ਸਮਾਗਮ ’ਚ ਆਪਣੇ ਵਿਚਾਰ ਪੇਸ਼ ਕਰਦੇ ਹੋਏ ਡਾ. ਮਾਧਵ ਕੌਸ਼ਿਕ, ਜਸਵੰਤ ਸਿੰਘ ਜ਼ਫਰ, ਡਾ. ਮਨਮੋਹਨ ਸਿੰਘ, ਡਾ. ਰਵੇਲ ਸਿੰਘ ਅਤੇ ਡਾ. ਵਨੀਤਾ।
ਭਾਸ਼ਾ ਵਿਭਾਗ ਪੰਜਾਬ ਨੇ ਡਾ. ਸੁਤਿੰਦਰ ਸਿੰਘ ਨੂਰ ਨੂੰ ਕੀਤਾ ਯਾਦ ਜਨਮ ਭੋਇੰ ਕੋਟਕਪੂਰਾ ਵਿਖੇ ਹੋਇਆ ਸਮਾਗਮ
ਫ਼ਰੀਦਕੋਟ, 27 ਅਕਤੂਬਰ (ਜਸਵੰਤ ਸਿੰਘ ਪੁਰਬਾ)-ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਕੋਟਕਪੂਰਾ ਵਿਖੇ ਉੱਘੇ ਚਿੰਤਕ, ਕਵੀ ਤੇ ਆਲੋਚਕ ਡਾ.
ਫ਼ਰੀਦਕੋਟ, 27 ਅਕਤੂਬਰ (ਜਸਵੰਤ ਸਿੰਘ ਪੁਰਬਾ)-ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ (ਕੰਨਿਆ) ਸਕੂਲ ਕੋਟਕਪੂਰਾ ਵਿਖੇ ਉੱਘੇ ਚਿੰਤਕ, ਕਵੀ ਤੇ ਆਲੋਚਕ ਡਾ. ਸੁਤਿੰਦਰ ਸਿੰਘ ਨੂਰ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਉੱਘੇ ਵਿਦਵਾਨਾਂ ਨੇ ਡਾ. ਨੂਰ ਦੀਆਂ ਸਾਹਿਤਕ, ਅਕਾਦਮਿਕ ਤੇ ਜੀਵਨ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ’ਚ ਕਰਵਾਏ ਗਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਭਾਰਤੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਮਾਧਵ ਕੌਸ਼ਿਕ ਸ਼ਾਮਿਲ ਹੋਏ। ਉੱਘੇ ਚਿੰਤਕ, ਨਾਵਲਕਾਰ ਤੇ ਕਵੀ ਡਾ. ਮਨਮੋਹਨ ਸਿੰਘ ਨੇ ਡਾ. ਨੂਰ ਦੀ ਕਾਵਿ ਕਲਾ ਬਾਰੇ, ਡਾ. ਵਨੀਤਾ ਨੇ ਉਨ੍ਹਾਂ ਦੇ ਅਧਿਆਪਨ ਬਾਰੇ ਅਤੇ ਡਾ. ਰਵੇਲ ਸਿੰਘ ਨੇ ਉਨ੍ਹਾਂ ਦੀਆਂ ਜੀਵਨ ਯਾਦਾਂ ਅਤੇ ਸਰਗਰਮੀਆਂ ਬਾਰੇ ਚਾਨਣਾ ਪਾਇਆ। ਡਾਇਰੈਕਟਰ ਭਾਸ਼ਾਵਾਂ ਜਸਵੰਤ ਸਿੰਘ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਵਿਭਾਗ ਵਲੋਂ ਨਾਵਾਂ, ਥਾਵਾਂ ਅਤੇ ਘਟਨਾਵਾਂ ਨੂੰ ਜੋੜ ਕੇ ਪੰਜਾਬ ਦੇ ਵਿਦਵਾਨਾਂ ਦੇ ਭਾਸ਼ਾਈ, ਸਾਹਿਤਕ ਤੇ ਅਕਾਦਮਿਕ ਯੋਗਦਾਨ ਨੂੰ ਯਾਦ ਕਰਨ ਹਿੱਤ ਵਿਸ਼ੇਸ਼ ਸਮਾਗਮ ਸ਼ੁਰੂ ਕੀਤੇ ਹਨ। ਇਸੇ ਸਿਲਸਿਲੇ ਤਹਿਤ ਡਾ. ਸਤਿੰਦਰ ਸਿੰਘ ਨੂਰ ਨੂੰ ਉਨ੍ਹਾਂ ਦੀ ਜਨਮ ਭੋਇਂ ਕੋਟਕਪੂਰਾ ਵਿਖੇ ਉਨ੍ਹਾਂ ਦੇ ਸਮਕਾਲੀ ਤੇ ਸਾਥੀ ਵਿਦਵਾਨਾਂ ਨੂੰ ਸਾਹਿਤ ਪ੍ਰੇਮੀਆਂ ਤੇ ਵਿਦਿਆਰਥੀਆਂ ਦੇ ਰੂਬਰੂ ਕਰਵਾਇਆ ਗਿਆ ਹੈ। ਚਰਚਾ ਦੀ ਸ਼ੁਰੂਆਤ ਉੱਘੇ ਕਵੀ ਤੇ ਆਲੋਚਕ ਡਾ. ਦਵਿੰਦਰ ਸੈਫ਼ੀ ਨੇ ਡਾ. ਨੂਰ ਦੀ ਆਲੋਚਨਾ ਦੇ ਖੇਤਰ ’ਚ ਘਾਲਣਾ ਬਾਰੇ ਕੀਤੇ ਆਪਣੇ ਖੋਜ ਕਾਰਜ ’ਚੋਂ ਜਾਣਕਾਰੀ ਸਾਂਝੀ ਕਰਨ ਨਾਲ ਕੀਤੀ ਅਤੇ ਬਾਕੀ ਬੁਲਾਰਿਆਂ ਨਾਲ ਜਾਣ ਪਛਾਣ ਕਰਵਾਈ। ਫਿਰ ਉੱਘੇ ਚਿੰਤਕ ਡਾ. ਮਨਮੋਹਨ ਨੇ ਡਾ. ਨੂਰ ਦੇ ਕਾਵਿ ਸੰਸਾਰ ਬਾਰੇ ਚਾਨਣਾ ਪਾਇਆ। ਉਨ੍ਹਾਂ ਡਾ. ਨੂਰ ਦੀਆਂ ਕਈ ਪ੍ਰਸਿੱਧ ਕਵਿਤਾਵਾਂ ਦਾ ਪਾਠ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਕਵਿਤਾ ਵਿਚ ਵਿਸ਼ਵ ਪੱਧਰ ਦਾ ਚਿੰਤਨ, ਸਹਿਜ ਤੇ ਹੁਨਰ ਵਿਦਮਾਨ ਸੀ। ਉਨ੍ਹਾਂ ਵਿਸ਼ਵ ਪ੍ਰਸਿੱਧ ਚਿੰਤਕਾਂ ਅਤੇ ਕਵੀਆਂ ਦੀਆਂ ਕਵਿਤਾ ਬਾਰੇ ਟੂਕਾਂ ਨਾਲ ਨੂਰ ਸਾਹਿਬ ਦੀ ਕਵਿਤਾ ਦੇ ਅਨੇਕਾਂ ਗੁਣਾਂ ਦੀ ਨਿਸ਼ਾਨਦਾਹੀ ਕੀਤੀ। ਡਾ. ਨੂਰ ਨਾਲ ਲੰਬਾ ਅਰਸਾ ਵਿਚਰਨ ਵਾਲੇ ਡਾ. ਰਵੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਭ ਤੋਂ ਵੱਡੀ ਸਿਫ਼ਤ ਇਹ ਸੀ ਕਿ ਜਿਥੇ ਉਹ ਹਰ ਉੱਭਰਦੇ ਲੇਖਕ ਨੂੰ ਦਿਲ ਖੋਲ੍ਹ ਕੇ ਹੱਲਾਸ਼ੇਰੀ ਦਿੰਦੇ ਸਨ, ਉਥੇ ਸਥਾਪਤ ਲੇਖਕਾਂ ਦੀ ਪੂਰੀ ਬੇਬਾਕੀ ਨਾਲ ਨੁਕਤਾਚੀਨੀ ਵੀ ਕਰਦੇ ਸਨ। ਡਾ. ਵਨੀਤਾ ਨੇ ਦੱਸਿਆ ਕਿ ਡਾ. ਨੂਰ ਨੇ ਕਦੇ ਵੀ ਆਲੋਚਨਾ ਲਈ ਕੋਈ ਵਿਸ਼ੇਸ਼ ਚੌਖਟਾ ਤਿਆਰ ਨਹੀਂ ਕੀਤਾ ਅਤੇ ਨਾ ਹੀ ਆਲੋਚਨਾ ਦੀਆਂ ਪ੍ਰੰਪਰਾਵਾਂ ’ਚ ਸਥਾਈ ਤੌਰ ’ਤੇ ਬੱਝੇ ਰਹੇ। ਸਗੋਂ ਉਨ੍ਹਾਂ ਹਰ ਰਚਨਾ ਦੀ ਨਵੇਂ ਤੇ ਨਿਵੇਕਲਾ ਪੱਖਾਂ ਤੋਂ ਨਿਰਖ ਪਰਖ ਕੀਤੀ। ਮੁੱਖ ਮਹਿਮਾਨ ਡਾ. ਮਾਧਵ ਕੌਸ਼ਿਕ ਨੇ ਕਿਹਾ ਕਿ ਡਾ. ਨੂਰ ਪੰਜਾਬ, ਪੰਜਾਬੀ ਅਤੇ ਪੰਜਾਬੀ ਸਾਹਿਤ ਨੂੰ ਗਲੋਬਲ ਪੱਧਰ ਤੱਕ ਲਿਜਾਣ ਵਾਲਾ ਸ਼ਖ਼ਸ ਸੀ। ਜਿਸ ਦੇ ਰੋਮ ਰੋਮ ਵਿਚ ਪੰਜਾਬੀਅਤ ਵਸੀ ਹੋਈ ਸੀ। ਉਹ ਪਹਿਲਾ ਤੇ ਇਕਲੌਤਾ ਪੰਜਾਬੀ ਸੀ ਜੋ ਭਾਰਤੀ ਸਾਹਿਤ ਅਕਾਦਮੀ ਦਾ ਸਰਬਸੰਮਤੀ ਨਾਲ ਮੀਤ ਪ੍ਰਧਾਨ ਬਣਿਆ। ਮੇਜ਼ਬਾਨ ਸਕੂਲ ਦੇ ਪ੍ਰਿੰਸੀਪਲ ਪ੍ਰਭਜੋਤ ਸਿੰਘ ਸਹੋਤਾ ਨੇ ਸਭ ਦਾ ਧੰਨਵਾਦ ਕੀਤਾ। ਸਮਾਗਮ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਪੁਰੀ ਤੇ ਉਨ੍ਹਾਂ ਦੀ ਟੀਮ ਨੇ ਵੱਡਮੁੱਲਾ ਯੋਗਦਾਨ ਪਾਇਆ। ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ। ਵਿਭਾਗ ਵਲੋਂ ਸਾਰੇ ਬੁਲਾਰਿਆਂ ਨੂੰ ਵਿਭਾਗੀ ਸ਼ਾਲਾਂ ਤੇ ਪੁਸਤਕਾਂ ਦੇ ਸੈੱਟ ਦੇ ਕੇ ਸਤਿਕਾਰ ਦਿੱਤਾ। ਇਸ ਮੌਕੇ ਸਾਹਿਤਕਾਰ ਵਿਜੇ ਵਿਵੇਕ, ਤਰਸੇਮ ਬਰਨਾਲਾ, ਖੁਸ਼ਵੰਤ ਬਰਗਾੜੀ, ਕੁਮਾਰ ਜਗਦੇਵ, ਪ੍ਰਿੰ. ਸੇਵਾ ਸਿੰਘ ਚਾਵਲਾ, ਪ੍ਰੀਤ ਭਗਵਾਨ, ਈਸਰ ਸਿੰਘ ਲੰਭਾਵਾਲੀ, ਵਤਨਵੀਰ, ਬਿਕਰਮਜੀਤ ਨੂਰ, ਬਲਜਿੰਦਰ ਭਾਰਤੀ, ਪਰਮਜੀਤ ਕੌਰ ਸਰਾਂ, ਮਨ ਮਾਨ, ਭੁਪਿੰਦਰ ਪਰਵਾਜ਼, ਲੈਕਚਰਾਰ ਰੁਪਿੰਦਰ ਕੌਰ, ਸ਼ਵਿੰਦਰ ਕੌਰ, ਧਰਮਿੰਦਰ ਸਿੰਘ, ਕੁਲਵਿੰਦਰ ਸਿੰਘ ਜਟਾਣਾ, ਬੂਟਾ ਸਿੰਘ ਵਾਕਫ਼, ਗੁਰਭੇਜ ਸਿੰਘ, ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ, ਰਣਜੀਤ ਸਿੰਘ ਸੀਨੀ. ਸਹਾ., ਨਿਧੜਕ ਸਿੰਘ ਬਰਾੜ, ਪ੍ਰਿੰਸੀਪਲ ਸ਼ੁਭ ਪ੍ਰੇਮ ਬਰਾੜ, ਪਰਮਜੀਤ ਸਿੱਧੂ, ਮਨਜੀਤ ਸਿੰਘ ਔਲਖ, ਡਾ. ਸਟਾਲਿਨਜੀਤ ਸਿੰਘ, ਖੋਜ ਅਫ਼ਸਰ ਕੰਵਰਜੀਤ ਸਿੰਘ ਸਿੱਧੂ, ਅੰਕੁਸ਼ ਕੁਮਾਰ ਅਤੇ ਬਹੁਤ ਸਾਰੇ ਵਿਦਿਆਰਥੀ ਤੇ ਹਾਜ਼ਰ ਸਨ।