ਪੀ . ਏ . ਯੂ . ਨੇ ਸ਼ੱਕਰ ਰੋਗ ਬਾਰੇ ਜਾਗਰੂਕਤਾ ਦਾ ਕੀਤਾ ਪਸਾਰ
ਲੁਧਿਆਣਾ, 13 ਨਵੰਬਰ (ਜਸਵਿੰਦਰ ਸਿੰਘ)- ਪੀ. ਏ.
ਲੁਧਿਆਣਾ, 13 ਨਵੰਬਰ (ਜਸਵਿੰਦਰ ਸਿੰਘ)- ਪੀ. ਏ. ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਨੇ ਬੀਤੇ ਦਿਨੀਂ ਵਿਸ਼ਵ ਸ਼ੱਕਰ ਦਿਹਾੜੇ ਦੇ ਪ੍ਰਸੰਗ ਵਿਚ ਭਾਰਤੀ ਪੋਸ਼ਣ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਸ਼ੱਕਰ ਰੋਗ ਦੀ ਅਗਾਊਂ ਰੋਕਥਾਮ ਬਾਰੇ ਜਾਗਰੂਕਤਾ ਕੈਂਪ ਲਗਾਇਆ। ਇਸ ਦਾ ਉਦੇਸ਼ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਸ਼ੱਕਰ ਰੋਗ ਤੋਂ ਬਚਣ ਲਈ ਖ਼ੁਰਾਕ, ਸਰੀਰਕ ਗਤੀਵਿਧੀ ਤੇ ਸੰਤੁਲਿਤ ਪੋਸ਼ਣ ਬਾਰੇ ਜਾਣੂੰ ਕਰਵਾਉਣਾ ਸੀ। ਇਸ ਦੌਰਾਨ ਵੱਖ-ਵੱਖ ਗਤੀਵਿਧੀਆਂ ਕੀਤੀਆਂ ਗਈਆਂ। ਭਾਸ਼ਣਾਂ ਦੌਰਾਨ ਦੱਸਿਆ ਗਿਆ ਕਿ ਸਿਹਤਮੰਦ ਖ਼ੁਰਾਕ ਲੈ ਕੇ ਸਰੀਰਕ ਗਤੀਵਿਧੀ ਨੂੰ ਸੰਤੁਲਿਤ ਬਣਾਉਂਦਿਆਂ ਸ਼ੱਕਰ ਰੋਗ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ। ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਲੋਕਾਂ ਨੂੰ ਨਿੱਜੀ ਤੌਰ ’ਤੇ ਇਸ ਬਿਮਾਰੀ ਦੀਆਂ ਅਲਾਮਤਾਂ, ਕਾਰਨਾਂ ਅਤੇ ਬਚਾਅ ਦੇ ਸਾਧਨਾਂ ਬਾਰੇ ਦੱਸਿਆ। ਵਿਭਾਗ ਦੇ ਮੁਖੀ ਡਾ. ਹਰਪ੍ਰੀਤ ਕੌਰ ਨੇ ਇਹਨਾਂ ਕੋਸ਼ਿਸ਼ਾਂ ਲਈ ਵਿਭਾਗੀ ਅਮਲੇ ਦੀ ਸ਼ਲਾਘਾ ਕੀਤੀ, ਨਾਲ ਹੀ ਉਨ੍ਹਾਂ ਨੇ ਚੰਗੀਆਂ ਜੀਨ ਆਦਤਾਂ ਅਪਣਾ ਕੇ ਨਿਰੋਗੀ ਜੀਵਨ ਜੀਣ ਦੀ ਲੋੜ ਉੱਪਰ ਜ਼ੋਰ ਦਿੱਤਾ। ਪੀ.ਏ.ਯੂ. ਦੇ ਮੁੱਖ ਸਿਹਤ ਅਧਿਕਾਰੀ ਡਾ. ਜਸਪ੍ਰੀਤ ਕੌਰ ਅਤੇ ਡਾ. ਕਮਲਪ੍ਰੀਤ ਕੌਰ ਨੇ ਵੀ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਇਨ੍ਹਾਂ ਗਤੀਵਿਧੀਆਂ ਦੀ ਪ੍ਰਸ਼ੰਸਾ ਕੀਤੀ। ਸਮੁੱਚਾ ਸਮਾਰੋਹ ਡਾ. ਰੇਨੂੰਕਾ ਅਗਰਵਾਲ ਤੇ ਡਾ. ਸ਼ਰੁਤੀ ਜੈਨ ਦੀ ਨਿਗਰਾਨੀ ਹੇਠ ਸਿਰੇ ਚੜ੍ਹਿਆ।