ਹਰਿੰਦਰ ਸਿੰਘ ਦਾ ਦਰਦਨਾਕ ਹਾਦਸਾ, ਸੂਬਾ ਸਰਕਾਰ ਦੀ ਲਾਪਰਵਾਹੀ ਦਾ ਨਤੀਜੇ, ਨਹਿਰਾਂ ਦੀ ਸੁਰੱਖਿਆ ਯਕੀਨੀ ਬਣਾਏ ਮਾਨ ਸਰਕਾਰ : ਕੈਂਥ
ਨਾਭਾ,19 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਾਭਾ ਹਲਕੇ ਦੇ ਪਿੰਡਾਂ ਦੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਲੋਕਾਂ ਦੀ ਜਾਨ ਦੀ ਸੁਰੱਖਿਆ ਵਰਗੇ ਬੁਨਿਆਦੀ ਮੁੱਦੇ ਵੀ ਅਣਦੇਖੇ ਕੀਤੇ ਜਾ ਰਹੇ ਹਨ।
ਨਾਭਾ,19 ਅਗਸਤ (ਜਗਨਾਰ ਸਿੰਘ ਦੁਲੱਦੀ)-ਭਾਰਤੀ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਨਾਭਾ ਹਲਕੇ ਦੇ ਪਿੰਡਾਂ ਦੀ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀ ਹੈ। ਲੋਕਾਂ ਦੀ ਜਾਨ ਦੀ ਸੁਰੱਖਿਆ ਵਰਗੇ ਬੁਨਿਆਦੀ ਮੁੱਦੇ ਵੀ ਅਣਦੇਖੇ ਕੀਤੇ ਜਾ ਰਹੇ ਹਨ। ਕੈਂਥ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਭੋੜੇ ਵਿਖੇ ਪਹੁੰਚ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਨਾਬਾਲਿਗ ਹਰਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪਰਿਵਾਰਕ ਮੈਂਬਰਾਂ ਨੂੰ ਇਸ ਅਸਹਿ ਦੁੱਖ ਦੀ ਘੜੀ ਵਿੱਚ ਹੌਸਲਾ ਦਿੱਤਾ। ਉਨ੍ਹਾਂ ਦੱਸਿਆ ਕਿ ਪਿੰਡ ਭੋਜੋ ਮਾਜਰੀ, ਗੋਬਿੰਦਗੜ੍ਹ ਛੰਨਾ, ਬਿਰੜਵਾਲ, ਕੋਟਲੀ, ਖੋਖ, ਭੋੜੇ, ਲੋਪੇ, ਤੰਬੂਆਂ, ਗੁਜਰਹੇੜੀ, ਘਣੀਵਾਲ, ਰਣਜੀਤਗੜ੍ਹ, ਮੋਲਗਵਾਰਾ, ਛੋਟੀ ਘਣੀਵਾਲ, ਤੰਦਾ ਬੱਧਾ, ਪਹੇੜੀ, ਧੀਰੋ ਮਾਜਰਾ ਅਤੇ ਭਰਥਲਾ ਸਮੇਤ ਕਈ ਪਿੰਡਾਂ ਵਿੱਚੋਂ ਲੰਘਦੀ ਦੂਜੀ ਪਟਿਆਲਾ ਫੀਡਰ ਨਹਿਰ ਦੇ 24 ਕਿਲੋਮੀਟਰ ਲੰਬੇ ਕੰਕਰੀਟ-ਲਾਈਨ ਵਾਲੇ ਹਿੱਸੇ ’ਤੇ ਲਗਭਗ 36 ਕਰੋੜ ਰੁਪਏ ਖਰਚ ਕੀਤੇ ਗਏ ਅਤੇ ਇਸ ਦੀ ਸਮਰੱਥਾ 900 ਕਿਊਸਿਕ ਤੋਂ ਵਧਾ ਕੇ 1,617 ਕਿਊਸਿਕ ਕੀਤੀ ਗਈ, ਪਰ ਲੋਕਾਂ ਦੀ ਸੁਰੱਖਿਆ ਲਈ ਲੋੜੀਂਦੀ ਰੇਲਿੰਗ ਅਤੇ ਹੋਰ ਪ੍ਰਬੰਧ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਨਹਿਰ ਦੀ ਸਮਰੱਥਾ ਵਧਾਉਣਾ ਵਿਕਾਸ ਹੋ ਸਕਦਾ ਹੈ ਪਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਪਿਛਲੇ ਦਿਨੀਂ 14 ਸਾਲਾ ਹਰਿੰਦਰ ਸਿੰਘ ਨਾਲ ਵਾਪਰਿਆ ਹਾਦਸਾ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਲਈ ਖ਼ਤਰੇ ਦੀ ਘੰਟੀ ਹੈ। ਰੇਲਿੰਗ, ਮਜ਼ਬੂਤ ਬੰਨ੍ਹ ਅਤੇ ਚੇਤਾਵਨੀ ਸੰਕੇਤਾਂ ਦੀ ਘਾਟ ਕਾਰਨ ਲੋਕਾਂ ਦੇ ਨਾਲ-ਨਾਲ ਜੰਗਲੀ ਜੀਵ ਅਤੇ ਪਾਲਤੂ ਪਸ਼ੂ ਵੀ ਖ਼ਤਰੇ ਵਿੱਚ ਹਨ। ਕੈਂਥ ਨੇ ਤਿੱਖਾ ਸਵਾਲ ਕੀਤਾ, “ਕੀ ਭਗਵੰਤ ਮਾਨ ਸਰਕਾਰ ਹੋਰ ਕਿਸੇ ਜਾਨੀ ਨੁਕਸਾਨ ਦੀ ਉਡੀਕ ਕਰ ਰਹੀ ਹੈ?” ਕਰੋੜਾਂ ਰੁਪਏ ਖਰਚ ਕਰਕੇ ਨਹਿਰ ਦੀ ਸਮਰੱਥਾ ਤਾਂ ਵਧਾ ਦਿੱਤੀ ਗਈ, ਪਰ ਲੋਕਾਂ ਦੀ ਸੁਰੱਖਿਆ ਨੂੰ ਅਣਦੇਖਾ ਕਿਉਂ ਕੀਤਾ ਗਿਆ? ਉਨ੍ਹਾਂ ਪੰਜਾਬ ਸਰਕਾਰ ਅਤੇ ਸਿੰਚਾਈ ਵਿਭਾਗ ਤੋਂ ਨਹਿਰ ਦਾ ਤੁਰੰਤ ਸੁਰੱਖਿਆ ਆਡਿਟ ਕਰਵਾਉਣ ਅਤੇ ਸਾਰੇ ਖ਼ਤਰਨਾਕ ਸਥਾਨਾਂ ’ਤੇ ਰੇਲਿੰਗ, ਮਜ਼ਬੂਤ ਬੰਨ੍ਹ, ਚੇਤਾਵਨੀ ਬੋਰਡ, ਰਿਫਲੈਕਟਰ ਅਤੇ ਲੋੜੀਂਦੀ ਰੌਸ਼ਨੀ ਦੇ ਪ੍ਰਬੰਧ ਤੁਰੰਤ ਕਰਨ ਦੀ ਮੰਗ ਕੀਤੀ।ਭਾਜਪਾ ਆਗੂ ਕੈਂਥ ਨੇ ਕਿਹਾ, “ਲੋਕਾਂ ਦੀ ਜਾਨ ਨਾਲ ਖਿਲਵਾੜ ਨੂੰ ਵਿਕਾਸ ਦਾ ਨਾਮ ਨਹੀਂ ਦਿੱਤਾ ਜਾ ਸਕਦਾ। ਸਰਕਾਰ ਨੂੰ ਇਸ਼ਤਿਹਾਰਾਂ ਦੀ ਰਾਜਨੀਤੀ ਛੱਡ ਕੇ ਜ਼ਮੀਨ ’ਤੇ ਕੰਮ ਕਰਨਾ ਪਵੇਗਾ। ਲੋਕਾਂ ਨੂੰ ਇਸ਼ਤਿਹਾਰ ਨਹੀਂ, ਸੁਰੱਖਿਅਤ ਜੀਵਨ ਚਾਹੀਦਾ ਹੈ।” ਇਸ ਮੌਕੇ ਉਨ੍ਹਾਂ ਨਾਲ ਭਗਵੰਤ ਸਿੰਘ ਰਾਮਗੜ੍ਹੀਆ, ਸਰਬਜੀਤ ਸਿੰਘ, ਮੰਡਲ ਪ੍ਰਧਾਨ ਚਮਕੌਰ ਸਿੰਘ, ਰਣਜੀਤ ਰਾਣਾ, ਜਸਪ੍ਰੀਤ ਸਿੰਘ, ਜ਼ੋਰਾ ਸਿੰਘ, ਬਲਬੀਰ ਸਿੰਘ, ਲਾਲ ਸਿੰਘ, ਹਰਬੰਸ ਸਿੰਘ, ਜਸਪਾਲ ਸਿੰਘ ਫੌਜੀ, ਗੁਰਪ੍ਰੀਤ ਸਿੰਘ, ਮੱਖਣ ਸਿੰਘ, ਬੇਅੰਤ ਸਿੰਘ, ਗੁਰਚਰਨ ਸਿੰਘ ਅਤੇ ਹਰਿੰਦਰ ਸਿੰਘ ਦੇ ਪਿਤਾ ਜਸਪ੍ਰੀਤ ਸਿੰਘ ਹਾਜ਼ਰ ਸਨ।