ਦੀਵਾਲੀ ਦੀਆਂ ਖੁਸ਼ੀਆਂ ਮਾਤਮ ’ ਚ ਬਦਲੀਆਂ , ਅੱਗ ਲੱਗਣ ਕਾਰਨ ਕੋਠੀ ਤੇ ਕਾਰ ਸੜ ਕੇ ਸੁਆਹ
ਘਨੌਲੀ, 9 ਨਵੰਬਰ (ਜਸਵੀਰ ਸਿੰਘ ਸੈਣੀ)-ਦੀਵਾਲੀ ਵਾਲੇ ਦਿਨ ਤੜਕਸਾਰ ਕਰੀਬ 3 ਵਜੇ ਪਿੰਡ ਥਲੀ ਖੁਰਦ ਵਿਖੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅਚਾਨਕ ਘਰ ਵਿਚ ਲੱਗੀ ਭਿਆਨਕ ਅੱਗ ਨੇ ਕੁਝ ਹੀ ਸਮੇਂ ਵਿਚ ਪੂਰੀ ਕੋਠੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਕਾਰਨ ਘਰ ਅੰਦਰ ਪਿਆ ਕੀਮਤੀ ਸਾਮਾਨ, ਬਾਹਰ ਖੜ੍ਹੀ ਕਾਰ ਤੇ ਹੋਰ ਘਰੇਲੂ ਵਸਤਾਂ ਸੜ ਕੇ ਸੁਆਹ ਹੋ ਗਈਆਂ।
ਘਨੌਲੀ, 9 ਨਵੰਬਰ (ਜਸਵੀਰ ਸਿੰਘ ਸੈਣੀ)-ਦੀਵਾਲੀ ਵਾਲੇ ਦਿਨ ਤੜਕਸਾਰ ਕਰੀਬ 3 ਵਜੇ ਪਿੰਡ ਥਲੀ ਖੁਰਦ ਵਿਖੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ, ਜਦੋਂ ਅਚਾਨਕ ਘਰ ਵਿਚ ਲੱਗੀ ਭਿਆਨਕ ਅੱਗ ਨੇ ਕੁਝ ਹੀ ਸਮੇਂ ਵਿਚ ਪੂਰੀ ਕੋਠੀ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਅੱਗ ਕਾਰਨ ਘਰ ਅੰਦਰ ਪਿਆ ਕੀਮਤੀ ਸਾਮਾਨ, ਬਾਹਰ ਖੜ੍ਹੀ ਕਾਰ ਤੇ ਹੋਰ ਘਰੇਲੂ ਵਸਤਾਂ ਸੜ ਕੇ ਸੁਆਹ ਹੋ ਗਈਆਂ। ਹਾਦਸੇ ਦੌਰਾਨ ਪਰਿਵਾਰ ਦਾ ਨੌਜਵਾਨ ਪੁੱਤਰ ਬਰਿੰਦਰ ਸਿੰਘ ਵਿੱਕੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਝੁਲਸ ਗਿਆ, ਜਿਸ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਖੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਕਾਲਾ ਪੁੱਤਰ ਬੰਤਾ ਸਿੰਘ ਵਾਸੀ ਥਲੀ ਖੁਰਦ ਆਪਣੇ ਪਰਿਵਾਰ ਸਮੇਤ ਘਰ ਵਿਚ ਸੁੱਤਾ ਪਿਆ ਸੀ ਕਿ ਅਚਾਨਕ ਘਰ ਦੇ ਡਰਾਇੰਗ ਰੂਮ ਵਿਚ ਅੱਗ ਲੱਗ ਗਈ। ਪਿੰਡ ਦੇ ਮੁਹਤਬਰਾਂ ਅਨੁਸਾਰ ਘਰ ਵਿਚ ਲੱਗੀ ਸਮਰਸੀਬਲ ਮੋਟਰ ਦਾ ਸਟਾਰਟਰ ਡਰਾਇੰਗ ਰੂਮ ਵਿਚ ਲੱਗਿਆ ਹੋਇਆ ਸੀ। ਮੁੱਢਲੇ ਤੌਰ ’ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੋਟਰ ਦੇ ਆਟੋਮੈਟਿਕ ਕੱਟ ਨਾ ਹੋਣ ਕਾਰਨ ਸਪਾਰਕਿੰਗ ਹੋਈ, ਜਿਸ ਨਾਲ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਘਰ ਵਿਚ ਪਏ ਦੋ ਗੈਸ ਸਿਲੰਡਰ ਵੀ ਅੱਗ ਦੀ ਲਪੇਟ ਵਿਚ ਆਉਣ ਕਾਰਨ ਫਟ ਗਏ, ਜਿਸ ਨਾਲ ਅੱਗ ਹੋਰ ਵੀ ਭੜਕ ਗਈ ਅਤੇ ਬਾਹਰ ਖੜ੍ਹੀ ਕਾਰ ਵੀ ਇਸ ਦੀ ਲਪੇਟ ਵਿਚ ਆ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ’ਤੇ ਕਾਬੂ ਪਾਉਣਾ ਬੇਹੱਦ ਮੁਸ਼ਕਿਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪਿਛਲੇ ਦਰਵਾਜ਼ੇ ਰਾਹੀਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ, ਜਦਕਿ ਨੌਜਵਾਨ ਪੁੱਤਰ ਬਰਿੰਦਰ ਸਿੰਘ ਵਿੱਕੀ ਘਰ ਦੇ ਮੁੱਖ ਦਰਵਾਜ਼ੇ ਰਾਹੀਂ ਬਾਹਰ ਨਿਕਲਿਆ। ਦੱਸਿਆ ਜਾਂਦਾ ਹੈ ਕਿ ਬਾਅਦ ਵਿਚ ਉਹ ਦੁਬਾਰਾ ਘਰ ਅੰਦਰ ਦਾਖ਼ਲ ਹੋਇਆ, ਜਿਸ ਦੌਰਾਨ ਅੱਗ ਦੀ ਲਪੇਟ ਵਿਚ ਆਉਣ ਕਾਰਨ ਝੁਲਸ ਗਿਆ। ਕੋਠੀ ਦੇ ਮਾਲਕ ਅਮਰਜੀਤ ਸਿੰਘ ਕਾਲਾ ਤੇ ਪਿੰਡ ਦੇ ਨੌਜਵਾਨਾਂ ਵਲੋਂ ਅੱਗ ਬੁਝਾਉਣ ਲਈ ਭਰਪੂਰ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਫਾਇਰ ਬ੍ਰਿਗੇਡ ਵਿਭਾਗ ਨੂੰ ਵੀ ਸੂਚਿਤ ਕੀਤਾ। ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਗ ’ਤੇ ਕਾਬੂ ਤਾਂ ਪਾ ਲਿਆ, ਪਰ ਉਦੋਂ ਤੱਕ ਘਰ ਦਾ ਸਾਰਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਹਾਦਸੇ ਕਾਰਨ ਪਰਿਵਾਰ ਦਾ ਕਰੀਬ 15 ਤੋਂ 20 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਦੀਵਾਲੀ ਦੇ ਤਿਉਹਾਰ ਲਈ ਖਰੀਦਿਆ ਸਾਮਾਨ ਵੀ ਅੱਗ ਦੀ ਭੇਟ ਚੜ੍ਹ ਗਿਆ ਅਤੇ ਪਰਿਵਾਰ ਦੀਆਂ ਤਿਉਹਾਰ ਦੀਆਂ ਖੁਸ਼ੀਆਂ ਗਮ ਵਿਚ ਬਦਲ ਗਈਆਂ।