ਗਰੇਵਾਲ ਹਸਪਤਾਲ ‘ਚ ਦਾਖ਼ਲ ਬਿਜਲੀ ਮੁਲਾਜ਼ਮ ਦੇ ਸਾਥੀ ਨੇ ਏ.ਸੀ. ਨਾ ਚਲਾਉਣ ਤੋਂ ਭੜਕ ਕੇ ਕੱਟੀ ਬਿਜਲੀ ਦੀ ਸਪਲਾਈ
ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਪਾਵਰਕਾਮ ਦੇ ਸੀ. ਐਚ.
ਲੁਧਿਆਣਾ, 19 ਅਗਸਤ (ਜਤਿੰਦਰ ਭੰਬੀ)-ਪਾਵਰਕਾਮ ਦੇ ਸੀ.ਐਚ.ਬੀ. ਮੁਲਾਜ਼ਮ ਦੇ ਕੰਮ ਕਰਨ ਉਪਰੰਤ ਕਰੰਟ ਲੱਗਣ ਤੇ ਗੰਭੀਰ ਰੂਪ ਵਿਚ ਜ਼ਖਮੀ ਹੋਏ ਮੁਲਾਜ਼ਮ ਨੂੰ ਉਸਦੇ ਸਾਥੀ ਵਲੋਂ ਗਰੇਵਾਲ ਹਸਪਤਾਲ ਵਿਚ ਦਾਖ਼ਲ ਕਰਵਾਉਣ ਤੋਂ ਬਾਅਦ ਬਿਜਲੀ ਮੁਲਾਜ਼ਮ ਦੇ ਸਾਥੀ ਵਲੋਂ ਏ.ਸੀ. ਚਲਾਉਣ ਨੂੰ ਲੈ ਕੇ ਹਸਪਤਾਲ ਦੇ ਸਟਾਫ਼ ਨਾਲ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਬੰਧਕਾਂ ਦੇ ਕਹਿਣ ਅਨੁਸਾਰ ਜਦੋਂ ਉਸਨੇ ਸਟਾਫ਼ ਨੂੰ ਏ.ਸੀ. ਚਲਾਉਣ ਬਾਰੇ ਕਿਹਾ ਤਾਂ ਸਟਾਫ਼ ਮੈਂਬਰਾਂ ਨੇ ਉਸਨੂੰ ਮਰੀਜ਼ ਕੋਲ ਜਾ ਕੇ ਬੈਠਣ ਲਈ ਆਖਿਆ ਕਿ ਤੁਸੀਂ ਮਰੀਜ਼ ਕੋਲ ਜਾਕੇ ਬੈਠ ਜਾਓ, ਕਿਉਂਕਿ ਇਕੱਲੇ ਵਿਅਕਤੀ ਲਈ ਏ.ਸੀ. ਚਲਾਉਣਾ ਵਾਜਿਬ ਨਹੀਂ ਹੈ, ਜਿਸ ਨੂੰ ਲੈ ਕੇ ਉਹ ਭੜਕ ਗਿਆ ਅਤੇ ਗੁੱਸੇ ਵਿਚ ਆ ਕੇ ਉਸ ਨੇ ਹਸਪਤਾਲ ਦੀ ਬਿਜਲੀ ਦੀ ਮੇਨ ਸਪਲਾਈ ਕੱਟ ਦਿੱਤੀ ਅਤੇ ਪ੍ਰਬੰਧਕਾਂ ਨੇ ਜਨਰੇਟਰ ਚਲਾ ਕੇ ਬਿਜਲੀ ਸਪਲਾਈ ਬਹਾਲ ਕੀਤੀ। ਹਸਪਤਾਲ ਦੇ ਮੁਖੀ ਡਾ: ਸੰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਹਸਪਤਾਲ ਦੇ ਸਟਾਫ ਦੇ ਦੱਸਣ ਅਨੁਸਾਰ ਜਿਥੇ ਉਸ ਨੇ ਰਾਤ ਨੂੰ ਹਸਪਤਾਲ ਦੇ ਸਟਾਫ਼ ਨਾਲ ਬਦਸਲੂਕੀ ਕੀਤੀ ਉਥੇ ਹੀ ਉਸ ਨੇ ਹਸਪਤਾਲ ਦੇ ਸਟਾਫ਼ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੋ ਤੁਹਾਡੇ ਤੋਂ ਹੁੰਦਾ ਕਰ ਲਓ। ਉਨ੍ਹਾਂ ਕਿਹਾ ਕਿ ਉਹ ਉਕਤ ਮੁਲਾਜ਼ਮ ਖਿਲਾਫ਼ ਪਾਵਰਕਾਮ ਦੇ ਚੀਫ਼ ਦੇ ਧਿਆਨ ਵਿਚ ਲਿਆ ਕੇ ਸਖ਼ਤ ਕਾਰਵਾਈ ਦੀ ਮੰਗ ਕਰਨਗੇ। ਕੀ ਕਹਿਣਾ ਜਨਤਾ ਨਗਰ ਮੰਡਲ ਦੇ ਐਸ.ਡੀ.ਓ. ਦਾ -ਇਸ ਸਬੰਧੀ ਜਨਤਾ ਨਗਰ ਮੰਡਲ ਦੇ ਐਸ.ਡੀ.ਓ.ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਹਸਪਤਾਲ ਯੂਨਿਟ -1 ਦੇ ਅਧੀਨ ਆਉਂਦਾ ਹੈ, ਜਿਵੇਂ ਹੀ ਇਹ ਮਾਮਲਾ ਮੇਰੇ ਧਿਆਨ ਵਿਚ ਆਇਆ ਤਾਂ ਮੈਂ ਆਪਣਾ ਜੇ.ਈ. ਭੇਜ ਕੇ ਬਿਜਲੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ। ਇਸ ਮੁਲਾਜ਼ਮ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਕਤ ਮੁਲਾਜ਼ਮ ਯੂਨਿਟ -3 ਦੇ ਅਧੀਨ ਆਉਂਦਾ ਹੈ, ਇਹ ਉਹ ਹੀ ਦੱਸ ਸਕਦੇ ਹਨ। ਜਦੋਂ ਇਸ ਸਬੰਧੀਂ ਸਬੰਧਿਤ ਐਸ.ਡੀ.ਓ.ਨਾਲ ਗੱਲ ਕਰਨ ਲਈ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।