ਵਾਰਡ ਨੰਬਰ 2 ’ਚ ਸੀਵਰੇਜ ਦਾ ਸੰਕਟ, ਨਿਗਮ ਨੂੰ 7 ਦਿਨ ਦਾ ਅਲਟੀਮੇਟਮ
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਹਲਕਾ ਪੂਰਬੀ ਦੇ ਵਾਰਡ ਨੰਬਰ 2 ਵਿਚ ਪਿਛਲੇ 8-9 ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਸੀਵਰੇਜ ਦੇ ਫੁਹਾਰੇ ਚੱਲ ਰਹੇ ਹਨ।
ਲੁਧਿਆਣਾ, 28 ਅਗਸਤ (ਭੁਪਿੰਦਰ ਸਿੰਘ ਬੈਂਸ)-ਹਲਕਾ ਪੂਰਬੀ ਦੇ ਵਾਰਡ ਨੰਬਰ 2 ਵਿਚ ਪਿਛਲੇ 8-9 ਮਹੀਨਿਆਂ ਤੋਂ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਵਾਂ ’ਤੇ ਸੀਵਰੇਜ ਦੇ ਫੁਹਾਰੇ ਚੱਲ ਰਹੇ ਹਨ। ਇਲਾਕੇ ਵਿਚ ਸਕੂਲ ਹੋਣ ਕਾਰਨ ਬੱਚਿਆਂ ਨੂੰ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈ ਰਿਹਾ ਹੈ, ਜਦਕਿ ਹੌਜ਼ਰੀ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਇਸ ਮੌਕੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਹਾਂਨਗਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਅਤੇ ਬੁਨਿਆਦੀ ਸਹੂਲਤਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਮਹੀਨਿਆਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ, ਪਰ ਨਗਰ ਨਿਗਮ ਵਲੋਂ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਢਿੱਲੋਂ ਨੇ ਨਿਗਮ ਨੂੰ ਲੋਕਾਂ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਹਾਲ ਹੀ ਵਿਚ ਉਨ੍ਹਾਂ ਨੇ ਸ਼ਹਿਰ ਦੀਆਂ ਸੀਵਰੇਜ, ਸਫ਼ਾਈ ਅਤੇ ਪਾਣੀ ਨਾਲ ਜੁੜੀਆਂ ਨਾਗਰਿਕ ਸਮੱਸਿਆਵਾਂ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਸੀ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਨੂੰ 7 ਦਿਨ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਕੌਂਸਲਰ ਗੁਰਮੇਲ ਸਿੰਘ ਜੱਜੀ, ਰਤਨ ਵੜੈਚ, ਮੁਨੀਸ਼ ਸਹਿਗਲ, ਸੁਰੇਸ਼ ਬੱਬੂ, ਸਿਮਰਨਜੀਤ ਸਿੰਘ, ਪ੍ਰੀਤਮ ਸਿੰਘ ਸਮੇਤ ਇਲਾਕਾ ਨਿਵਾਸੀ ਮੌਜੂਦ ਸਨ।