ਨਗਰ ਨਿਗਮ ਦੇ ਜਨਰਲ ਹਾਊਸ ’ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ
ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਬੈਠਕ ਦੌਰਾਨ 140 ਦੇ ਕਰੀਬ ਵੱਡੇ ਛੋਟੇ ਮਤੇ ਪਾਸ ਕੀਤੇ ਗਏ। ਜਨਰਲ ਹਾਊਸ ਵਿਚ ਵਿਰੋਧੀ ਧਿਰ ਅਤੇ ਸੱਤਾਧਾਰੀਆਂ ਦੇ 27 ਦੇ ਕਰੀਬ ਕੌਂਸਲਰ ਨੇ ਹਿੱਸਾ ਲਿਆ।
ਪਟਿਆਲਾ, 16 ਅਕਤੂਬਰ (ਅਮਰਬੀਰ ਸਿੰਘ ਆਹਲੂਵਾਲੀਆ)- ਨਗਰ ਨਿਗਮ ਦੇ ਜਨਰਲ ਹਾਊਸ ਦੀ ਹੋਈ ਬੈਠਕ ਦੌਰਾਨ 140 ਦੇ ਕਰੀਬ ਵੱਡੇ ਛੋਟੇ ਮਤੇ ਪਾਸ ਕੀਤੇ ਗਏ। ਜਨਰਲ ਹਾਊਸ ਵਿਚ ਵਿਰੋਧੀ ਧਿਰ ਅਤੇ ਸੱਤਾਧਾਰੀਆਂ ਦੇ 27 ਦੇ ਕਰੀਬ ਕੌਂਸਲਰ ਨੇ ਹਿੱਸਾ ਲਿਆ। ਇਥੇ ਇਹ ਦੱਸਣਯੋਗ ਹੈ ਕਿ ਸਰਵਉੱਚ ਅਦਾਲਤ ਦੇ ਹੁਕਮਾਂ ਤੋਂ ਬਾਅਦ 28 ਦੇ ਕਰੀਬ ਕੌਂਸਲਰਾਂ ਨੂੰ ਇਸ ਜਨਰਲ ਹਾਊਸ ਵਿਚ ਨਹੀਂ ਬੁਲਾਇਆ ਗਿਆ ਜਿਨ੍ਹਾਂ ਵਿਚ ਵੀ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਕੌਂਸਲਰ ਸ਼ਾਮਿਲ ਸਨ। ਇਸ ਦੌਰਾਨ ਪਾਸ ਕੀਤੇ ਗਏ ਮਤਿਆਂ ਵਿਚ ਨਾਗਰਿਕ ਨੂੰ ਘਰੇਲੂ ਅਤੇ ਵਪਾਰਕ ਨਕਸ਼ੇ ਪਾਸ ਕਰਾਉਣ ਲਈ ਵਾਧੂ ਫ਼ੀਸ ਲਾਉਣ ਅਤੇ ਕਾਓਸੈੱਸ ਲਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ ਪਰੰਤੂ ਇਸ ਦਾ ਵਿਰੋਧੀ ਧਿਰ ਦੇ ਕੌਂਸਲਰਾਂ ਵਲੋਂ ਜਿਨ੍ਹਾਂ ਵਿਚ ਹਰਵਿੰਦਰ ਸ਼ੁਕਲਾ ਸ਼ਾਮਿਲ ਸਨ ਨੇ ਵਿਰੋਧ ਪਾਸ ਕੀਤਾ। ਕੀਤੇ ਗਏ ਮਤਿਆਂ ਵਿਚ ਨਗਰ ਨਿਗਮ ਦੇ 60 ਵਾਰਡਾਂ ਅੰਦਰ ਵਿਕਾਸ ਕਾਰਜਾਂ ਖਾਸ ਕਰਕੇ ਸੜਕਾਂ ਬਣਾਉਣ ਦੇ ਕੰਮਾਂ ਨੂੰ ਪਹਿਲ ਦਿੰਦਿਆਂ ਕਰੋੜਾਂ ਰੁਪਏ ਦੇ ਅਜਿਹੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ ਜੋ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸਨ। ਮੇਅਰ ਕੁੰਦਨ ਗੋਗੀਆ, ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਪਟਿਆਲਾ ਦੇ ਵਿਕਾਸ ਕਾਰਜਾਂ ਵਿਚ ਕਿਸੇ ਕਿਸਮ ਦੀ ਵੀ ਖੜੌਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੁਤਾਬਕ ਸੂਬਾ ਸਰਕਾਰ ਵਲੋਂ ਵਿਸ਼ੇਸ਼ ਤੌਰ ’ਤੇ ਨਾਗਰਿਕਾਂ ਦੀਆਂ ਮੁਢਲੀਆਂ ਸਹੂਲਤਾਂ ਨੂੰ ਹਰ ਕੀਮਤ ’ਤੇ ਪੂਰਾ ਕਰਨ ਦੀ ਗੱਲ ਸਪਸ਼ਟ ਕਹੀ ਗਈ ਹੈ ਜਿਨ੍ਹਾਂ ਵਿਚ ਉਮਦਾ ਕਿਸਮ ਦੀਆਂ ਸੜਕਾਂ, ਵਾਟਰ ਸਪਲਾਈ, ਸੀਵਰੇਜ ਨੂੰ ਦਰੁਸਤ ਰੱਖਣਾ ਆਦਿ ਸ਼ਾਮਿਲ ਹਨ। ਬੜੇ ਹੀ ਸ਼ਾਂਤਪੂਰਨ ਮਾਹੌਲ ਵਿਚ ਤਕਰੀਬਨ ਅੱਧੇ ਘੰਟੇ ਦਾ ਸਮਾਂ ਲੈਂਦਿਆਂ ਵਿਕਾਸ ਕਾਰਜਾਂ ਅਤੇ ਕੁਝ ਟੈਕਸਾਂ ਸੰਬੰਧੀ ਲਿਆਂਦੇ ਮਤੇ ਵੱਡੀ ਗਿਣਤੀ ਵਿਚ ਕੌਂਸਲਰਾਂ ਵਲੋਂ ਪ੍ਰਵਾਨ ਕਰ ਲਏ ਗਏ। ਮੇਅਰ ਕੁੰਦਨ ਗੋਗੀਆ ਵਲੋਂ ਇਸ ਦੌਰਾਨ ਸੰਬੰਧਿਤ ਅਧਿਕਾਰੀਆਂ ਨੂੰ ਖਾਸ ਤਾੜਨਾ ਕੀਤੀ ਗਈ ਕਿ ਵਿਕਾਸ ਕਾਰਜਾਂ ’ਚ ਵਰਤੇ ਜਾਣ ਵਾਲੇ ਸਮਾਨ ਦੀ ਕੁਆਲਿਟੀ ਵਿਚ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸੀਵਰੇਜ ਦੀ ਸਮੱਸਿਆ ਤੋਂ ਪੱਕੀ ਨਿਜ਼ਾਤ ਦਿਵਾਉਣ ਲਈ ਵੀ ਨਗਰ ਨਿਗਮ ਵਲੋਂ ਵਿਉਂਤਬੰਦੀ ਕੀਤੀ ਜਾ ਰਹੀ ਹੈ।