ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਖ਼ਪਤਕਾਰ ਜਾਗਰੂਕਤਾ ਕੈਂਪ ਲਗਾਇਆ
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਰੀਦਕੋਟ ਦੇ ਦਫ਼ਤਰ ਵਲੋਂ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਵਿਸ਼ੇ ਸਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਅਤੇ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕ ਕਰਨਾ ਸੀ।
ਫ਼ਰੀਦਕੋਟ, 31 ਅਗਸਤ (ਜਸਵੰਤ ਸਿੰਘ ਪੁਰਬਾ)-ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਰੀਦਕੋਟ ਦੇ ਦਫ਼ਤਰ ਵਲੋਂ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ‘ਦੁੱਧ ਸੰਪੂਰਨ ਅਤੇ ਸੰਤੁਲਿਤ ਖੁਰਾਕ’ ਵਿਸ਼ੇ ਸਬੰਧੀ ਦੁੱਧ ਖਪਤਕਾਰ ਜਾਗਰੂਕਤਾ ਸੈਮੀਨਾਰ ਅਤੇ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਤੋਂ ਤਿਆਰ ਪਦਾਰਥਾਂ ਦੀ ਮਹੱਤਤਾ ਬਾਰੇ ਜਾਣਕਾਰੀ ਦੇਣਾ ਅਤੇ ਸਿਹਤਮੰਦ ਖੁਰਾਕ ਪ੍ਰਤੀ ਜਾਗਰੂਕ ਕਰਨਾ ਸੀ। ਕੈਂਪ ਦੌਰਾਨ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਰੀਦਕੋਟ ਨਿਰਵੈਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਦੁੱਧ ਅਤੇ ਦੁੱਧ ਪਦਾਰਥਾਂ ਦੀ ਮਹੱਤਤਾ ਬਾਰੇ ਦੱਸਿਆ ਕਿ ਦੁੱਧ ਮਨੁੱਖੀ ਸਿਹਤ ਲਈ ਲੋੜੀਂਦੇ ਕਈ ਪੋਸ਼ਕ ਤੱਤਾਂ ਦਾ ਮਹੱਤਵਪੂਰਨ ਸਰੋਤ ਹੈ। ਉਨ੍ਹਾਂ ਨੇ ਪੰਜਾਬ ਦੇ ਡੇਅਰੀ ਕਿੱਤੇ ਵਿਚ ਯੋਗਦਾਨ ਅਤੇ ਇਸ ਖੇਤਰ ਨਾਲ ਜੁੜੀਆਂ ਸੰਭਾਵਨਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡੇਅਰੀ ਵਿਕਾਸ ਇੰਸਪੈਕਟਰ ਗੁਰਲਾਲ ਸਿੰਘ ਨੇ ਦੁੱਧ ਦੀ ਮਨੁੱਖੀ ਜੀਵਨ ਵਿਚ ਭੂਮਿਕਾ ਬਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਦੁੱਧ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਦੀ ਮਹੱਤਤਾ ਬਾਰੇ ਵੀ ਦੱਸਿਆ। ਇਸ ਮੌਕੇ ਮੈਨੇਜਰ ਮਾਰਕੀਟਿੰਗ, ਮਿਲਕਫੈੱਡ, ਫ਼ਰੀਦਕੋਟ ਚਸ਼ਨਦੀਪ ਸਿੰਘ ਨੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ। ਜਗਪਾਲ ਸਿੰਘ ਬਰਾੜ ਕੋਆਪ੍ਰੇਟਿਵ ਇੰਸਪੈਕਟਰ (ਰਿਟਾ.) ਨੇ ਵਿਦਿਆਰਥੀਆਂ ਨੂੰ ਫਾਸਟ ਫੂਡ ਦੀ ਬਜਾਏ ਪੌਸ਼ਟਿਕ ਖੁਰਾਕ ਨੂੰ ਤਰਜੀਹ ਦੇਣ ਅਤੇ ਦੁੱਧ ਨੂੰ ਆਪਣੀ ਰੋਜ਼ਾਨਾ ਖੁਰਾਕ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਕੈਂਪ ਦੌਰਾਨ ਸਕੂਲ ਦੇ ਵਿਦਿਆਰਥੀਆਂ ਵਲੋਂ ਲਿਆਂਦੇ ਗਏ ਦੁੱਧ ਦੇ ਸੈਂਪਲਾਂ ਦੀ ਜਾਂਚ ਡੇਅਰੀ ਵਿਕਾਸ ਇੰਸਪੈਕਟਰ ਹਰਮਨਪ੍ਰੀਤ ਸਿੰਘ ਵਲੋਂ ਕੀਤੀ ਗਈ। ਕੁੱਲ 53 ਦੁੱਧ ਦੇ ਸੈਂਪਲਾਂ ਦੀ ਜਾਂਚ ਦੌਰਾਨ 32 ਸੈਂਪਲ ਮਿਆਰਾਂ ਅਨੁਸਾਰ ਅਤੇ 21 ਸੈਂਪਲ ਮਿਆਰਾਂ ਤੋਂ ਘੱਟ ਪਾਏ ਗਏ। ਜਾਂਚ ਕੀਤੇ ਗਏ ਕਿਸੇ ਵੀ ਸੈਂਪਲ ਵਿਚ ਹਾਨੀਕਾਰਕ ਤੱਤਾਂ ਦੀ ਪੁਸ਼ਟੀ ਨਹੀਂ ਹੋਈ। ਇਸ ਮੌਕੇ ਵਿਦਿਆਰਥੀਆਂ ਨੂੰ ਡੇਅਰੀ ਵਿਕਾਸ ਵਿਭਾਗ ਵਲੋਂ ਉਪਲਬਧ ਕਰਵਾਈਆਂ ਜਾਂਦੀਆਂ ਵੱਖ-ਵੱਖ ਸੇਵਾਵਾਂ ਅਤੇ ਡੇਅਰੀ ਖੇਤਰ ਵਿਚ ਕਰੀਅਰ ਦੀਆਂ ਸੰਭਾਵਨਾਵਾਂ ਸਬੰਧੀ ਵੀ ਕਰੀਅਰ ਗਾਈਡੈਂਸ ਦਿੱਤੀ ਗਈ। ਕੈਂਪ ਦੇ ਅੰਤ ਵਿਚ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਫ਼ਰੀਦਕੋਟ ਦੀ ਟੀਮ ਵਲੋਂ ਸਕੂਲ ਦੇ ਪ੍ਰਿੰਸੀਪਲ ਨੂੰ ਵਿਭਾਗੀ ਮੋਮੈਂਟੋ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਗੁਰਲਾਲ ਸਿੰਘ ਡੇਅਰੀ ਵਿਕਾਸ ਇੰਸਪੈਕਟਰ ਨੇੇ ਕੀਤਾ। ਅੰਤ ਵਿਚ ਸਕੂਲ ਦੇ ਸਮੂਹ ਸਟਾਫ਼ ਵਲੋਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫ਼ਰੀਦਕੋਟ ਦੇ ਦਫ਼ਤਰ ਦੀ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿਚ ਵੀ ਵਿਦਿਆਰਥੀਆਂ ਨੂੰ ਦੁੱਧ ਅਤੇ ਸੰਤੁਲਿਤ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਅਜਿਹੇ ਕੈਂਪ ਲਗਾਉਣ ਦੀ ਅਪੀਲ ਕੀਤੀ ਗਈ।