ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਹਾਊਸਿੰਗ ਬੋਰਡ (ਸੀ.ਐਚ.ਬੀ) ਦੇ ਅਲਾਟੀਆਂ ਨੂੰ ਆਪਣੇ ਘਰਾਂ ’ਚ ਲੋੜ ਅਨੁਸਾਰ ਤਬਦੀਲੀਆਂ ਤੇ ਮੁੜ ਉਸਾਰੀ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ। ਬੋਰਡ ਆਫ਼ ਡਾਇਰੈਕਟਰਜ਼ ਦੀ ਅੱਜ ਮੁੱਖ ਸਕੱਤਰ ਤੇ ਸੀ.ਐਚ.ਬੀ ਦੇ ਚੇਅਰਮੈਨ ਐਚ. ਰਾਜੇਸ਼ ਪ੍ਰਸਾਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਸੀ.ਐਚ.ਬੀ ਦੀਆਂ ਫਰੀ ਹੋਲਡ ਰਿਹਾਇਸ਼ੀ ਇਕਾਈਆਂ ’ਚ ਲੋੜ-ਅਧਾਰਿਤ ਤਬਦੀਲੀਆਂ ਅਤੇ ਸਾਰੀਆਂ ਰਿਹਾਇਸ਼ੀ ਇਕਾਈਆਂ ਵਿਚ ਲਿਫਟਾਂ ਲਗਾਉਣ ਸਬੰਧੀ ਕਮੇਟੀ ਦੀਆਂ ਰਿਪੋਰਟਾਂ ਨੂੰ ਮਾਮੂਲੀ ਸੋਧਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ। ਬੋਰਡ ਨੇ ਫਰੀ ਹੋਲਡ ਰਿਹਾਇਸ਼ੀ ਇਕਾਈਆਂ ਦੇ ਮਾਲਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਵੀ ਪ੍ਰਵਾਨਗੀ ਦਿੱਤੀ ਹੈ, ਜਿਸ ਤਹਿਤ ਇਨ੍ਹਾਂ ਇਕਾਈਆਂ ਨੂੰ ‘ਚੰਡੀਗੜ੍ਹ ਬਿਲਡਿੰਗ ਨਿਯਮ-2017’ ਅਨੁਸਾਰ ਮਰਲਾ ਮਕਾਨਾਂ ਦੇ ਸਮਾਨ ਮੰਨਿਆ ਜਾਵੇਗਾ। ਇਸ ਫ਼ੈਸਲੇ ਨਾਲ ਅਲਾਟੀਆਂ ਨੂੰ ਆਪਣੇ ਘਰਾਂ ਵਿੱਚ ਨਿਰਧਾਰਿਤ ਨਿਯਮਾਂ ਅਨੁਸਾਰ ਲੋੜੀਂਦੀਆਂ ਤਬਦੀਲੀਆਂ ਜਾਂ ਮੁੜ ਉਸਾਰੀ ਕਰਨ ਲਈ ਸਪੱਸ਼ਟ ਢਾਂਚਾ ਮਿਲੇਗਾ। ਮੀਟਿੰਗ ’ਚ ਸਾਰੇ ਸੀ.ਐਚ.ਬੀ ਫਲੈਟਾਂ ਅਤੇ ਰਿਹਾਇਸ਼ੀ ਇਕਾਈਆਂ ’ਚ ਲਿਫਟਾਂ ਲਗਾਉਣ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਲਈ ਅਰਜ਼ੀਆਂ ਰਜਿਸਟਰਡ ਆਰਕੀਟੈਕਟਾਂ ਵਲੋਂ ਸਵੈ-ਤਸਦੀਕ ਸਕੀਮ ਤਹਿਤ ਜਮ੍ਹਾਂ ਕਰਵਾਈਆਂ ਜਾ ਸਕਣਗੀਆਂ। ਲਿਫਟ ਲਗਾਉਣ ਲਈ ਬਲਾਕ ਦੇ ਹਰੇਕ ਨਿਵਾਸੀ ਦੀ ਸਹਿਮਤੀ ਲੈਣਾ ਲਾਜ਼ਮੀ ਨਹੀਂ ਹੋਵੇਗਾ। ਹਾਲਾਂਕਿ ਲਿਫਟ ਦੀ ਸਥਾਪਨਾ ਅਤੇ ਰੱਖ-ਰਖਾਅ ਦੇ ਖ਼ਰਚੇ ਵਿਚ ਹਿੱਸਾ ਪਾਉਣ ਵਾਲੇ ਨਿਵਾਸੀਆਂ ਨੂੰ ਲਿਫਟ ਦੀ ਵਰਤੋਂ ਦਾ ਹੱਕ ਦੇਣਾ ਹੋਵੇਗਾ। ਨਿਵਾਸੀਆਂ ਦਰਮਿਆਨ ਲਿਫਟ ਦੀ ਸਥਾਪਨਾ ਜਾਂ ਇਸ ਨਾਲ ਜੁੜੇ ਮਾਮਲਿਆਂ ਸਬੰਧੀ ਕਿਸੇ ਵਿਵਾਦ ਨੂੰ ਚੰਡੀਗੜ੍ਹ ਹਾਊਸਿੰਗ ਬੋਰਡ (ਟੇਨਮੈਂਟਾਂ ਦੀ ਅਲਾਟਮੈਂਟ, ਪ੍ਰਬੰਧਨ ਅਤੇ ਵਿਕਰੀ) ਨਿਯਮ, 1979 ਦੀ ਧਾਰਾ 15 ਤਹਿਤ ਨਜਿੱਠਿਆ ਜਾਵੇਗਾ। ਇਸ ਮੰਤਵ ਲਈ ਇੱਕ ਬਲਾਕ ਦਾ ਅਰਥ ਉਨ੍ਹਾਂ ਸਾਰੀਆਂ ਰਿਹਾਇਸ਼ੀ ਇਕਾਈਆਂ ਤੋਂ ਹੋਵੇਗਾ, ਜਿਨ੍ਹਾਂ ਤੱਕ ਸਾਂਝੀ ਪੌੜੀ ਰਾਹੀਂ ਪਹੁੰਚ ਹੁੰਦੀ ਹੈ। ਲਿਫਟ ਦੀ ਸਥਾਪਨਾ ਲਈ ਸੀ.ਐਚ.ਬੀ ਬੋਰਡ ਦੀ ਪ੍ਰਵਾਨਗੀ ਲਾਜ਼ਮੀ ਹੋਵੇਗੀ। ਇਸ ਸਬੰਧੀ ਅਰਜ਼ੀਆਂ ਦੀ ਪ੍ਰਕਿਰਿਆ ਅਤੇ ਕੰਮ ਮੁਕੰਮਲ ਹੋਣ ਉਪਰੰਤ ਸਰਟੀਫਿਕੇਟ ਜਾਰੀ ਕਰਨ ਸਮੇਤ ਵਿਸਤ੍ਰਿਤ ਮਿਆਰੀ ਕਾਰਜ-ਪ੍ਰਣਾਲੀ (ਐੱਸ.ਓ.ਪੀ.) ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਬੋਰਡ ਦੇ ਇਨ੍ਹਾਂ ਫ਼ੈਸਲਿਆਂ ਨਾਲ ਸੀ.ਐਚ.ਬੀ ਅਲਾਟੀਆਂ ਨੂੰ ਢਾਂਚਾਗਤ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਆਪਣੇ ਘਰਾਂ ਵਿਚ ਤਬਦੀਲੀਆਂ ਕਰਨ ਜਾਂ ਮੁੜ ਉਸਾਰੀ ਕਰਨ ਲਈ ਵਧੇਰੇ ਸਪੱਸ਼ਟ ਤੇ ਪਾਰਦਰਸ਼ੀ ਪ੍ਰਬੰਧ ਮਿਲਣ ਦੀ ਉਮੀਦ ਹੈ। ਲਿਫਟਾਂ ਦੀ ਸਹੂਲਤ ਖ਼ਾਸ ਤੌਰ ’ਤੇ ਸੀਨੀਅਰ ਨਾਗਰਿਕਾਂ, ਦਿਵਿਆਂਗ ਵਿਅਕਤੀਆਂ ਅਤੇ ਗਤੀਸ਼ੀਲਤਾ ਸਬੰਧੀ ਮੁਸ਼ਕਲਾਂ ਵਾਲੇ ਨਿਵਾਸੀਆਂ ਲਈ ਲਾਹੇਵੰਦ ਹੋਵੇਗੀ। ਛੱਤਾਂ ’ ਤੇ ਸੋਲਰ ਪੈਨਲਾਂ ਲਈ ਐਨ . ਓ . ਸੀ . ਦੀ ਲੋੜ ਨਹੀਂ ਮੀਟਿੰਗ ਦੌਰਾਨ ਸੀ.