ਸਰਹਿੰਦ-ਸਹਿਰਸਾ ਤੇ ਚੰਡੀਗੜ੍ਹ-ਕਟਿਹਾਰ ਦਰਮਿਆਨ ਚੱਲਣਗੀਆਂ ਦੋਵੇ ਵਿਸ਼ੇਸ਼ ਰੇਲ ਗੱਡੀਆਂ, ਅੰਬਾਲਾ ਛਾਉਣੀ ਸਟੇਸ਼ਨ ’ਤੇ ਮਿਲਿਆ ਠਹਿਰਾਅ
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਛਠ ਪੂਜਾ ਦੇ ਤਿਉਹਾਰ ਦੌਰਾਨ ਬਿਹਾਰ ਵੱਲ ਜਾਣ ਵਾਲੇ ਮੁਸਾਫ਼ਰਾ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਵਲੋਂ ਵਾਧੂ ਰੇਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ‘ਟਰੇਨ ਆਨ ਡਿਮਾਂਡ’ ਤਹਿਤ ਰੇਲਵੇ ਵਲੋਂ ਸਰਹਿੰਦ-ਸਹਿਰਸਾ ਤੇ ਚੰਡੀਗੜ੍ਹ-ਕਟਿਹਾਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਠਹਿਰਾਅ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਵੀ ਹੋਵੇਗਾ।
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਛਠ ਪੂਜਾ ਦੇ ਤਿਉਹਾਰ ਦੌਰਾਨ ਬਿਹਾਰ ਵੱਲ ਜਾਣ ਵਾਲੇ ਮੁਸਾਫ਼ਰਾ ਦੀ ਵਧਦੀ ਭੀੜ ਨੂੰ ਦੇਖਦਿਆਂ ਰੇਲਵੇ ਵਲੋਂ ਵਾਧੂ ਰੇਲ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ‘ਟਰੇਨ ਆਨ ਡਿਮਾਂਡ’ ਤਹਿਤ ਰੇਲਵੇ ਵਲੋਂ ਸਰਹਿੰਦ-ਸਹਿਰਸਾ ਤੇ ਚੰਡੀਗੜ੍ਹ-ਕਟਿਹਾਰ ਲਈ ਦੋ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਠਹਿਰਾਅ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ’ਤੇ ਵੀ ਹੋਵੇਗਾ। ਇਸ ਉਪਰਾਲੇ ਨਾਲ ਤਿਉਹਾਰੀ ਸੀਜ਼ਨ ਮੌਕੇ ਮੁਸਾਫ਼ਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿਚ ਸਹੂਲਤ ਮਿਲੇਗੀ ਤੇ ਨਿਯਮਤ ਰੇਲ ਗੱਡੀਆਂ ਵਿਚ ਭੀੜ ਘਟਾਉਣ ’ਚ ਮਦਦ ਮਿਲੇਗੀ। ਰੇਲਵੇ ਵਲੋਂ ਦਿੱਤੀ ਜਾਣਕਾਰੀ ਅਨੁਸਾਰ 04568 ਸਰਹਿੰਦ-ਸਹਿਰਸਾ ਅਣ-ਰਾਖਵੀਂ ਵਿਸ਼ੇਸ਼ ਰੇਲ ਗੱਡੀ ਸੋਮਵਾਰ ਤੋਂ (9 ਨਵੰਬਰ) ਸਰਹਿੰਦ ਤੋਂ ਰਵਾਨਾ ਹੋ ਕੇ ਰਾਜਪੁਰਾ ਰਾਹੀਂ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਪਹੁੰਚੀ। ਇਸ ਦਾ ਅੰਬਾਲਾ ਛਾਉਣੀ ਸਟੇਸ਼ਨ ’ਤੇ ਪਹੁੰਚਣ ਦਾ ਨਿਰਧਾਰਤ ਸਮਾਂ ਦੁਪਹਿਰ 2.58 ਵਜੇ ਤੇ ਰਵਾਨਗੀ ਦਾ ਸਮਾਂ 3.03 ਵਜੇ ਹੈ। ਇਹ ਰੇਲ ਗੱਡੀ ਯਮੁਨਾਨਗਰ-ਜਗਾਧਰੀ ਤੇ ਸਹਾਰਨਪੁਰ ਰਾਹੀਂ ਸਹਿਰਸਾ ਤੱਕ ਜਾਵੇਗੀ। ਇਸ ਦੇ ਸੰਚਾਲਨ ਨਾਲ ਬਿਹਾਰ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਵਾਧੂ ਸਹੂਲਤ ਮਿਲੇਗੀ। ਇਸੇ ਤਰ੍ਹਾਂ 04570 ਚੰਡੀਗੜ੍ਹ-ਕਟਿਹਾਰ ਵਿਸ਼ੇਸ਼ ਰੇਲ ਗੱਡੀ ਵੀ ਸੋਮਵਾਰ (9 ਨਵੰਬਰ) ਰਾਤ 11 ਵਜੇ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਵੇਗੀ। ਇਹ ਰੇਲ ਗੱਡੀ ਰਾਤ 11.50 ਵਜੇ ਅੰਬਾਲਾ ਛਾਉਣੀ ਪਹੁੰਚੇਗੀ ਅਤੇ 10 ਨਵੰਬਰ ਨੂੰ ਰਾਤ 12 ਵਜੇ ਕਟਿਹਾਰ ਲਈ ਰਵਾਨਾ ਹੋਵੇਗੀ। ਇਹ ਰੇਲ ਗੱਡੀ ਯਮੁਨਾਨਗਰ-ਜਗਾਧਰੀ ਤੇ ਸਹਾਰਨਪੁਰ ਸਮੇਤ ਨਿਰਧਾਰਤ ਰਸਤੇ ਰਾਹੀਂ ਕਟਿਹਾਰ ਪਹੁੰਚੇਗੀ। ਅੰਬਾਲਾ ਮੰਡਲ ਰੇਲਵੇ ਪ੍ਰਸ਼ਾਸਨ ਵਲੋਂ ਛਠ ਪੂਜਾ ਤੇ ਹੋਰਨਾਂ ਤਿਉਹਾਰਾਂ ਦੌਰਾਨ ਮੁਸਾਫ਼ਰਾਂ ਦੀ ਵਾਧੂ ਭੀੜ ਨੂੰ ਧਿਆਨ ਵਿਚ ਰੱਖਦਿਆਂ ਵਿਸ਼ੇਸ਼ ਰੇਲ ਗੱਡੀਆਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ ਤਾਂ ਜੋ ਰੇਲ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਆਪਣੇ ਟਿਕਾਣਿਆਂ ਤੱਕ ਪਹੁੰਚਣ ਵਿਚ ਸਹੂਲਤ ਮਿਲ ਸਕੇ ਅਤੇ ਨਿਯਮਤ ਰੇਲ ਗੱਡੀਆਂ ਵਿਚ ਭੀੜ ਦਾ ਦਬਾਅ ਘਟਾਇਆ ਜਾ ਸਕੇ।