ਚੰਡੀਗੜ੍ਹ ’ਚ 15 ਨੂੰ ਲੱਗੇਗਾ ‘ਤੇਰਾ ਸਿੰਘ ਚੰਨ ਸਾਹਿਤਕ ਮੇਲਾ’
ਚੰਡੀਗੜ੍ਹ, 10 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ-2026’ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ 15 ਨਵੰਬਰ ਨੂੰ ਲਾਇਆ ਜਾ ਰਿਹਾ ਹੈ। ਮੇਲੇ ਵਿਚ ਕਲਾ, ਸਾਹਿਤ ਤੇ ਸੱਭਿਆਚਾਰ ਨਾਲ਼ ਸੰਬੰਧਿਤ ਨਾਮਵਰ ਸ਼ਖ਼ਸੀਅਤਾਂ ਆਪਣੀ ਹਾਜ਼ਰੀ ਨਾਲ ਰੌਣਕ ਵਧਾਉਣਗੀਆਂ।
ਚੰਡੀਗੜ੍ਹ, 10 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਸਭਾ ਦੇ ਬਾਨੀ ਤੇਰਾ ਸਿੰਘ ਚੰਨ ਦੀ ਯਾਦ ਨੂੰ ਸਮਰਪਿਤ ‘ਤੇਰਾ ਸਿੰਘ ਚੰਨ ਯਾਦਗਾਰੀ ਸਾਹਿਤਕ ਮੇਲਾ-2026’ ਪੰਜਾਬ ਕਲਾ ਭਵਨ ਸੈਕਟਰ 16 ਚੰਡੀਗੜ੍ਹ ਵਿਖੇ 15 ਨਵੰਬਰ ਨੂੰ ਲਾਇਆ ਜਾ ਰਿਹਾ ਹੈ। ਮੇਲੇ ਵਿਚ ਕਲਾ, ਸਾਹਿਤ ਤੇ ਸੱਭਿਆਚਾਰ ਨਾਲ਼ ਸੰਬੰਧਿਤ ਨਾਮਵਰ ਸ਼ਖ਼ਸੀਅਤਾਂ ਆਪਣੀ ਹਾਜ਼ਰੀ ਨਾਲ ਰੌਣਕ ਵਧਾਉਣਗੀਆਂ। ਉੱਘੇ ਸ਼ਾਇਰ ਤੇ ਫ਼ਿਲਮ ਉਦਯੋਗ ਵਿਚ ਪੰਜਾਬ ਦੀ ਮਾਣਮੱਤੀ ਨੁਮਾਇੰਦਗੀ ਕਰਕੇ ਆਪਣਾ ਉਚੇਚਾ ਨਾਂਅ ਸਥਾਪਿਤ ਕਰਨ ਵਾਲ਼ੇ ਗੀਤਕਾਰ ਇਰਸ਼ਾਦ ਕਾਮਿਲ ਇਸ ਮੌਕੇ ਮੁੱਖ ਮਹਿਮਾਨ ਹੋਣਗੇ। ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਵਿਸ਼ੇਸ਼ ਮਹਿਮਾਨ ਹੋਣਗੇ। ਸੰਜੀਦਾ ਰੰਗਮੰਚ ਤੇ ਫ਼ਿਲਮ ਅਦਾਕਾਰ ਮਲਕੀਤ ਸਿੰਘ ਰੌਣੀ ‘ਸਮਾਜ ਸੰਵਾਰਨ ’ਚ ਸਾਹਿਤ, ਸੰਗੀਤ ਤੇ ਸਿਨੇਮੇ ਦਾ ਯੋਗਦਾਨ’ ਵਿਸ਼ੇ ’ਤੇ ਮੁੱਖ ਬੁਲਾਰੇ ਹੋਣਗੇ। ਤੇਰਾ ਸਿੰਘ ਚੰਨ ਦੀ ਸਾਹਿਤਕ ਤੇ ਜਥੇਬੰਦਕ ਦੇਣ ਬਾਰੇ ਕੁੰਜੀਵਤ ਭਾਸ਼ਨ ਗੁਰਨਾਮ ਕੰਵਰ ਵਲੋਂ ਦਿੱਤਾ ਜਾਵੇਗਾ। ਮੇਲੇ ਦੀ ਰੂਪਰੇਖਾ ਬਾਰੇ ਹੋਰ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਇਸ ਵਾਰ ਤੇਰਾ ਸਿੰਘ ਚੰਨ ਯਾਦਗਾਰੀ ਸਨਮਾਨ-2026 ਗੁਰਨਾਮ ਕੰਵਰ ਤੇ ਮਲਕੀਤ ਰੌਣੀ ਨੂੰ ਪ੍ਰਦਾਨ ਕੀਤੇ ਜਾਣਗੇ। ਹਰਮਿੰਦਰ ਸਿੰਘ ਕਾਲੜਾ ਤੇ ਵਰਿੰਦਰ ਸਿੰਘ ਚੱਠਾ ਨੂੰ ਸਰੋਤਾ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾਵੇਗਾ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਸਥਾਪਨਾ ਤੋਂ ਹੀ ਨਿਰੰਤਰ ਸਾਥ ਨਿਭਾ ਰਹੇ ਉੱਘੇ ਸਾਹਿਤਕਾਰ ਡਾ. ਅਵਤਾਰ ਸਿੰਘ ਪਤੰਗ ਤੇ ਨਾਮਵਰ ਕਵਿੱਤਰੀ ਰਜਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਹੋਵੇਗਾ। ਲੋਕ ਕਲਾਕਾਰ ਬਲਕਾਰ ਸਿੱਧੂ ਅਤੇ ਉਨ੍ਹਾਂ ਦੀ ਟੀਮ ਵਲੋਂ ਲੁੱਡੀ ਤੇ ਝੂਮਰ ਦੀਆਂ ਪੇਸ਼ਕਾਰੀਆਂ ਹੋਣਗੀਆਂ। ਸ੍ਰੀ ਭੈਣੀ ਸਾਹਿਬ, ਬਲਵਿੰਦਰ ਸਿੰਘ ਉੱਤਮ ਰੈਸਟੋਰੈਂਟ, ਬਲਦੇਵ ਸਿੰਘ ਸਪਤਰਿਸ਼ੀ ਤੇ ਸਵ. ਤੇਰਾ ਸਿੰਘ ਚੰਨ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ਼ ਕਰਵਾਏ ਜਾਣ ਵਾਲ਼ੇ ਇਸ ਸਾਹਿਤਕ ਮੇਲੇ ਵਿਚ ਪੰਜਾਬੀ ਸਾਹਿਤ, ਸਭਿਆਚਾਰ, ਕਲਾਵਾਂ, ਖਾਣ ਤੇ ਪਹਿਰਾਵੇ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ।