੁੰਚਦੇ ਹਨ। ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਇੱਥੇ ਮੁਫ਼ਤ ਓਪਨ ਜਿੰਮ ਦੀ ਸਹੂਲਤ ਮੁਹੱਈਆ ਕਰਵਾਈ ਗਈ ਸੀ। ਛੋਟੇ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਅਤੇ ਹੋਰ ਸਹੂਲਤਾਂ ਵੀ ਉਪਲਬਧ ਕਰਵਾਈਆਂ ਗਈਆਂ ਹਨ। ਪਰ ਸਮੇਂ ਦੇ ਨਾਲ ਮੁਰੰਮਤ ਦੀ ਘਾਟ ਕਾਰਨ ਕਈ ਕਸਰਤ ਮਸ਼ੀਨਾਂ ਅਤੇ ਬੱਚਿਆਂ ਦੇ ਝੂਲੇ ਖਰਾਬ ਹੋ ਗਏ, ਜਿਸ ਕਾਰਨ ਲੋਕਾਂ ਨੂੰ ਇਨ੍ਹਾਂ ਸਹੂਲਤਾਂ ਦਾ ਪੂਰਾ ਲਾਭ ਨਹੀਂ ਮਿਲ ਰਿਹਾ ਸੀ। ਰੈਸਟ ਹਾਊਸ ਵੈੱਲਫੇਅਰ ਗਰੁੱਪ ਫ਼ਰੀਦਕੋਟ ਦੇ ਮੈਂਬਰਾਂ ਨੇ ਆਪਸੀ ਸਹਿਯੋਗ ਨਾਲ ਖਰਾਬ ਉਪਕਰਨਾਂ ਦੀ ਮੁਰੰਮਤ ਕਰਵਾਉਣ ਦਾ ਬੀੜਾ ਚੁੱਕਿਆ। ਗਰੁੱਪ ਦੇ ਮੈਂਬਰ ਜੰਗੀਰ ਸਿੰਘ ਵਲੋਂ ਵਿਸ਼ੇਸ਼ ਪਹਿਲਕਦਮੀ ਕਰਦਿਆਂ ਜਿੰਮ ਵਿਚ ਲੱਗੇ ਵੱਖ-ਵੱਖ ਕਸਰਤ ਉਪਕਰਨਾਂ ਦੀ ਟੁੱਟ-ਭੱਜ ਦੀ ਮੁਰੰਮਤ ਕਰਵਾਈ ਗਈ। ਇਸ ਦੌਰਾਨ ਇਕ ਐਕਸਰਸਾਈਜ ਸਾਈਕਲ ਵੀ ਲਗਾਇਆ ਗਿਆ, ਤਾਂ ਜੋ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਸਰਤ ਕਰਨ ਦੀ ਹੋਰ ਸਹੂਲਤ ਮਿਲ ਸਕੇ। ਇਸ ਸੇਵਾ ਕਾਰਜ ਵਿਚ ਗਰੁੱਪ ਦੇ ਸਮੂਹ ਮੈਂਬਰਾਂ ਵਲੋਂ ਆਪਣਾ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਓਪਨ ਜਿੰਮ ਦੇ ਹੋਰ ਖਰਾਬ ਉਪਕਰਨਾਂ ਦੀ ਮੁਰੰਮਤ, ਰੰਗ-ਰੋਗਨ ਅਤੇ ਸੁੰਦਰੀਕਰਨ ਦੇ ਕੰਮ ਵੀ ਕਰਵਾਏ ਜਾਣਗੇ। ਇਸ ਮੌਕੇ ਵਿਰਸਾ ਸਿੰਘ, ਅਮਰਜੀਤ ਸਿੰਘ ਸੇਖੋਂ, ਗੁਰਵਿੰਦਰ ਪਾਲ ਸਿੰਘ, ਬਲਦੇਵ ਸਿੰਘ ਸੇਵਾਮੁਕਤ ਸੁਪਰਡੈਂਟ, ਸਵਰਨ ਸਿੰਘ ਵੰਗੜ, ਐਡਵੋਕੇਟ ਰਿਹਾਨ, ਹਰਿੰਦਰ ਸਿੰਘ ਸੇਵਾ ਮੁਕਤ ਇੰਸਪੈਕਟਰ ਪੰਜਾਬ ਪੁਲਿਸ, ਰਜਿੰਦਰ ਸਿੰਘ ਸੇਵਾ ਮੁਕਤ ਸੁਪਰਡੈਂਟ ਅਤੇ ਹੋਰ ਗਰੁੱਪ ਮੈਂਬਰ ਹਾਜ਼ਰ ਸਨ।