ਅਕਾਲੀ-ਭਾਜਪਾ ਗੱਠਜੋੜ ਸਿਆਸੀ ਕੁਰਸੀ ਦੀ ਪੂਰਤੀ ਲਈ ਕੀਤਾ ਗਿਆ : ਸੁਭਾਸ਼ ਬਾਘਲਾ
ਅਬੋਹਰ, 25 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੋਏ ਗੱਠਜੋੜ ਨੂੰ ਅਪਵਿੱਤਰ ਕਰਾਰ ਦਿੰਦਿਆਂ ਕਾਂਗਰਸ ਪਾਰਟੀ ਦੇ ਅਬੋਹਰ ਸ਼ਹਿਰੀ ਪ੍ਰਧਾਨ ਸੁਭਾਸ਼ ਬਾਘਲਾ ਨੇ ਕਿਹਾ ਕਿ ਇਹ ਗੱਠਜੋੜ ਲੋਕ ਹਿਤਾਂ ਦੀ ਬਜਾਏ ਸਿਆਸੀ ਆਗੂਆਂ ਦੇ ਨਿੱਜੀ ਸਵਾਰਥਾਂ ਨੂੰ ਸਿੱਧ ਕਰਨ ਲਈ ਕੀਤਾ ਗਿਆ ਹੈ, ਜਿਸ ਪਿੱਛੇ ਕੁਰਸੀ ਦੀ ਲਾਲਸਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਇਕ-ਦੂਜੇ ’ਤੇ ਗੰਭੀਰ ਦੋਸ਼ ਲਾਉਣ ਵਾਲੇ ਆਗੂ ਅੱਜ ਇਕੱਠੇ ਹੋ ਕੇ ਪੰਜਾਬ ਦੀ ਨੁਹਾਰ ਬਦਲਣ ਦੀਆਂ ਗੱਲਾਂ ਕਰ ਰਹੇ ਹਨ ਜਿਸ ਨੂੰ ਪੰਜਾਬ ਦੀ ਜਾਗਰੂਕ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ।
ਅਬੋਹਰ, 25 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਅਕਾਲੀ ਦਲ ਅਤੇ ਭਾਜਪਾ ਵਿਚਕਾਰ ਹੋਏ ਗੱਠਜੋੜ ਨੂੰ ਅਪਵਿੱਤਰ ਕਰਾਰ ਦਿੰਦਿਆਂ ਕਾਂਗਰਸ ਪਾਰਟੀ ਦੇ ਅਬੋਹਰ ਸ਼ਹਿਰੀ ਪ੍ਰਧਾਨ ਸੁਭਾਸ਼ ਬਾਘਲਾ ਨੇ ਕਿਹਾ ਕਿ ਇਹ ਗੱਠਜੋੜ ਲੋਕ ਹਿਤਾਂ ਦੀ ਬਜਾਏ ਸਿਆਸੀ ਆਗੂਆਂ ਦੇ ਨਿੱਜੀ ਸਵਾਰਥਾਂ ਨੂੰ ਸਿੱਧ ਕਰਨ ਲਈ ਕੀਤਾ ਗਿਆ ਹੈ, ਜਿਸ ਪਿੱਛੇ ਕੁਰਸੀ ਦੀ ਲਾਲਸਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਇਕ-ਦੂਜੇ ’ਤੇ ਗੰਭੀਰ ਦੋਸ਼ ਲਾਉਣ ਵਾਲੇ ਆਗੂ ਅੱਜ ਇਕੱਠੇ ਹੋ ਕੇ ਪੰਜਾਬ ਦੀ ਨੁਹਾਰ ਬਦਲਣ ਦੀਆਂ ਗੱਲਾਂ ਕਰ ਰਹੇ ਹਨ ਜਿਸ ਨੂੰ ਪੰਜਾਬ ਦੀ ਜਾਗਰੂਕ ਜਨਤਾ ਕਦੇ ਵੀ ਸਵੀਕਾਰ ਨਹੀਂ ਕਰੇਗੀ। ਸੁਭਾਸ਼ ਬਾਘਲਾ ਨੇ ਕਿਹਾ ਕਿ ਪਹਿਲਾਂ ਭਾਜਪਾ ਦੇ ਆਗੂ ਅਕਾਲੀ ਦਲ ’ਤੇ ਨਸ਼ਿਆਂ ਨੂੰ ਲੈ ਕੇ ਗੰਭੀਰ ਦੋਸ਼ ਲਾਉਂਦੇ ਰਹੇ ਅਤੇ ਅਕਾਲੀਆਂ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰਦੇ ਰਹੇ। ਇਸੇ ਤਰ੍ਹਾਂ ਸੁਨੀਲ ਜਾਖੜ ਸਮੇਤ ਹੋਰ ਆਗੂ ਵੀ ਅਕਾਲੀ ਦਲ ਵਿਰੁੱਧ ਬਿਆਨਬਾਜ਼ੀ ਕਰਦੇ ਰਹੇ ਜਦ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਕਾਲੀ ਦਲ ਨੂੰ ਲੈ ਕੇ ਨਕਾਰਾਤਮਿਕ ਰੁਖ਼ ਅਪਣਾਉਂਦੇ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਆਗੂ ਕੱਲ੍ਹ ਤੱਕ ਇਕ-ਦੂਜੇ ਨੂੰ ਸਿਆਸੀ ਤੌਰ ’ਤੇ ਘੇਰ ਰਹੇ ਸਨ। ਉਹ ਅੱਜ ਕਿਸ ਆਧਾਰ ’ਤੇ ਇਕੱਠੇ ਹੋ ਗਏ ਹਨ। ਉਨ੍ਹਾਂ ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨਾਂ ਨੇ ਲੰਮਾ ਸੰਘਰਸ਼ ਕੀਤਾ ਅਤੇ ਆਪਣੀਆਂ ਜਾਨਾਂ ਦੀਆਂ ਕੁਰਬਾਨੀਆਂ ਦੇ ਕੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਦੇ ਸਮੇਂ ਭਾਜਪਾ ਨਾਲ ਸਬੰਧਿਤ ਸਿਆਸੀ ਫ਼ੈਸਲਿਆਂ ਅਤੇ ਵਿਰੋਧ ਦੇ ਮੱਦੇਨਜ਼ਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦਿੱਤਾ ਸੀ। ਅੱਜ ਉਸੇ ਭਾਜਪਾ ਨਾਲ ਅਕਾਲੀ ਦਲ ਦਾ ਗੱਠਜੋੜ ਹੋਣਾ ਸਿਆਸੀ ਸਿਧਾਂਤਾਂ ’ਤੇ ਸਵਾਲ ਖੜ੍ਹੇ ਕਰਦਾ ਹੈ। ਬਾਘਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੁਨੀਲ ਜਾਖੜ ਅਤੇ ਸੰਦੀਪ ਜਾਖੜ ਸਮੇਤ ਕਈ ਆਗੂ ਕਿਸਾਨਾਂ ਦੇ ਸਮਰਥਨ ਵਿਚ ਦਿੱਲੀ ਧਰਨਿਆਂ ’ਤੇ ਗਏ ਸਨ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਉਹੀ ਸਿਆਸੀ ਧਿਰਾਂ ਇਕੱਠੀਆਂ ਹੋ ਕੇ ਜਨਤਾ ਨੂੰ ਪੰਜਾਬ ਦੀ ਤਰੱਕੀ ਦੇ ਨਾਂ ’ਤੇ ਆਪਣੇ ਹੱਕ ਵਿਚ ਕਰਨ ਦੀ ਕੋਸ਼ਿਸ਼ ਕਰਨਗੀਆਂ, ਪਰ ਪੰਜਾਬ ਦੇ ਲੋਕ ਸਿਆਸੀ ਆਗੂਆਂ ਦੇ ਬਦਲਦੇ ਰੁਖ਼ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਹੁਣ ਜਾਗਰੂਕ ਹੈ ਅਤੇ ਇਸ ਗੱਠਜੋੜ ਨੂੰ ਸਵੀਕਾਰ ਨਹੀਂ ਕਰੇਗੀ। ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਦੇ ਲੋਕ ਇਸ ਗੱਠਜੋੜ ਨੂੰ ਕਰਾਰਾ ਜਵਾਬ ਦੇਣਗੇ।