ਮੌਤ ਨਾਲ ਦੋ ਹੱਥ ਕਰਨ ਤੋਂ ਬਾਅਦ ਆਖ਼ਿਰ ਜ਼ਿੰਦਗੀ ਦੀ ਜੰਗ ਹਾਰ ਗਿਆ ਵਿਕਾਸ
ਡੇਰਾਬੱਸੀ, 19 ਅਗਸਤ (ਗੁਰਮੀਤ ਸਿੰਘ)- ਪਟਿਆਲਾ ਦੀ ਰੇਡੀਐਂਟ ਟੈਕਸਟਾਈਲ ਫੈਕਟਰੀ ਦੀ ਕੰਟੀਨ ‘ਚ ਪੀਣ ਵਾਲੀ ਪਾਣੀ ਦੀ ਬੋਤਲ ‘ਚੋਂ ਐਸਿਡ ਪੀਣ ਤੋਂ ਬਾਅਦ ਕਰੀਬ 5 ਮਹੀਨਿਆਂ ਤੋਂ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ 39 ਸਾਲਾ ਵਿਕਾਸ ਦੀ ਬੀਤੇ ਸੋਮਵਾਰ ਰਾਤ ਸਮੇਂ ਪੀ. ਜੀ.
ਡੇਰਾਬੱਸੀ, 19 ਅਗਸਤ (ਗੁਰਮੀਤ ਸਿੰਘ)- ਪਟਿਆਲਾ ਦੀ ਰੇਡੀਐਂਟ ਟੈਕਸਟਾਈਲ ਫੈਕਟਰੀ ਦੀ ਕੰਟੀਨ ‘ਚ ਪੀਣ ਵਾਲੀ ਪਾਣੀ ਦੀ ਬੋਤਲ ‘ਚੋਂ ਐਸਿਡ ਪੀਣ ਤੋਂ ਬਾਅਦ ਕਰੀਬ 5 ਮਹੀਨਿਆਂ ਤੋਂ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਹੇ 39 ਸਾਲਾ ਵਿਕਾਸ ਦੀ ਬੀਤੇ ਸੋਮਵਾਰ ਰਾਤ ਸਮੇਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ‘ਚ ਮਾਤਮ ਛਾ ਗਿਆ। ਪਤਨੀ ਅਤੇ 11 ਸਾਲਾ ਧੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਵਿਕਾਸ ਦੇ ਭਰਾ ਟੋਨੀ ਮੁਤਾਬਿਕ ਡੇਰਾਬੱਸੀ ਦੀ ਅਮਰਦੀਪ ਕਾਲੋਨੀ ਦਾ ਵਸਨੀਕ ਵਿਕਾਸ ਪਿਛਲੇ ਕਰੀਬ ਤਿੰਨ ਸਾਲਾਂ ਤੋਂ ਪਟਿਆਲਾ ਦੀ ਉਕਤ ਫੈਕਟਰੀ ‘ਚ ਕੰਮ ਕਰਦਾ ਸੀ। 20 ਮਾਰਚ ਨੂੰ ਡਿਊਟੀ ਦੌਰਾਨ ਉਹ ਕੰਟੀਨ ‘ਚ ਖਾਣਾ ਖਾਣ ਲਈ ਗਿਆ ਸੀ। ਪਾਣੀ ਮੰਗਣ ‘ਤੇ ਕੰਟੀਨ ਦੇ ਕਰਮਚਾਰੀ ਨੇ ਉਸ ਨੂੰ ਫਰਿੱਜ ‘ਚੋਂ ਇਕ ਬੋਤਲ ਕੱਢ ਕੇ ਦਿੱਤੀ ਅਤੇ ਜਿਵੇਂ ਹੀ ਵਿਕਾਸ ਨੇ ਪਾਣੀ ਪੀਤਾ ਤਾਂ ਉਸ ਦੇ ਸਰੀਰ ‘ਚ ਤੇਜ਼ ਜਲਣ ਹੋਈ ਅਤੇ ਉਸ ਦੀ ਹਾਲਤ ਵਿਗੜ ਗਈ। ਬਾਅਦ ‘ਚ ਪਤਾ ਚੱਲਿਆ ਕਿ ਬੋਤਲ ‘ਚ ਪਾਣੀ ਦੀ ਥਾਂ ਐਸਿਡ ਸੀ। ਹਾਦਸੇ ਤੋਂ ਬਾਅਦ ਉਸ ਨੂੰ ਇਲਾਜ਼ ਲਈ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਕਿ ਉਸ ਦੀ ਫ਼ੂਡ ਪਾਈਪ ਨੂੰ ਗੰਭੀਰ ਨੁਕਸਾਨ ਹੋਣ ਦੀ ਗੱਲ ਸਾਹਮਣੇ ਆਈ। ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਫ਼ੂਡ ਪਾਈਪ ਬਦਲ ਦਿੱਤੀ ਤੇ ਹਾਲਤ ‘ਚ ਕੁਝ ਸੁਧਾਰ ਹੋਣ ਮਗਰੋਂ ਉਸ ਨੂੰ ਛੁੱਟੀ ਮਿਲ ਗਈ, ਪਰ ਮੁੜ ਤਬੀਅਤ ਵਿਗੜਨ ‘ ਤੇ ਪਰਿਵਾਰ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਵਿਖੇ ਲੈ ਗਿਆ, ਜਿਥੇ ਕਿ ਫ਼ੂਡ ਪਾਈਪ ਤੋਂ ਇਲਾਵਾ ਸਾਹ ਦੀ ਨਲੀ ‘ਚ ਵੀ ਗੰਭੀਰ ਸਮੱਸਿਆ ਸਾਹਮਣੇ ਆਈ। ਆਪ੍ਰੇਸ਼ਨ ਤੋਂ ਬਾਅਦ ਵਿਕਾਸ ਨੂੰ ਹੋਸ਼ ਨਹੀਂ ਆਇਆ ਤੇ ਉਹ ਕਈ ਦਿਨ ਵੈਂਟੀਲੇਟਰ ‘ਤੇ ਰਿਹਾ। ਪਰਿਵਾਰ ਨੂੰ ਆਖ਼ਰੀ ਸਮੇਂ ਤੱਕ ਉਸ ਦੇ ਠੀਕ ਹੋਣ ਦੀ ਉਮੀਦ ਸੀ, ਪਰ ਸੋਮਵਾਰ ਰਾਤ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ। ਪਰਿਵਾਰ ਨੇ ਫੈਕਟਰੀ ਪ੍ਰਬੰਧਕਾਂ ‘ਤੇ ਚੁੱਕੇ ਸਵਾਲ- ਵਿਕਾਸ ਦੇ ਛੋਟੇ ਭਰਾ ਟੋਨੀ ਨੇ ਦੋਸ਼ ਲਗਾਇਆ ਕਿ ਡਿਊਟੀ ਦੌਰਾਨ ਵਾਪਰੇ ਇਸ ਹਾਦਸੇ ਦੇ ਬਾਵਜੂਦ ਫੈਕਟਰੀ ਪ੍ਰਬੰਧਕਾਂ ਨੇ ਪਰਿਵਾਰ ਦੀ ਉਮੀਦ ਮੁਤਾਬਿਕ ਸਹਿਯੋਗ ਨਹੀਂ ਦਿੱਤਾ। ਪਰਿਵਾਰ ਅਨੁਸਾਰ ਫੈਕਟਰੀ ਵਲੋਂ ਕਰੀਬ ਸਵਾ ਲੱਖ ਰੁ. ਦੀ ਮਦਦ ਦਿੱਤੀ ਗਈ, ਜਿਸ ‘ਚੋਂ 25 ਹਜ਼ਾਰ ਰੁ. ਵਿਕਾਸ ਦੀ ਤਨਖਾਹ ਦੇ ਕੱਟ ਲਏ। ਪਰਿਵਾਰ ਦਾ ਦੋਸ਼ ਹੈ ਕਿ ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਫੈਕਟਰੀ ਪ੍ਰਬੰਧਕਾਂ ਨੇ ਉਸ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਵੀ ਸੰਪਰਕ ਨਹੀਂ ਕੀਤਾ। ਉਧਰ ਜਦੋਂ ਫੈਕਟਰੀ ਦੇ ਐਚ. ਆਰ. ਵਿਭਾਗ ਦੇ ਜੀ. ਐਮ. ਵੀ. ਬੀ. ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਵਿਕਾਸ ਦੀ ਮੌਤ ਬਾਰੇ ਜਾਣਕਾਰੀ ਨਹੀਂ ਹੈ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਫੈਕਟਰੀ ਪ੍ਰਬੰਧਕ ਸਮੇਂ-ਸਮੇਂ ‘ਤੇ ਉਸ ਦੀ ਸਿਹਤ ਬਾਰੇ ਜਾਣਕਾਰੀ ਲੈਂਦੇ ਰਹੇ ਹਨ। ਵਿਕਾਸ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਰਿਵਾਰ ਨੇ ਪੂਰੇ ਮਾਮਲੇ ਦੀ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕੀਤੀ ਹੈ। ਘਟਨਾ ਵਾਲੇ ਦਿਨ ਪਰਿਵਾਰ ਨੇ 112 ਨੰ. ‘ਤੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਸੀ, ਪਰ ਪੁਲਿਸ ਵਲੋਂ ਕੋਈ ਵੀ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ।