ਅਜਨਾਲਾ ’ਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਖ਼ਿਲਾਫ਼ ਸਾਬਕਾ ਵਿਧਾਇਕ ਹਰਪ੍ਰਤਾਪ ਦੀ ਅਗਵਾਈ ’ਚ ਕਾਂਗਰਸ ਨੇ ਖੋਲ੍ਹਿਆ ਮੋਰਚਾ
ਲੁੱਟਾਂ-ਖੋਹਾਂ, ਚੋਰੀਆਂ ਅਤੇ ਨਸ਼ਿਆਂ ਦੇ ਵਧਦੇ ਬੋਲਬਾਲੇ ਨੂੰ ਲੈ ਕੇ ਕਾਂਗਰਸੀਆਂ ਵਲੋਂ ਡੀ. ਐਸ. ਪੀ. ਅਜਨਾਲਾ ਨੂੰ ਸੌਂਪਿਆ ਮੰਗ ਪੱਤਰ
ਅਜਨਾਲਾ, 18 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਵਫ਼ਦ ਵਲੋਂ ਡੀ. ਐੱਸ.
ਅਜਨਾਲਾ, 18 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)- ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕਾਂਗਰਸੀ ਅਹੁਦੇਦਾਰਾਂ ਅਤੇ ਵਰਕਰਾਂ ਦੇ ਵਫ਼ਦ ਵਲੋਂ ਡੀ.ਐੱਸ. ਪੀ. ਅਜਨਾਲਾ ਗੁਰਦੀਪ ਸਿੰਘ ਸੰਧੂ ਨੂੰ ਮੰਗ-ਪੱਤਰ ਸੌਂਪ ਕੇ ਇਸ ਖੇਤਰ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਗਈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਅਜਨਾਲਾ ਸ਼ਹਿਰ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ’ਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਹੋਰ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ’ਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਵਧਦਾ ਬੋਲਬਾਲਾ ਵੀ ਚਿੰਤਾ ਦਾ ਵਿਸ਼ਾ ਹੈ ਅਤੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਹੈ । ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਆਪਣੇ ਪੋਤਰੇ ਨੂੰ ਨਾਲ ਲੈ ਕੇ ਆ ਰਹੀ ਇਕ ਦਾਦੀ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਉਂਦਿਆਂ ਉਸ ਦੇ ਕੰਨ ਨੂੰ ਕੱਟ ਕੇ ਸੋਨੇ ਦੀਆਂ ਵਾਲੀਆਂ ਖੋਹ ਲਈਆਂ ਗਈਆਂ ਸਨ, ਪਰ ਹੁਣ ਤੱਕ ਉਕਤ ਲੁਟੇਰੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ । ਇਸ ਤੋਂ ਇਲਾਵਾ ਆਏ ਦਿਨ ਹੀ ਕਿਸਾਨਾਂ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ’ਚੋਂ ਤੇਲ, ਤਾਰਾਂ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਜਾ ਰਿਹਾ ਹੈ। ਸ. ਅਜਨਾਲਾ ਨੇ ਮੰਗ ਕੀਤੀ ਕਿ ਅਜਨਾਲਾ ਖੇਤਰ ’ਚ ਪੁਲਿਸ ਗਸ਼ਤ ਵਧਾਈ ਜਾਵੇ । ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਦੀਪਕ ਅਰੋੜਾ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਬਲਜਿੰਦਰ ਸਿੰਘ ਮਾਹਲ, ਯੂਥ ਕਾਂਗਰਸ ਹਲਕਾ ਅਜਨਾਲਾ ਦੇ ਪ੍ਰਧਾਨ ਸਰਬਜੋਤ ਸਿੰਘ ਮਾਹਲ, ਬਲਾਕ ਕਾਂਗਰਸ ਹਲਕਾ ਅਜਨਾਲਾ-1 ਦੇ ਪ੍ਰਧਾਨ ਹਰਮਨ ਢਿੱਲੋਂ ਫੁੱਲੇਚੱਕ, ਗੁਰਿੰਦਰਬੀਰ ਸਿੰਘ ਮਾਹਲ, ਸਰਵਣ ਸਿੰਘ ਨਿਜਾਮਪੁਰਾ, ਐਡਵੋਕੇਟ ਸੁਨੀਲਪਾਲ ਸਿੰਘ, ਜਗਰੂਪ ਸਿੰਘ ਰੰਧਾਵਾ, ਹਰਪਾਲ ਸਿੰਘ ਸੱਫੇਵਾਲੀਆ, ਜੁਗਰਾਜ ਸਿੰਘ ਰੋਖੇ, ਆੜਤੀ ਰਵੀ ਬੱਲ ਹਰੜ, ਸ਼ੁੱਭ ਸਿਰਸਾ, ਸੰਨੀ ਨਿੱਝਰ, ਜਸਵੀਰ ਸਿੰਘ ਢਿੱਲੋਂ ਵੰਝਾਵਾਲਾ, ਨਰਿੰਦਰ ਸਿੰਘ ਰੋਖੇ ਅਤੇ ਸਰਬਜੀਤ ਸਿੰਘ ਡੱਲਾ ਆਦਿ ਹਾਜ਼ਰ ਸਨ ।