ਬਟਾਲਾ ’ਚ 19 ਨਵੰਬਰ ਨੂੰ ਆਰੰਭ ਹੋਵੇਗੀ ਚੀਫ਼ ਖ਼ਾਲਸਾ ਦੀਵਾਨ ਵਲੋਂ ਕਰਵਾਈ ਜਾ ਰਹੀ ਤਿੰਨ ਦਿਨਾ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ’ -ਡਾ: ਨਿੱਜਰ
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਹੇਠ ਐਜੂਕੇਸ਼ਨਲ ਕਮੇਟੀ ਵਲੋਂ ਬਟਾਲਾ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ’ 19 ਨਵੰਬਰ ਨੂੰ ਨਗਰ ਕੀਰਤਨ ਸਜਾਏ ਨਾਲ ਆਰੰਭ ਹੋਵੇਗੀ ਤੇ ਇਸ ਕਾਨਫ਼ਰੰਸ ਦੌਰਾਨ ਵੱਖ ਵੱਖ ਵਿਸ਼ਿਆਂ ’ਤੇ ਕਾਨਫ਼ਰੰਸਾਂ ਕਰਵਾਈਆਂ ਜਾਣਗੀਆ, ਜਿਨ੍ਹਾਂ ਵਿਚ ਉੱਘੇ ਵਿਦਵਾਨ ਤੇ ਬੁੱਧੀਜੀਵੀ ਸ਼ਿਰਕਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਅੰਮ੍ਰਿਤਸਰ, 16 ਨਵੰਬਰ (ਜਸਵੰਤ ਸਿੰਘ ਜੱਸ)-ਪੁਰਾਤਨ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਅਗਵਾਈ ਹੇਠ ਐਜੂਕੇਸ਼ਨਲ ਕਮੇਟੀ ਵਲੋਂ ਬਟਾਲਾ ਵਿਖੇ ਕਰਵਾਈ ਜਾ ਰਹੀ ਤਿੰਨ ਦਿਨਾ ‘69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ’ 19 ਨਵੰਬਰ ਨੂੰ ਨਗਰ ਕੀਰਤਨ ਸਜਾਏ ਨਾਲ ਆਰੰਭ ਹੋਵੇਗੀ ਤੇ ਇਸ ਕਾਨਫ਼ਰੰਸ ਦੌਰਾਨ ਵੱਖ ਵੱਖ ਵਿਸ਼ਿਆਂ ’ਤੇ ਕਾਨਫ਼ਰੰਸਾਂ ਕਰਵਾਈਆਂ ਜਾਣਗੀਆ, ਜਿਨ੍ਹਾਂ ਵਿਚ ਉੱਘੇ ਵਿਦਵਾਨ ਤੇ ਬੁੱਧੀਜੀਵੀ ਸ਼ਿਰਕਤ ਕਰਨਗੇ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਦੀਵਾਨ ਸਵਾ ਸਦੀ ਤੋਂ ਸਿੱਖੀ ਤੇ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਲਈ ਸੇਵਾਵਾਂ ਨਿਭਾਅ ਰਿਹਾ ਹੈ ਤੇ ਇਸ ਵਾਰ ਵੀ ਕਰਵਾਈ ਜਾ ਰਹੀ ਸਿੱਖ ਵਿਦਿਅਕ ਕਾਨਫ਼ਰੰਸ ਨੌਵੇਂ ਪਾਤਿਸ਼ਾਹ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ, ਜੋ 19, 20 ਤੇ 21 ਨਵੰਬਰ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਟਾਲਾ ਵਿਖੇ ਕਰਵਾਈ ਜਾ ਰਹੀ ਹੈ। ਪ੍ਰਧਾਨ ਡਾ. ਨਿੱਜਰ ਅਤੇ ਆਨਰੇਰੀ ਸਕੱਤਰ ਰਮਣੀਕ ਸਿੰਘ ਫ੍ਰੀਡਮ ਨੇ ਦੱਸਿਆ ਕਿ ਪਹਿਲੇ ਦਿਨ 19 ਨਵੰਬਰ ਨੂੰ ਸਵੇਰੇ 7.30 ਤੋਂ 9 ਵਜੇ ਤੱਕ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ, ਉਪ੍ਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਗੁਰੂ ਨਾਨਕ ਕਾਲਜ ਬਟਾਲਾ ਤੋਂ ਨਗਰ-ਕੀਰਤਨ ਆਰੰਭ ਹੋ ਕੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਂਕ ਤੋਂ ਹੁੰਦਿਆਂ ਹੋਇਆ ਸਕੂਲ ਵਿਖੇ ਸਮਾਪਤ ਹੋਵੇਗਾ, ਜਿੱਥੇ ਰਵਾਇਤ ਅਨੁਸਾਰ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਸ਼ਾਮ ਰਾਤ ਤੱਕ ਨੁਮਾਇਸ਼ਾਂ ਦਾ ਉਦਘਾਟਨ ਤੇ ਕੀਰਤਨ ਦਰਬਾਰ ਹੋਵੇਗਾ, ਜਿਸ ਵਿਚ ਸਕੂਲਾਂ ਦੇ 50 ਬੱਚਿਆਂ ਵਲੋਂ ਤੰਤੀ ਸਾਜ਼ਾਂ ਨਾਲ ਸ਼ਬਦ ਗਾਇਣ ਕੀਤਾ ਜਾਵੇਗਾ। ਦੂਜੇ ਦਿਨ 20 ਨਵੰਬਰ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਵੱਖ ਵੱਖ ਵਿਸ਼ਿਆਂ ’ਤੇ ਸੈਮੀਨਾਰ ਹੋਣਗੇ ਤੇ ਰਾਤ ਨੂੰ ਲਾਈਟ ਅਤੇ ਸਾਊਂਡ ’ਤੇ ਆਧਾਰਤ ਧਾਰਮਿਕ ਪ੍ਰੋਗਰਾਮ ਹੋਵੇਗਾ। ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਆਖ਼ਰੀ ਦਿਨ ਮੁੱਖ ਸਮਾਗਮ ਦੌਰਾਨ ਵੀ ਸੈਮੀਨਾਰਾਂ ਤੋਂ ਇਲਾਵਾ ਪੁੱਜੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਆਪਣੇ ਵਡਮੁੱਲੇ ਵਿਚਾਰ ਪੇਸ਼ ਕੀਤੇ ਜਾਣਗੇ ਤੇ ਸਨਮਾਨ ਸਮਾਰੋਹ ਹੋਵੇਗਾ। ਡਾ: ਨਿੱਜਰ ਅਤੇ ਐਜੂਕੇਸ਼ਨਲ ਕਮੇਟੀ ਦੇ ਪ੍ਰਧਾਨ ਡਾ: ਸਰਬਜੀਤ ਸਿੰਘ ਛੀਨਾ ਤੇ ਵਧੀਕ ਆਨ: ਸਕੱਤਰ ਸਕੱਤਰ ਕੁਲਜੀਤ ਸਿੰਘ ‘ਸਿੰਘ ਬ੍ਰਦਰਜ਼’ ਨੇ ਦੱਸਿਆ ਕਿ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ਦੀਵਾਨ ਦੀ ਸ਼ਾਨਾਂਮਤੀ ਵਿੱਦਿਅਕ ਵਿਰਾਸਤ, ਸਿੱਖੀ-ਸਿੱਖਿਆ ਦੇ ਪ੍ਰਸਾਰ ਅਤੇ ਪੰਥਕ ਸੇਵਾਵਾਂ ਦੀ ਲੰਬੀ ਪ੍ਰੰਪਰਾ ਦਾ ਪ੍ਰਤੀਕ ਹੈ। ਮੀਤ ਪ੍ਰਧਾਨ ਸੰਤੋਖ ਸਿੰਘ ਸੇਠੀ ਨੇ ਕਿਹਾ ਕਿ ਇਹ ਸਿੱਖ ਵਿਦਿਅਕ ਕਾਨਫ਼ਰੰਸ ਨਵੀਂ ਪੀੜ੍ਹੀ ਨੂੰ ਆਧੁਨਿਕ ਸਾਧਨਾਂ ਰਾਹੀਂ ਗਿਆਨ ਦੀ ਰੌਸ਼ਨੀ ਵਿਚ ਗੁਰੂ ਸਾਹਿਬਾਨ ਦੀ ਮਹਾਨ ਕੁਰਬਾਨੀ, ਸਿੱਖਿਆ ਅਤੇ ਮਨੁੱਖਤਾ ਦੀ ਭਲਾਈ ਦੇ ਸੰਦੇਸ਼ ਨਾਲ ਜੋੜਣ ਦਾ ਇਕ ਅਹਿਮ ਉਪਰਾਲਾ ਸਿੱਧ ਹੋਵੇਗੀ। ਇਸ ਮੌਕੇ ਐਡੀ. ਆਨਰੇਰੀ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਐਡੀ.ਆਨਰੇਰੀ ਸਕੱਤਰ ਤੇ ਮੁੱਖ ਦਫ਼ਤਰ ਮੈਂਬਰ ਇੰਚਾਰਜ ਹਰਵਿੰਦਰਪਾਲ ਸਿੰਘ ਚੁੱਘ, ਐਡੀ.ਆਨਰੇਰੀ ਸਕੱਤਰ ਹਰਜੀਤ ਸਿੰਘ ਤੇ ਦੀਵਾਨ ਡਾ. ਆਤਮਜੀਤ ਸਿੰਘ ਬਸਰਾ ਵੀ ਹਾਜ਼ਰ ਸਨ।