ਅਜੀਤ, ਜਲੰਧਰ
ਸਨਿਚਰਵਾਰ, 1 ਅਗਸਤ, 2026
ਬਿਜਲੀ ਨਾ ਮਿਲਣ ’ਤੇ ਕਿਸਾਨਾਂ ਵਲੋਂ ਐਕਸੀਅਨ ਦਫ਼ਤਰ ਮੂਹਰੇ ਧਰਨਾ
ਮੋਟਰਾਂ ਵਾਲੀ ਅਤੇ ਘਰਵਾਲੀ ਬਿਜਲੀ ‘ਤੇ ਲੱਗ ਰਹੇ ਲੰਬੇ ਕੱਟਾਂ ‘ਤੇ ਘੇਰਿਆ ਸਰਕਾਰ ਨੂੰ
ਨਾਭਾ, 14 ਸਤੰਬਰ (ਵਰਿੰਦਰ ਵਰਮਾ)- ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਭੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਵਿਚ ਬੋਲਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਰੇ ਫਰੰਟਾਂ ’ਤੇ ਫੇਲ ਹੋ ਚੁੱਕੀ ਹੈ।
ਨਾਭਾ, 14 ਸਤੰਬਰ (ਵਰਿੰਦਰ ਵਰਮਾ)- ਇਲਾਕੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਨਾਭੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਧਰਨੇ ਵਿਚ ਬੋਲਦਿਆਂ ਵੱਖ- ਵੱਖ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਾਰੇ ਫਰੰਟਾਂ ’ਤੇ ਫੇਲ ਹੋ ਚੁੱਕੀ ਹੈ। ਲਗਾਤਾਰ ਅੱਠ ਘੰਟੇ ਮੋਟਰਾਂ ਲਈ ਬਿਜਲੀ ਸਪਲਾਈ ਉਹ ਵੀ ਦਿਨ ਨੂੰ, ਤੇ ਘਰਾਂ ਵਿਚ ਲਗਾਤਾਰ 24 ਘੰਟੇ ਸਪਲਾਈ ਦੇ ਦਮਗਜੇ ਮਾਰਨ ਵਾਲੇ ਅੱਜ ਭਾਲਿਆਂ ਨਹੀਂ ਲੱਭਦੇ। ਜੇਕਰ ਸਰਕਾਰ ਨੇ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜਬੂਰ ਹੋਣਗੀਆਂ। ਅੱਜ ਦੇ ਇਕੱਠ ਨੂੰ ਬੀ.ਕੇ.ਯੂ. ਰਾਜੇਵਾਲ ਤੋਂ ਅੱਛਰ ਸਿੰਘ ਭੋਜੋ ਮਾਜਰੀ ਤੇ ਅਵਤਾਰ ਸਿੰਘ ਕੈਦੂਪੁਰ, ਬੀ.ਕੇ.ਯੂ. ਡਕੌਂਦਾ ਤੋਂ ਨਿਰਮਲ ਸਿੰਘ ਨਰਵਾਣਾ ਤੇ ਗੁਰਬਚਨ ਸਿੰਘ ਕਨਸੂਹਾ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਤੋਂ ਜਗਪਾਲ ਸਿੰਘ ਊਧਾ ਤੇ ਕੁਲਦੀਪ ਸਿੰਘ ਪਾਲੀਆ, ਬੀ.ਕੇ.ਯੂ. ਕ੍ਰਾਂਤੀਕਾਰੀ ਪੰਜਾਬ (ਬੁੱਟਰ) ਤੋਂ ਹਰਜੀਤ ਸਿੰਘ ਅਗੌਲ ਅਤੇ ਜਗਤਾਰ ਸਿੰਘ ਨਰਵਾਣਾ, ਅਤੇ ਕੁੱਲ ਹਿੰਦ ਕਿਸਾਨ ਸਭਾ ਤੋਂ ਕਾਕਾ ਸਿੰਘ ਕੋਟ ਆਦਿਕ ਆਗੂਆਂ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆਂ ਕਿਹਾ ਕਿ ਧਰਨਾ ਲਗਾ ਕੇ ਬਿਜਲੀ ਪੂਰਤੀ ਲਈ ਪ੍ਰਸ਼ਾਸਨ ਅਤੇ ਸਰਕਾਰ ਜੋ ਕਿ ਕੁੰਭ ਕਰਨੀ ਨੀਂ ਸੁੱਤੀ ਪਈ ਹੈ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਸਲੇ ਦਾ ਹੱਲ ਜਲਦੀ ਨਾ ਕੱਢਿਆ ਗਿਆ ਤਾਂ ਸਾਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਪਿੱਟ ਸਿਆਪਾ ਕੀਤਾ।