ਸੈਕਟਰ -46 ’ ਚ ਬੰਦੂਕ ਦੀ ਨੋਕ ’ ਤੇ ਕਾਰ ਲੁੱਟਣ ਵਾਲੇ ਦੋ ਮੁਲਜ਼ਮ ਪਲਵਲ ਪੁਲਿਸ ਮੁਕਾਬਲੇ ’ ਚ ਜ਼ਖ਼ਮੀ 24 ਘੰਟਿਆਂ ਵਿਚ ਮਾਮਲਾ ਹੱਲ, ਨਿਆਇਕ ਹਿਰਾਸਤ ਮਗਰੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆਵੇਗੀ ਚੰਡੀਗੜ੍ਹ ਪੁਲਿਸ
ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-46 ਵਿਚ ਬੰਦੂਕ ਦੀ ਨੋਕ ’ਤੇ ਕਾਰ ਲੁੱਟਣ ਦੇ ਮਾਮਲੇ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ 24 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਲੁੱਟੀ ਹੋਈ ਕਾਰ ਦਾ ਪਿੱਛਾ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੀ ਪਲਵਲ ਕ੍ਰਾਈਮ ਬ੍ਰਾਂਚ ਨੂੰ ਮੁਲਜ਼ਮਾਂ ਦੇ ਸੰਭਾਵੀ ਟਿਕਾਣੇ ਬਾਰੇ ਸੂਚਨਾ ਦਿੱਤੀ।
ਚੰਡੀਗੜ੍ਹ, 10 ਅਕਤੂਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-46 ਵਿਚ ਬੰਦੂਕ ਦੀ ਨੋਕ ’ਤੇ ਕਾਰ ਲੁੱਟਣ ਦੇ ਮਾਮਲੇ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ 24 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਲੁੱਟੀ ਹੋਈ ਕਾਰ ਦਾ ਪਿੱਛਾ ਕਰਦਿਆਂ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੀ ਪਲਵਲ ਕ੍ਰਾਈਮ ਬ੍ਰਾਂਚ ਨੂੰ ਮੁਲਜ਼ਮਾਂ ਦੇ ਸੰਭਾਵੀ ਟਿਕਾਣੇ ਬਾਰੇ ਸੂਚਨਾ ਦਿੱਤੀ। ਜਿਸ ਤੋਂ ਬਾਅਦ ਸਯੁੰਕਤ ਕਾਰਵਾਈ ਦੌਰਾਨ ਚਾਰ ਸ਼ੱਕੀਆਂ ਨੂੰ ਰੋਕਣ ਦੀ ਕਾਰਵਾਈ ਕੀਤੀ, ਜਿਸ ਦੌਰਾਨ ਪੁਲਿਸ ਮੁਤਾਬਿਕ ਗੋਲੀਬਾਰੀ ਹੋਈ ਅਤੇ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਅਤੇ 2 ਹੋਰਨਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਲੁੱਟੀ ਹੋਈ ਕਾਰ ਸਮੇਤ ਹਥਿਆਰ, ਕਾਰਤੂਸ ਅਤੇ ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਮੁਲਜ਼ਮਾਂ ਨੂੰ ਹਰਿਆਣਾ ਪੁਲਿਸ ਵਲੋਂ ਨਿਆਂਇਕ ਹਿਰਾਸਤ ਵਿਚ ਭੇਜੇ ਜਾਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਇਸ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਦਾਖਲ ਕਰੇਗੀ। ਪੁਲਿਸ ਅਧਿਕਾਰੀਆਂ ਅਨੁਸਾਰ 8 ਅਤੇ 9 ਅਕਤੂਬਰ ਦੀ ਦਰਮਿਆਨੀ ਰਾਤ ਕਰੀਬ 11.30 ਵਜੇ ਬੁਰੈਲ ਵਾਸੀ ਦੁੱਧ ਵਿਕਰੇਤਾ ਮੋਹਨ ਸੈਕਟਰ-46-ਸੀ ਵਿਚ ਆਪਣੀ ਚਿੱਟੇ ਰੰਗ ਦੀ ਮਾਰੂਤੀ ਸਵਿਫਟ ਡਿਜ਼ਾਇਰ ਕਾਰ ਵਿਚ ਸਾਮਾਨ ਲੱਦ ਰਿਹਾ ਸੀ। ਇਸੇ ਦੌਰਾਨ ਦੋ ਹਥਿਆਰਬੰਦ ਵਿਅਕਤੀਆਂ ਨੇ ਉਸ ਨੂੰ ਬੰਦੂਕ ਦੀ ਨੋਕ ’ਤੇ ਲੈ ਕੇ ਕਾਰ ਲੁੱਟ ਲਈ। ਇਸ ਸਬੰਧੀ ਥਾਣਾ ਸੈਕਟਰ-34 ਵਿਚ 9 ਅਕਤੂਬਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਜ਼ਿਲ੍ਹਾ ਕ੍ਰਾਈਮ ਸੈੱਲ ਸੈਕਟਰ-24 ਦੀ ਟੀਮ ਨੇ ਲੁੱਟੀ ਹੋਈ ਕਾਰ ਦੀ ਭਾਲ ਕਰਦਿਆਂ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨਾਲ ਤਾਲਮੇਲ ਕੀਤਾ। ਕਾਰ ਦੇ ਪਲਵਲ ਵੱਲ ਜਾਣ ਦੀ ਸੂਚਨਾ ਮਿਲਣ ’ਤੇ ਹਰਿਆਣਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਕਾਰਵਾਈ ਕੀਤੀ। ਪੁਲਿਸ ਦੇ ਦਾਅਵੇ ਅਨੁਸਾਰ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿਚ ਕੀਤੀ ਗਈ ਗੋਲੀਬਾਰੀ ਦੌਰਾਨ ਦੋ ਮੁਲਜ਼ਮ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਪਲਵਲ ਪੁਲਿਸ ਵਲੋਂ ਕੀਤੀ ਗਈ ਬਰਾਮਦਗੀ ਵਿਚ ਲੁੱਟੀ ਹੋਈ ਕਾਰ, .315 ਬੋਰ ਦਾ ਦੇਸੀ ਹਥਿਆਰ, ਇਕ ਦੇਸੀ ਪਿਸਤੌਲ, ਚਾਰ ਜ਼ਿੰਦਾ ਕਾਰਤੂਸ, ਖਾਲੀ ਕਾਰਤੂਸ ਅਤੇ ਤਿੰਨ ਮੋਬਾਈਲ ਫ਼ੋਨ ਸ਼ਾਮਲ ਹਨ। ਕਾਰ ਦੀਆਂ ਦੋਵੇਂ ਨੰਬਰ ਪਲੇਟਾਂ ਵੀ ਲਾਹੀਆਂ ਹੋਈਆਂ ਸਨ। ਚੰਡੀਗੜ੍ਹ ਪੁਲਿਸ ਮੁਲਜ਼ਮਾਂ ਦੇ ਹੋਰ ਅਪਰਾਧਿਕ ਰਿਕਾਰਡ ਦੀ ਜਾਂਚ ਕਰ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਤਫ਼ਤੀਸ਼ ਜਾਰੀ ਹੈ।