ਮੈਡੀਕਲ ਪ੍ਰੈਕਟੀਸ਼ਨਰਾਂ ਨੇ ਪੰਜਾਬ ਸਰਕਾਰ ਦੇ ਨਾਂਅ ਚਿਤਾਵਨੀ ਪੱਤਰ ਭੇਜਿਆ 25 ਨਵੰਬਰ ਤੱਕ ਸਿਖਲਾਈ ਸ਼ੁਰੂ ਨਾ ਕੀਤੀ ਤਾਂ ਵੱਡਾ ਸੰਘਰਸ਼ ਵਿੱਢਣ ਦਾ ਐਲਾਨ
ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਗੋਇਲ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਚਿਤਾਵਨੀ ਪੱਤਰ ਭੇਜਿਆ ਗਿਆ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਡੇਢ ਲੱਖ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ।
ਮਾਨਸਾ, 19 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਵਧੀਕ ਡਿਪਟੀ ਕਮਿਸ਼ਨਰ ਆਯੂਸ਼ ਗੋਇਲ ਰਾਹੀਂ ਪੰਜਾਬ ਸਰਕਾਰ ਦੇ ਨਾਂਅ ਚਿਤਾਵਨੀ ਪੱਤਰ ਭੇਜਿਆ ਗਿਆ। ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਨੇ ਦੱਸਿਆ ਕਿ ਪੰਜਾਬ ਦੇ ਡੇਢ ਲੱਖ ਅਨਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਦੀ ਮੰਗ ਨੂੰ ਲੈ ਕੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਮੌਕੇ ‘ਆਪ’ ਸਰਕਾਰ ਵਲੋਂ ਮਸਲੇ ਦਾ ਪਹਿਲ ਦੇ ਆਧਾਰ ’ਤੇ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹਾਲੇ ਤੱਕ ਵਫਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਹੋਈਆਂ ਅਨੇਕਾਂ ਮੀਟਿੰਗਾਂ ਹੋਈਆਂ, ਜਿਸ ’ਚ 26 ਨਵੰਬਰ 2024 ਦੀ ਸਿਹਤ ਮੰਤਰੀ, 16 ਅਪ੍ਰੈਲ 2026 ਨੂੰ ਵਿੱਤ ਮੰਤਰੀ ਤੇ ਸਿਹਤ ਮੰਤਰੀ ਨਾਲ ਹੋਈਆਂ ਮੀਟਿੰਗ ’ਚ ਵੀ ਮੰਗ ਦਾ ਹੱਲ ਕਰਨ ਦੀ ਗੱਲ ਦੁਹਰਾ ਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਿਵਲ ਸਰਜਨਾਂ ਦੇ ਨਾਂਅ ਸਰਕੂਲਰ ਜਾਰੀ ਕੀਤਾ ਗਿਆ ਸੀ, ਜਿਸ ’ਚ ਅਨਰਜਿਸਟਰ਼ਡ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਿਖਲਾਈ ਦੇਣ ਦੀ ਹਦਾਇਤ ਕੀਤੀ ਗਈ। ਇਸ ਕਾਰਵਾਈ ’ਤੇ ਅਮਲ ਕਰਦਿਆਂ ਜਥੇਬੰਦੀ ਵਲੋਂ ਹਜਾਰਾਂ ਮੈਂਬਰਾਂ ਦੇ ਦਸਤਾਵੇਜ਼ ਸਿਵਲ ਸਰਜਨ ਦਫ਼ਤਰਾਂ ’ਚ ਵੀ ਜਮ੍ਹਾ ਕਰਵਾ ਦਿੱਤੇ ਗਏ ਸਨ ਪਰ ਕਰੀਬ ਢਾਈ ਮਹੀਨੇ ਦਾ ਸਮਾਂ ਬੀਤਣ ਮਗਰੋਂ ਵੀ ਸਿਖਲਾਈ ਸ਼ੁਰੂ ਕਰਨ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ। ਉਪਰੰਤ ਜਥੇਬੰਦੀ ਵਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਵੀ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਜਲਦ ਸਿਖਲਾਈ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ। ਸੂਬਾ ਪ੍ਰਧਾਨ ਨੇ ਕਿਹਾ ਕਿ ਬੇਸ਼ੱਕ ਵਿਧਾਨ ਸਭਾ ਦੇ ਸਪੀਕਰ ਵਲੋਂ ਸਿਖਲਾਈ ਸ਼ੁਰੂ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ ਪਰ ਜੇਕਰ ਸਿਖਲਾਈ 25 ਨਵੰਬਰ ਤੱਕ ਸ਼ੁਰੂ ਨਾ ਹੋਈ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪ੍ਰੇਮ ਸਿੰਘ ਕਿਸ਼ਨਗੜ੍ਹ, ਗੁਰਜੀਤ ਸਿੰਘ ਬਰ੍ਹੇ, ਗੁਰਪ੍ਰੀਤ ਸਿੰਘ ਭੈਣੀਬਾਘਾ, ਗੁਰਵਿੰਦਰ ਸਿੰਘ ਜੋਗਾ, ਜਗਸੀਰ ਸਿੰਘ ਸ਼ਰਮਾ, ਰਮਜਾਨ ਖਾਨ, ਸੰਦੀਪ ਸਿੰਘ, ਗੁਰਨਾਮ ਸਿੰਘ ਕੋਟੜਾ, ਰਨਵੀਰ ਸਿੰਘ ਭੋਗਲ, ਜਸਵੰਤ ਸਿੰਘ ਦਲੇਲ ਸਿੰਘ ਵਾਲਾ, ਨਿਰਮਲ ਸਿੰਘ ਕਿਸ਼ਨਗੜ੍ਹ, ਅਵਤਾਰ ਸਿੰਘ ਖੱਤਰੀਵਾਲਾ, ਲਵਪ੍ਰੀਤ ਸਕਸੈਨਾ, ਹਰਬੰਸ ਸਿੰਘ ਬਰੇਟਾ, ਅਕਬਰ ਖਾਨ, ਅੰਮ੍ਰਿਤਪਾਲ ਸਿੰਘ ਅੰਬੀ, ਗੁਰਲਾਲ ਸਿੰਘ ਬੁਢਲਾਡਾ, ਲੱਖਾ ਸਿੰਘ, ਰਜਿੰਦਰ ਸਿੰਘ, ਗਗਨਦੀਪ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।