ਆਊਟਸੋਰਸ ਮੁਲਾਜ਼ਮਾਂ ਦੀ ਭਰਤੀ ਤੇ ਤਨਖ਼ਾਹਾਂ ’ਚ ਗੜਬੜੀ ਦੇ ਦੋਸ਼, ਸੀ.ਬੀ.ਆਈ ਦੀ ਛਾਪੇਮਾਰੀ
ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਾਗਾਂ ਤੇ ਸਿੱਖਿਆ ਸੰਸਥਾਵਾਂ ਵਿਚ ਆਊਟਸੋਰਸ ਮੁਲਾਜ਼ਮਾਂ ਦੀ ਭਰਤੀ ਅਤੇ ਤਨਖ਼ਾਹਾਂ ਦੀ ਅਦਾਇਗੀ ਵਿਚ ਕਥਿਤ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸੀ. ਬੀ.
ਚੰਡੀਗੜ੍ਹ, 16 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਪ੍ਰਸ਼ਾਸਨ ਦੇ ਵਿਭਾਗਾਂ ਤੇ ਸਿੱਖਿਆ ਸੰਸਥਾਵਾਂ ਵਿਚ ਆਊਟਸੋਰਸ ਮੁਲਾਜ਼ਮਾਂ ਦੀ ਭਰਤੀ ਅਤੇ ਤਨਖ਼ਾਹਾਂ ਦੀ ਅਦਾਇਗੀ ਵਿਚ ਕਥਿਤ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਸੀ.ਬੀ.ਆਈ ਨੇ ਚਾਰ ਸਰਵਿਸ ਪ੍ਰੋਵਾਈਡਰ ਏਜੰਸੀਆਂ ਦੇ ਦਫ਼ਤਰਾਂ ’ਤੇ ਛਾਪੇਮਾਰੀ ਕੀਤੀ। ਸੀ.ਬੀ.ਆਈ ਦੀਆਂ ਟੀਮਾਂ ਨੇ ਸੈਕਟਰ-34, ਡੱਡੂਮਾਜਰਾ ਅਤੇ ਮਨੀਮਾਜਰਾ ਸਥਿਤ ਦਫ਼ਤਰਾਂ ਵਿਚ ਟੈਂਡਰਾਂ, ਭਰਤੀ ਅਤੇ ਤਨਖ਼ਾਹਾਂ ਨਾਲ ਸਬੰਧਤ ਰਿਕਾਰਡ ਦੀ ਜਾਂਚ ਕੀਤੀ। ਏਜੰਸੀਆਂ ਦੇ ਸੰਚਾਲਕਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ। ਜਿਨ੍ਹਾਂ ਏਜੰਸੀਆਂ ਦੇ ਟਿਕਾਣਿਆਂ ’ਤੇ ਕਾਰਵਾਈ ਕੀਤੀ ਗਈ, ਉਨ੍ਹਾਂ ਵਿਚ ਜਾਹਰਵੀਰ ਮੈਨਪਾਵਰ ਐਂਡ ਸਕਿਉਰਿਟੀ ਸਰਵਿਸਿਜ਼, ਏ ਟੂ ਜ਼ੈੱਡ ਮੈਨਪਾਵਰ ਐਂਡ ਸਕਿਉਰਿਟੀ ਸਰਵਿਸਿਜ਼, ਨੈਸ਼ਨਲ ਗਰੁੱਪ ਆਫ਼ ਸਰਵਿਸਿਜ਼ ਅਤੇ ਕਿਮਸੀ ਐਂਟਰਪ੍ਰਾਈਜ਼ਿਜ਼ ਸ਼ਾਮਲ ਹਨ। ਇਨ੍ਹਾਂ ਗਰੁੱਪਾਂ ਨਾਲ ਸਬੰਧਤ ਕਰੀਬ 30 ਹਜ਼ਾਰ ਮੁਲਾਜ਼ਮ ਵੱਖ-ਵੱਖ ਸਰਕਾਰੀ ਵਿਭਾਗਾਂ ਤੇ ਸੰਸਥਾਵਾਂ ਵਿਚ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਦੀ ਗਰੁੱਪ-ਡੀ ਮੁਲਾਜ਼ਮ ਯੂਨੀਅਨ ਨੇ ਸੀ.ਬੀ.ਆਈ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਕੋਲ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਆਊਟਸੋਰਸ ਮੁਲਾਜ਼ਮਾਂ ਦੀ ਸਪਲਾਈ ਨਾਲ ਸਬੰਧਤ ਕਰੀਬ 70 ਫ਼ੀਸਦੀ ਟੈਂਡਰ ਮਲਿਕ ਪਰਿਵਾਰ ਨਾਲ ਜੁੜੀਆਂ ਫ਼ਰਮਾਂ ਨੂੰ ਦਿੱਤੇ ਜਾ ਰਹੇ ਹਨ। ਸ਼ਿਕਾਇਤ ਵਿਚ ਟੈਂਡਰ ਅਲਾਟਮੈਂਟ, ਭਰਤੀ ਪ੍ਰਕਿਰਿਆ ਅਤੇ ਤਨਖ਼ਾਹਾਂ ਦੀ ਅਦਾਇਗੀ ਵਿਚ ਬੇਨਿਯਮੀਆਂ ਦੇ ਖ਼ਦਸ਼ੇ ਵੀ ਪ੍ਰਗਟਾਏ ਗਏ ਹਨ। ਸ਼ਿਕਾਇਤ ਵਿਚ ਸੈਕਟਰ-11 ਦੇ ਸਰਕਾਰੀ ਕਾਲਜ, ਸੈਕਟਰ-46 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ, ਬੁੜੈਲ ਜੇਲ੍ਹ, ਚੰਡੀਗੜ੍ਹ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਹਾਊਸਿੰਗ ਬੋਰਡ ਅਤੇ ਖੇਡ ਵਿਭਾਗ ਵਿਚ ਜਾਰੀ ਟੈਂਡਰਾਂ ਦੀ ਜਾਂਚ ਦੀ ਮੰਗ ਵੀ ਕੀਤੀ ਗਈ ਹੈ। ਮਾਮਲੇ ਵਿਚ ਇਕ ਪੀ.ਸੀ.ਐੱਸ ਅਧਿਕਾਰੀ, ਇਕ ਗਜ਼ਟਿਡ ਅਧਿਕਾਰੀ ਅਤੇ ਇਕ ਕਾਲਜ ਪ੍ਰਿੰਸੀਪਲ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ, ਸੀ.ਬੀ.ਆਈ ਵਲੋਂ ਹਾਲੇ ਤੱਕ ਕਿਸੇ ਘਪਲੇ ਦੀ ਪੁਸ਼ਟੀ ਨਹੀਂ ਕੀਤੀ ਗਈ ਅਤੇ ਨਾ ਹੀ ਸਬੰਧਤ ਵਿਅਕਤੀਆਂ ਦੀ ਭੂਮਿਕਾ ਸਪੱਸ਼ਟ ਹੋਈ ਹੈ।