ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਦੀ ਹਤਾਸ਼ਾ ਦਾ ਨਤੀਜਾ - ਅਜੈਵੀਰ ਸਿੰਘ ਲਾਲਪੁਰਾ
ਰੂਪਨਗਰ, 28 ਸਤੰਬਰ (ਯਸ਼ਵੰਤ ਬੱਸੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਣਾ, ਕਾਂਗਰਸ ਅਤੇ ਇੰਡੀਆ ਗਠਜੋੜ ਦੀ ਹਤਾਸ਼ਾ ਦਾ ਨਤੀਜਾ ਹੈ। ਹੁਣ ਤਿੰਨੇ ਚੋਣ ਕਮਿਸ਼ਨਾਂ ਵਲੋਂ ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਮੂੰਹ ਲੁਕਾਉਣ ਲ਼ਈ ਥਾਂ ਨਹੀਂ ਮਿਲ ਰਹੀ।
ਰੂਪਨਗਰ, 28 ਸਤੰਬਰ (ਯਸ਼ਵੰਤ ਬੱਸੀ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਕਿਹਾ ਹੈ ਕਿ ਕੇਂਦਰੀ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਉੱਤੇ ਸਵਾਲ ਚੁੱਕਣਾ, ਕਾਂਗਰਸ ਅਤੇ ਇੰਡੀਆ ਗਠਜੋੜ ਦੀ ਹਤਾਸ਼ਾ ਦਾ ਨਤੀਜਾ ਹੈ। ਹੁਣ ਤਿੰਨੇ ਚੋਣ ਕਮਿਸ਼ਨਾਂ ਵਲੋਂ ਬੈਠਕ ਤੋਂ ਬਾਅਦ ਸਾਂਝਾ ਬਿਆਨ ਜਾਰੀ ਕੀਤੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਮੂੰਹ ਲੁਕਾਉਣ ਲ਼ਈ ਥਾਂ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਕਦੇ ਵੋਟਿੰਗ ਮਸ਼ੀਨਾਂ ਅਤੇ ਕਦੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ਸਵਾਲ ਚੁੱਕਣਾ ਕਾਂਗਰਸ ਦੀ ਆਦਤ ਬਣ ਚੁੱਕੀ ਹੈ। ਇੱਕ ਤੋਂ ਬਾਅਦ ਇੱਕ ਚੋਣਾਂ ਦੀ ਹਾਰ ਤੋਂ ਬਾਅਦ ਲਾਚਾਰ ਇੰਡੀਆ ਗਠਜੋੜ ਨੇ ਹੁਣ ਕੇਂਦਰੀ ਚੋਣ ਕਮਿਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਚਾਲ ਚੱਲੀ ਸੀ, ਜੋ ਹੁਣ ਪੂਰੀ ਤਰ੍ਹਾਂ ਨਾਕਾਮ ਹੋ ਗਈ ਅਤੇ ਇਨ੍ਹਾਂ ਦਾ ਭਾਂਡਾ ਫੁੱਟ ਗਿਆ। ਉਨ੍ਹਾਂ ਦੱਸਿਆ ਕਿ 26 ਸਤੰਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਚੋਣ ਕਮਿਸ਼ਨਰਾਂ ਡਾ. ਐਸ.ਐਸ. ਸੰਧੂ ਤੇ ਡਾ. ਵਿਵੇਕ ਜੋਸ਼ੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਸਾਂਝੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਦੇਸ਼ ਭਰ ਵਿਚ ਜਾਰੀ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਵਿਸ਼ੇਸ਼ ਗਹਿਰੀ ਸੁਧਾਰੀ) ਸਮੇਤ ਕਮਿਸ਼ਨ ਦੇ ਸਾਰੇ ਅਹਿਮ ਫੈਸਲੇ ਸਰਬਸੰਮਤੀ ਨਾਲ ਲਏ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਚੋਣ ਕਮਿਸ਼ਨ ਵਲੋਂ ਦਿੱਤੇ ਸਪੱਸ਼ਟੀਕਰਨ ਤੋਂ ਬਾਅਦ ਕਾਂਗਰਸ ਅਤੇ ‘ਆਪ’ ਨੂੰ ਆਪਣੀ ਸਥਿਤੀ ਲੋਕਾਂ ਸਾਹਮਣੇ ਸਪੱਸ਼ਟ ਕਰਨੀ ਚਾਹੀਦੀ ਹੈ। ਫਾਰਮ-6 ਦੇ ਮੁੱਦੇ ’ਤੇ ਭਾਜਪਾ ਆਗੂ ਨੇ ਕਿਹਾ ਕਿ ਇਸ ਮਾਮਲੇ ਵਿਚ ਵੀ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਐਸ.ਆਈ.ਆਰ. ਨਾਲ ਸਬੰਧਤ ਫਾਰਮ-6 ਦੇ ਐਲਾਨ-ਪੱਤਰ ਨੂੰ ਮਾਨਯੋਗ ਸੁਪਰੀਮ ਕੋਰਟ ਨੇ ਜਾਇਜ਼ ਠਹਿਰਾਇਆ ਹੈ, ਜਦਕਿ ਗੈਰ-ਐਸ.ਆਈ.ਆਰ. ਸਮੇਂ ਦੌਰਾਨ ਵੋਟਰਾਂ ਦੇ ਰਜਿਸਟ੍ਰੇਸ਼ਨ ਨਿਯਮ, 1960 ਤਹਿਤ ਪਹਿਲਾਂ ਵਾਲਾ ਫਾਰਮ ਹੀ ਲਾਗੂ ਹੈ। ਉਨ੍ਹਾਂ ਕਿਹਾ ਕਿ ਪ੍ਰਕਿਰਿਆ ਵਿਚ ਕੋਈ ਹੇਰ-ਫੇਰ ਨਹੀਂ ਕੀਤਾ ਗਿਆ ਅਤੇ ਇਸ ਮੁੱਦੇ ’ਤੇ ਫੈਲਾਏ ਜਾ ਰਹੇ ਭਰਮ ਦਾ ਤੱਥਾਂ ਨਾਲ ਕੋਈ ਆਧਾਰ ਨਹੀਂ ਹੈ।