ਪਿੰਡ ਹੱਸਣਭੱਟੀ ਦੇ ਕਈ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਪਿੰਡ ਹੱਸਣ ਭੱਟੀ ਵਿਖੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀਆਂ ਨੀਤੀਆਂ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਲੋਂ ਕੀਤੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਡੋਗਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ।
ਫ਼ਰੀਦਕੋਟ, 25 ਅਗਸਤ (ਜਸਵੰਤ ਸਿੰਘ ਪੁਰਬਾ)-ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਵਿਧਾਨ ਸਭਾ ਹਲਕਾ ਫ਼ਰੀਦਕੋਟ ਦੇ ਪਿੰਡ ਹੱਸਣ ਭੱਟੀ ਵਿਖੇ ਵਰਕਰਾਂ ਦੀ ਇਕ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀਆਂ ਨੀਤੀਆਂ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵਲੋਂ ਕੀਤੇ ਵਿਕਾਸ ਕਾਰਜਾਂ ਤੋਂ ਖੁਸ਼ ਹੋ ਕੇ ਡੋਗਰ ਸਿੰਘ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿਚ ਸ਼ਾਮਿਲ ਹੋਏ। ਇਨ੍ਹਾਂ ਸ਼ਾਮਿਲ ਹੋਣ ਵਾਲੇ ਸਾਥੀਆਂ ਦਾ ਹਲਕਾ ਇੰਚਾਰਜ ਭਾਈ ਦਲੇਰ ਸਿੰਘ ਡੋਡ ਨੇ ਸਿਰੋਪਾਉ ਦੇ ਕੇ ਸਵਾਗਤ ਕੀਤਾ। ਦਲੇਰ ਸਿੰਘ ਡੋਡ ਨੇ ਕਿਹਾ ਕਿ ਅੱਜ ਸਮੇਂ ਦੀ ਮੰਗ ਹੈ ਕਿ ਪੰਜਾਬ ਵਿਚ ਖੇਤਰੀ ਅਤੇ ਪੰਥਕ ਧਿਰ ਨੂੰ ਮਜ਼ਬੂਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬੀ ਸੂਬੇ ਦੀ ਰਾਜਧਾਨੀ ਅੱਜ ਤੱਕ ਪੰਜਾਬ ਨੂੰ ਨਹੀਂ ਮਿਲੀ, ਪੰਜਾਬ ਦੇ ਪਾਣੀਆਂ ’ਤੇ ਡਾਕੇ ਮਾਰੇ ਗਏ, ਪੰਜਾਬੀ ਬੋਲਦੇ ਇਲਾਕੇ ਖੋਹੇ ਗਏ ਅਤੇ ਡੈਮਾਂ ਦਾ ਕੰਟਰੋਲ ਵੀ ਪੰਜਾਬ ਤੋਂ ਦੂਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਖੀ ਸਿਰਫ਼ ਇਕ ਮਜ਼ਬੂਤ ਖੇਤਰੀ ਪਾਰਟੀ ਹੀ ਕਰ ਸਕਦੀ ਹੈ। ਭਾਈ ਦਲੇਰ ਸਿੰਘ ਡੋਡ ਨੇ ਕਿਹਾ ਕਿ ਲੋਕਾਂ ਨੇ ਅਕਾਲੀ ਦਲ ਬਾਦਲ ’ਤੇ ਵਿਸ਼ਵਾਸ ਕਰਕੇ ਵਾਰ-ਵਾਰ ਸਰਕਾਰਾਂ ਬਣਾਈਆਂ ਪਰ ਉਨ੍ਹਾਂ ਨੇ ਪੰਜਾਬ ਅਤੇ ਪੰਥ ਦੇ ਮੁੱਦਿਆਂ ਤੋਂ ਮੂੰਹ ਮੋੜ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਸਿਰਫ਼ ਆਪਣੀਆਂ ਸਿਆਸੀ ਲੋੜਾਂ ਲਈ ਕੇਂਦਰ ਸਰਕਾਰਾਂ ਦੀ ਬਿਨਾਂ ਸ਼ਰਤ ਹਮਾਇਤ ਕੀਤੀ ਗਈ ਅਤੇ ਪੰਥਕ ਆਵਾਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਵੀ 1947 ਤੋਂ ਲੈ ਕੇ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕੀਤਾ ਅਤੇ ਸਿੱਖ ਕੌਮ ’ਤੇ ਕਈ ਵਾਰ ਜ਼ੁਲਮ ਕੀਤੇ। ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰਾਂ ਵਲੋਂ ਪੰਜਾਬ ਦੇ ਮਸਲਿਆਂ ਨੂੰ ਅਣਡਿੱਠਾ ਕੀਤਾ ਗਿਆ ਅਤੇ ਪੰਜਾਬ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਉਮੀਦਾਂ ਸਨ ਪਰ ਵਾਅਦਿਆਂ ’ਤੇ ਖਰਾ ਨਹੀਂ ਉਤਰਿਆ ਗਿਆ। ਪੰਜਾਬ ਵਿਚ ਅੱਜ ਵੀ ਨੌਜਵਾਨੀ ਨਸ਼ਿਆਂ ਦੀ ਮਾਰ ਝੱਲ ਰਹੀ ਹੈ, ਸਕੂਲਾਂ ਵਿਚ ਅਧਿਆਪਕਾਂ ਅਤੇ ਹਸਪਤਾਲਾਂ ਵਿਚ ਡਾਕਟਰਾਂ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਅਤੇ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਲੋਕਾਂ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਜੁੜਨ ਦੀ ਲੋੜ ਹੈ। ਹਾਜ਼ਰ ਲੋਕਾਂ ਨੇ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਮਜ਼ਬੂਤ ਕਰਨ ਅਤੇ ਪਾਰਟੀ ਦੀ ਸਰਕਾਰ ਬਣਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਜੰਟ ਸਿੰਘ ਸਰਸੜੀ, ਮਨਪ੍ਰੀਤ ਸਿੰਘ ਭੋਲੂਵਾਲਾ, ਗੁਰਜੰਟ ਸਿੰਘ ਪੱਖੀ, ਹਰਪਿੰਦਰ ਸਿੰਘ, ਰਘਵੀਰ ਸਿੰਘ ਹੱਸਣ ਭੱਟੀ, ਅਮਰੀਕ ਸਿੰਘ ਭੋਲੂਵਾਲਾ, ਐਡਵੋਕੇਟ ਕਰਨਵੀਰ ਸਿੰਘ, ਜਸਵੀਰ ਸਿੰਘ ਜੱਸੀ ਅਤੇ ਸੇਵਕ ਸਿੰਘ ਪਿੱਪਲੀ ਸਮੇਤ ਹੋਰ ਆਗੂ ਹਾਜ਼ਰ ਸਨ।