25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਅਸਿਸਟੈਂਟ ਲਾਈਨ ਮੈਨ ਭਰਤੀ 'ਚ ਤਬਦੀਲੀ ਚਿੰਤਾ ਦਾ ਵਿਸ਼ਾ-ਵਿਰਕ <br/>

Ad Position 21
No active advertisement
ਅਜੀਤ ਡੈਸਕ 02-04-2026
ਜੰਡਿਆਲਾ ਗੁਰੂ, 1 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਦਲਜਿੰਦਰ ਬੀਰ ਸਿੰਘ ਵਿਰਕ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ 27 ਮਾਰਚ 2026 ਨੂੰ ਜਾਰੀ ਕੀਤੀ ਗਈ ਅਸਿਸਟੈਂਟ ਲਾਈਨ ਮੈਨ ਭਰਤੀ ਨੋਟੀਫਿਕੇਸ਼ਨ ਅਤੇ ਉਸ ਵਿਚ ਕੇਵਲ ਤਿੰਨ ਦਿਨਾਂ ਬਾਅਦ, 30 ਮਾਰਚ 2026 ਨੂੰ ਕੀਤੀਆਂ ਤਬਦੀਲੀਆਂ 'ਤੇ ਗੰਭੀਰ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮਾਮਲਾ ਸਿਰਫ਼ ਇਕ ਭਰਤੀ ਪ੍ਰਕਿਰਿਆ ਦਾ ਨਹੀਂ, ਸਗੋਂ ਪੰਜਾਬ ਦੀ ਪਹਿਚਾਣ, ਭਾਸ਼ਾ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਸਿੱਧਾ ਜੁੜਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ 27 ਮਾਰਚ ਦੀ ਨੋਟੀਫਿਕੇਸ਼ਨ ਵਿਚ 10ਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਰੱਖਦੇ ਹੋਏ ਕਰੀਬ 6000 ਅਸਾਮੀਆਂ ਦਾ ਐਲਾਨ ਕੀਤਾ ਗਿਆ ਤੇ ਇਹ ਫ਼ੈਸਲਾ ਪੰਜਾਬੀ ਨੌਜਵਾਨਾਂ ਲਈ ਉਮੀਦ ਦੀ ਕਿਰਨ ਵਜੋਂ ਦੇਖਿਆ ਗਿਆ ਸੀ, ਕਿਉਂਕਿ ਇਹ ਸੂਬੇ ਦੀ ਭਾਸ਼ਾ ਨੂੰ ਪ੍ਰਾਥਮਿਕਤਾ ਦਿੰਦਾ ਸੀ ਪਰ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੀ, 30 ਮਾਰਚ ਨੂੰ ਜਾਰੀ ਸੋਧ ਰਾਹੀਂ ਪੰਜਾਬੀ ਦੀ ਲਾਜ਼ਮੀ ਸ਼ਰਤ ਹਟਾ ਦਿੱਤੀ ਗਈ ਅਤੇ ਅਸਾਮੀਆਂ ਦੀ ਗਿਣਤੀ ਵਿਚ ਵੀ ਕਮੀ ਕਰ ਦਿੱਤੀ ਗਈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਇਸਨੂੰ 'ਪ੍ਰਸ਼ਾਸਕੀ ਤਬਦੀਲੀ' ਕਹਿਣ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਿੱਧਾ ਪੰਜਾਬ ਦੀ ਸੱਭਿਆਚਾਰਕ ਪਹਿਚਾਣ 'ਤੇ ਹਮਲਾ ਹੈ | ਉਨ੍ਹਾਂ ਕਿਹਾ ਕਿ ਜਦੋਂ ਇਕ ਸਰਕਾਰ ਆਪਣੀ ਮਾਂ-ਭਾਸ਼ਾ ਨੂੰ ਹੀ ਨਜ਼ਰਅੰਦਾਜ਼ ਕਰਦੀ ਹੈ, ਤਾਂ ਉਹ ਆਪਣੇ ਲੋਕਾਂ ਦੀ ਜੜਾਂ ਨੂੰ ਕਮਜ਼ੋਰ ਕਰਦੀ ਹੈ |
ਉਨ੍ਹਾਂ ਨੇ ਖ਼ਾਸ ਤੌਰ 'ਤੇ ਅਪਰੈਂਟਸਿਪ (ਸਿਖਲਾਈ ਅਧੀਨ ਕੰਮ) ਦੀ ਸ਼ਰਤ ਖਤਮ ਕਰਨ ਦੇ ਫ਼ੈਸਲੇ 'ਤੇ ਵੀ ਸਵਾਲ ਖੜੇ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਨਾਲ ਲਗਭਗ 2500 ਟਰੇਨੀਆਂ ਦਾ ਭਵਿੱਖ ਖਤਰੇ 'ਚ ਹੈ ਅਤੇ ਜਿਨ੍ਹਾਂ ਦੀ ਟ੍ਰੇਨਿੰਗ ਪਹਿਲਾਂ ਹੀ ਜਾਰੀ ਹੈ ਅਤੇ ਇਹ ਨੌਜਵਾਨ ਆਪਣੇ ਭਵਿੱਖ ਲਈ ਸਰਕਾਰ 'ਤੇ ਭਰੋਸਾ ਕਰਕੇ ਮਿਹਨਤ ਕਰ ਰਹੇ ਸਨ, ਪਰ ਹੁਣ ਉਨ੍ਹਾਂ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ | ਦਲਜਿੰਦਰ ਬੀਰ ਸਿੰਘ ਵਿਰਕ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਨਾਲ ਖੇਡਿਆ ਗਿਆ ਹੈ | ਪਿਛਲੇ ਚਾਰ ਸਾਲਾਂ ਵਿਚ ਲਗਾਤਾਰ ਇਕ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਸਥਾਨਕ ਯੋਗਤਾ ਨੂੰ ਨਜ਼ਰਅੰਦਾਜ਼ ਕਰਕੇ ਬਾਹਰੀ ਉਮੀਦਵਾਰਾਂ ਲਈ ਦਰਵਾਜ਼ੇ ਖੋਲ੍ਹੇ ਜਾ ਰਹੇ ਹਨ | ਇਸ ਨਾਲ ਨਾ ਸਿਰਫ਼ ਪੰਜਾਬੀ ਨੌਜਵਾਨਾਂ ਵਿਚ ਨਿਰਾਸ਼ਾ ਵਧ ਰਹੀ ਹੈ, ਸਗੋਂ ਰਾਜ ਦੀ ਸਮਾਜਿਕ ਅਤੇ ਆਰਥਿਕ ਬਣਤਰ 'ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ | ਇਸ ਮੌਕੇ ਇੰਦਰ ਪ੍ਰਤਾਪ ਸਿੰਘ ਜਾਣੀਆਂ, ਸਰਫਰਾਜ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਜਵਿੰਡ ਗੋਪਾਲਪੁਰਾ ਖੇਡ ਮੇਲੇ ਮੌਕੇ ਖ਼ੂਨਦਾਨ ਕੈਂਪ ਲਗਾਇਆ <br/> ਅਗਲੀ ਖ਼ਬਰ ਬਾਬਾ ਨਾਮ ਨਾਥ ਯੋਗੀ ਮੇਲੇ ਸੰਬੰਧੀ ਮਜਵਿੰਡ ਗੋਪਾਲਪੁਰਾ ਦਾ ਸਾਲਾਨਾ ਟੂਰਨਾਮੈਂਟ ਸਮਾਪਤ <br/>
Ad Position 24