ਬਿਜਲੀ ਖਪਤਕਾਰਾਂ ਨੂੰ ਗ਼ਲਤ ਬਿੱਲ ਭੇਜਣ ਦੀ ਜ਼ਿੰਮੇਵਾਰੀ ਕਿਸ ਦੀ ?
ਸਰਕਾਰ ਤੇ ਬਿਜਲੀ ਨਿਗਮ ਜਵਾਬ ਦੇਣ-ਧਾਲੀਵਾਲ
ਚੰਡੀਗੜ੍ਹ, 25 ਅਗਸਤ( ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਪੀ. ਐਸ.
ਚੰਡੀਗੜ੍ਹ, 25 ਅਗਸਤ( ਵਿਕਰਮਜੀਤ ਸਿੰਘ ਮਾਨ)- ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪੰਜਾਬ ਸਰਕਾਰ ਪੀ. ਐਸ. ਪੀ. ਸੀ. ਐਲ. ਵਲੋਂ ਬਿਜਲੀ ਬਿੱਲਾਂ ਦੇ ਮਾਮਲੇ ਨੂੰ ਲੈ ਕੇ ਗੰਭੀਰ ਸਵਾਲ ਉਠਾਉਂਦਿਆਂ ਕਿਹਾ ਕਿ ਸਰਕਾਰ ਨੇ ਖੁਦ ਮੰਨਿਆ ਹੈ ਕਿ 63 ਹਜ਼ਾਰ ਬਿਜਲੀ ਖਪਤਕਾਰਾਂ ਨੂੰ ਗ਼ਲਤ ਬਿੱਲ ਜਾਰੀ ਕੀਤੇ ਗਏ ਹਨ। ਸਵਾਲ ਇਹ ਹੈ ਕਿ ਇੰਨੀ ਵੱਡੀ ਗ਼ਲਤੀ ਆਖਿਰ ਕਿਸ ਦੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਕੌਣ ਤੈਅ ਕਰੇਗਾ? ਇਸ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਨੂੰ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਇਹ ਸਾਰਾ ਡਰਾਮਾ 300 ਮੁਫ਼ਤ ਬਿਜਲੀ ਯੂਨਿਟਾਂ ਦੀ ਸਹੂਲਤ ਨੂੰ ਖ਼ਤਮ ਕਰਨ ਅਤੇ ਔਰਤਾਂ ਨੂੰ ਦਿੱਤੀ ਜਾਣ ਵਾਲੀ ਸਤਿਕਾਰ ਯੋਜਨਾ ਦੀ ਰਕਮ ਦੇ ਮਾਮਲੇ ਤੋਂ ਧਿਆਨ ਭਟਕਾਉਣ ਲਈ ਕਰ ਰਹੀ ਹੈ। ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿਚ ਕਰੀਬ 78 ਲੱਖ ਬਿਜਲੀ ਖਪਤਕਾਰ ਹਨ। ਜੇਕਰ ਇਨ੍ਹਾਂ ਵਿਚੋਂ 63 ਹਜ਼ਾਰ ਖਪਤਕਾਰਾਂ ਨੂੰ ਗਲਤ ਬਿੱਲ ਭੇਜੇ ਗਏ ਹਨ ਤੇ ਸਰਕਾਰ ਤੇ ਬਿਜਲੀ ਨਿਗਮ ਨੇ ਹੁਣ ਇਨ੍ਹਾਂ ਬਿੱਲਾਂ ਨੂੰ ਠੀਕ ਕਰਨ ਦੀ ਗੱਲ ਮੰਨ ਲਈ ਹੈ ਤਾਂ ਇਹ ਸਿਰਫ਼ ਤਕਨੀਕੀ ਗਲਤੀ ਨਹੀਂ, ਸਗੋਂ ਬਿਜਲੀ ਵਿਭਾਗ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਵਿਭਾਗ ਨੇ ਸਮੇਂ ਸਿਰ ਬਿੱਲ ਹੀ ਨਹੀਂ ਭੇਜੇ ਤਾਂ ਆਮ ਖਪਤਕਾਰ ਡਿਫਾਲਟਰ ਕਿਵੇਂ ਹੋ ਗਿਆ? ਧਾਲੀਵਾਲ ਨੇ ਕਿਹਾ ਕਿ ਲੋਕਾਂ ਨੂੰ 300 ਮੁਫ਼ਤ ਯੂਨਿਟਾਂ ਦਾ ਕੋਈ ਲਾਭ ਹੀ ਨਹੀਂ ਮਿਲਿਆ, ਜਦਕਿ ਸਰਕਾਰ 300 ਯੂਨਿਟ ਮੁਫ਼ਤ ਬਿਜਲੀ ਦੀ ਯੋਜਨਾ ਦਾ ਢਿੰਡੋਰਾ ਪਿੱਟਦੀ ਰਹੀ ਹੈ। ਜੇਕਰ ਯੋਗ ਖਪਤਕਾਰਾਂ ਨੂੰ ਵੀ ਅਜਿਹੇ ਤਿੰਨ ਮਹੀਨਿਆਂ ਦੇ ਬਿੱਲ ਭੇਜੇ ਜਾ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦਾ ਜ਼ੀਰੋ ਬਿੱਲ ਆਉਣਾ ਚਾਹੀਦਾ ਸੀ, ਤਾਂ ਇਹ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ ਹੈ। ਸਰਕਾਰ ਤੇ ਬਿਜਲੀ ਨਿਗਮ ਦੀ ਗ਼ਲਤੀ ਦਾ ਖਮਿਆਜ਼ਾ ਆਖ਼ਿਰ ਲੋਕ ਕਿਉਂ ਭੁਗਤਣ?