ਐਚ.ਬੀ ਦੀਆਂ ਰਿਹਾਇਸ਼ੀ ਇਕਾਈਆਂ ਦੀਆਂ ਛੱਤਾਂ ’ਤੇ ਪ੍ਰਧਾਨ ਮੰਤਰੀ ਸੂਰਯ ਘਰ-ਮੁਫ਼ਤ ਬਿਜਲੀ ਯੋਜਨਾ ਤਹਿਤ ਸੋਲਰ ਫੋਟੋਵੋਲਟੈਕ ਪ੍ਰਣਾਲੀ ਲਗਾਉਣ ਦੇ ਮੁੱਦੇ ’ਤੇ ਵੀ ਵਿਚਾਰ ਕੀਤਾ ਗਿਆ। ਬੋਰਡ ਨੇ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੋਲਰ ਸਥਾਪਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਸੀ.ਐਚ.ਬੀ ਤੋਂ ਕਿਸੇ ਪੂਰਵ ਪ੍ਰਵਾਨਗੀ ਜਾਂ ਐੱਨ.ਓ.ਸੀ. ਦੀ ਲੋੜ ਨਹੀਂ ਹੋਵੇਗੀ। ਮੀਟਿੰਗ ਦੌਰਾਨ ਵਿੱਤ ਸਕੱਤਰ ਦੀਪਰਵਾ ਲਾਕੜਾ, ਡਿਪਟੀ ਕਮਿਸ਼ਨਰ ਤੇ ਅਸਟੇਟ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ, ਸੀ.ਐਚ.ਬੀ ਦੇ ਸੀਈਓ ਡੀ. ਕਾਰਤਿਕੇਯਨ, ਮੁੱਖ ਆਰਕੀਟੈਕਟ ਰਾਜੀਵ ਮਹਿਤਾ, ਮੁੱਖ ਇੰਜੀਨੀਅਰ ਸੀ.ਬੀ. ਓਝਾ, ਬੋਰਡ ਮੈਂਬਰ ਬਲਬੀਰ ਸਿੰਘ ਢੋਲ, ਵਿਨੋਦ ਜੋਸ਼ੀ ਤੇ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਅਤੇ ਸੀ.ਐਚ.ਬੀ ਦੇ ਸਕੱਤਰ ਸੌਰਭ ਕੁਮਾਰ ਅਰੋੜਾ ਹਾਜ਼ਰ ਸਨ। ਹੁਣ ਕਮੇਟੀ ਦੀਆਂ ਰਿਪੋਰਟਾਂ ਨੂੰ ਸੀ.ਐਚ.ਬੀ ਦੀਆਂ ਸਿਫ਼ਾਰਸ਼ਾਂ ਸਮੇਤ ਅੰਤਿਮ ਪ੍ਰਵਾਨਗੀ ਲਈ ਯੂ.ਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਕੋਲ ਭੇਜਿਆ ਜਾਵੇਗਾ।
ਸੀ . ਐਚ . ਬੀ. ਦੀਆਂ ਰਿਹਾਇਸ਼ੀ ਇਕਾਈਆਂ ’ ਚ ਲਿਫ਼ਟਾਂ ਲਗਾਉਣ ਦਾ ਰਾਹ ਪੱਧਰਾ
ਚੰਡੀਗੜ੍ਹ, 16 ਸਤੰਬਰ (ਸੰਦੀਪ ਕੁਮਾਰ ਮਾਹਨਾ)- ਚੰਡੀਗੜ੍ਹ ਹਾਊਸਿੰਗ ਬੋਰਡ (ਸੀ. ਐਚ.
ਅਜੀਤ ਡੈਸਕ
17-09-2026