ਕੰਪਨੀ ਲੇਖਾਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ’ ਚ ਦੋ ਕਾਬੂ
ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰਾਮਗੜ੍ਹ ਨੇੜੇ ਕੰਪਨੀ ਲੇਖਾਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਕਥਿਤ ਦੋਸ਼ੀ ਲੇਖਾਕਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਫ਼ਰਾਰ ਹੋਏ ਸਨ।
ਲੁਧਿਆਣਾ, 19 ਨਵੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰਾਮਗੜ੍ਹ ਨੇੜੇ ਕੰਪਨੀ ਲੇਖਾਕਾਰ ਨੂੰ ਲੁੱਟਣ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਹ ਕਥਿਤ ਦੋਸ਼ੀ ਲੇਖਾਕਾਰ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਉਪਰੰਤ ਫ਼ਰਾਰ ਹੋਏ ਸਨ। ਜਾਣਕਾਰੀ ਦਿੰਦਿਆਂ ਡੀ.ਸੀ.ਪੀ. ਗੁਰਸੇਵਕ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੂਰਜ ਸਿੰਘ ਉਰਫ਼ ਬਾਬੂ ਪੁੱਤਰ ਪੱਪੂ ਸਿੰਘ, ਵਾਸੀ ਗਲੀ ਨੰਬਰ 2, ਜਸਵੀਰ ਕਾਲੋਨੀ, ਨੇੜੇ ਮਾਤਾ ਗੁਜਰੀ ਸਕੂਲ, ਪਿੰਡ ਗੋਬਿੰਦਗੜ੍ਹ ਅਤੇ ਵਿਸ਼ਾਲ ਕੁਮਾਰ ਉਰਫ਼ ਆਂਡਾ ਪੁੱਤਰ ਹਰਿੰਦਰ ਸਾਹ, ਵਾਸੀ ਪਿੰਡ ਬੇਹਰੋਲੀ, ਜ਼ਿਲ੍ਹਾ ਸਾਰਨ, ਬਿਹਾਰ, ਹਾਲ ਵਾਸੀ ਮਕਾਨ ਨੰਬਰ 306, ਗਲੀ ਨੰਬਰ 1, ਆਦਰਸ਼ ਕਾਲੋਨੀ, ਪਿੰਡ ਗੋਬਿੰਦਗੜ੍ਹ ਸ਼ਾਮਿਲ ਹਨ। ਕਾਬੂ ਕੀਤੇ ਗਏ ਦੋਵੇਂ ਕਥਿਤ ਦੋਸ਼ੀਆਂ ਦੀ ਉਮਰ 18 ਸਾਲ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਇਕ ਬਿਨਾਂ ਨੰਬਰੀ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ, ਇਕ ਦੇਸੀ ਪਿਸਤੌਲ 315 ਬੋਰ ਸਮੇਤ ਦੋ ਜਿੰਦਾ ਕਾਰਤੂਸ, ਇਕ ਲੋਹੇ ਦਾ ਦਾਤਰ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਵਿਚ ਸ਼ਾਮਿਲ ਦੋ ਹੋਰ ਮੁਲਜ਼ਮਾਂ ਸੰਦੀਪ ਅਤੇ ਦਲੀਪ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹਨਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ 17 ਨਵੰਬਰ ਨੂੰ 12 ਵਜੇ ਦੇ ਕਰੀਬ ਰਾਮਗੜ੍ਹ ਸਥਿਤ ਇਕ ਪ੍ਰਾਈਵੇਟ ਕੰਪਨੀ ਵਿਚ ਅਕਾਊਂਟੈਂਟ ਵਜੋਂ ਕੰਮ ਕਰਦੇ ਪ੍ਰਮੋਦ ਸਿੰਘ ਆਪਣੀ ਐਕਟਿਵਾ ‘ਤੇ ਦਫ਼ਤਰ ਜਾ ਰਹੇ ਸਨ। ਇਸ ਦੌਰਾਨ ਪੰਜ ਨੌਜਵਾਨਾਂ ਨੇ ਮੋਟਰਸਾਈਕਲਾਂ ‘ਤੇ ਆ ਕੇ ਉਨ੍ਹਾਂ ਨੂੰ ਰਸਤੇ ਵਿਚ ਘੇਰ ਲਿਆ ਅਤੇ ਪੈਸਿਆਂ ਤੇ ਮੋਬਾਈਲ ਦੀ ਮੰਗ ਕੀਤੀ। ਵਿਰੋਧ ਕਰਨ ‘ਤੇ ਇਕ ਮੁਲਜ਼ਮ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ, ਜੋ ਉਨ੍ਹਾਂ ਦੇ ਖੱਬੇ ਪੱਟ ਵਿਚ ਲੱਗੀ। ਲਹੂ ਲੁਹਾਨ ਹੋਇਆ ਪ੍ਰਮੋਦ ਉੱਥੇ ਹੀ ਡਿਗ ਪਿਆ। ਰੌਲੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦਿਆਂ ਕੰਪਨੀ ਦੇ ਪ੍ਰਬੰਧਕ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਉਨ੍ਹਾਂ ਵਲੋਂ ਪ੍ਰਮੋਦ ਕੁਮਾਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।