24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਸਿਆਸੀ ਰੰਜਿਸ਼ ਤਹਿਤ ਮੈਨੂੰ ਪਾਰਟੀ 'ਚੋਂ ਮੁਅੱਤਲ ਕੀਤਾ ਗਿਆ-ਅੰਗਰੇਜ਼ ਮੇਘਵਾਲ

Ad Position 21
No active advertisement
ਅਜੀਤ ਡੈਸਕ 22-01-2026
ਅਬੋਹਰ, 21 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਵਲੋਂ ਬੱਲੂਆਣਾ ਹਲਕੇ ਦੇ ਐੱਸ.ਸੀ ਭਾਈਚਾਰੇ ਨਾਲ ਸੰਬੰਧਿਤ ਆਗੂ ਅੰਗਰੇਜ਼ ਮੇਘਵਾਲ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਤਹਿਤ 6 ਸਾਲ ਲਈ ਪਾਰਟੀ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਸੀ | ਜਿਸ ਤਹਿਤ ਪੈੱ੍ਰਸ ਕਾਨਫ਼ਰੰਸ ਕਰਦੇ ਹੋਏ ਅੰਗਰੇਜ਼ ਮੇਘਵਾਲ ਨੇ ਦੱਸਿਆ ਕਿ ਉਨ੍ਹਾਂ ਲੰਬਾ ਸਮਾਂ ਭਾਰਤੀ ਜਨਤਾ ਪਾਰਟੀ ਦੀ ਸਮਰਪਿਤ ਭਾਵਨਾ ਨਾਲ ਸੇਵਾ ਕੀਤੀ, ਜਦ ਕਿ ਬਦਲੇ 'ਚ ਮੇਘਵਾਲ ਭਾਈਚਾਰੇ ਦੀ ਲੀਡਰਸ਼ਿਪ ਨੂੰ ਦਰਕਿਨਾਰ ਕਰਦੇ ਹੋਏ ਇਕ ਤਰਫ਼ਾਂ ਕਾਰਵਾਈ ਅਮਲ ਵਿਚ ਲਿਆਂਦੀ ਹੈ | ਅੰਗਰੇਜ਼ ਮੇਘਵਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਦੀ ਸਰਪ੍ਰਸਤੀ ਹੇਠ ਹਲਕਾ ਇੰਚਾਰਜ ਵੰਦਨਾ ਸਾਂਗਵਾਲ ਅਤੇ ਉਸ ਦੇ ਪਤੀ ਨੇ ਸਿਆਸੀ ਰੰਜਿਸ਼ ਤਹਿਤ ਉਕਤ ਕਾਰਵਾਈ ਕੀਤੀ ਹੈ, ਜਦ ਕਿ ਜ਼ਿਲ੍ਹਾ ਪ੍ਰਧਾਨ ਉਸ ਨੂੰ ਬੱਲੂਆਣਾ ਹਲਕੇ ਵਿਚ ਸੰਭਾਵੀ ਉਮੀਦਵਾਰ ਦੇ ਤੌਰ 'ਤੇ ਵੀ ਵਿਚਰਨ ਤੋਂ ਰੋਕਦਾ ਸੀ | ਜਿਸ ਕਾਰਨ ਉਸ ਨੂੰ ਉਕਤ ਕਾਰਵਾਈ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਵਿਚ ਰਹਿੰਦੇ ਹੋਏ ਉਨ੍ਹਾਂ ਆਪਣੇ ਮੇਘਵਾਲ ਭਾਈਚਾਰੇ ਨਾਲ ਸੰਬੰਧਿਤ ਲੋਕਾਂ 'ਤੇ ਹੋ ਰਹੇ ਧੱਕੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ | ਜਿਸ ਪ੍ਰਤੀ ਉਸ ਨੂੰ ਰੋਕਿਆ ਜਾ ਰਿਹਾ ਸੀ ਜਦ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਕਾਂਗਰਸ ਦੇ ਬੂਥ 'ਤੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਦਾ ਬਹਾਨਾ ਬਣਾ ਕੇ ਉਸ 'ਤੇ ਕਾਰਵਾਈ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਭਾਜਪਾ ਦੀ ਜ਼ਿਲ੍ਹਾ ਲੀਡਰਸ਼ਿਪ ਦੀ ਹਾਜ਼ਰੀ ਅਤੇ ਸਰਪ੍ਰਸਤੀ ਹੇਠ ਉਸ ਨੂੰ ਜਾਤੀ ਸੂਚਕ ਗ਼ਲਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਅਪਮਾਨ ਕੀਤਾ ਗਿਆ | ਜਿਸ ਖ਼ਿਲਾਫ਼ ਉਨ੍ਹਾਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੂੰ ਕਾਰਵਾਈ ਲਈ ਲਿਖਤੀ ਦਰਖ਼ਾਸਤ ਵੀ ਦਿੱਤੀ ਹੋਈ ਹੈ | ਜਿਸ ਨੂੰ ਵਾਪਸ ਲੈਣ ਲਈ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਵਲੋਂ ਉਸ 'ਤੇ ਦਬਾਅ ਪਾਇਆ ਜਾ ਰਿਹਾ ਸੀ | ਬੱਲੂਆਣਾ ਹਲਕੇ ਵਿਚ ਮੇਘਵਾਲ ਭਾਈਚਾਰੇ ਨਾਲ ਹੋ ਰਹੀ ਧੱਕੇਸ਼ਾਹੀ ਖ਼ਿਲਾਫ਼ ਉਨ੍ਹਾਂ ਪੰਜਾਬ ਭਾਜਪਾ ਪ੍ਰਧਾਨ ਸਣੇ ਹਾਈਕਮਾਂਡ ਨੂੰ ਵੀ ਜਾਣਕਾਰੀ ਦਿੱਤੀ ਪਰ ਫਿਰ ਵੀ ਉਨ੍ਹਾਂ ਦੀ ਸੁਣਵਾਈ ਨਾ ਕਰਦੇ ਹੋਏ ਇਕ ਪਾਸੜ ਕਾਰਵਾਈ ਕਰ ਦਿੱਤੀ ਗਈ | ਆਪਣੇ ਭਾਈਚਾਰੇ ਦੇ ਲੋਕਾਂ ਦੇ ਨਾਲ ਖੜ੍ਹਨ ਦੀ ਉਸ ਨੂੰ ਸਜ਼ਾ ਦਿੱਤੀ ਗਈ ਹੈ ਜਦ ਕਿ ਜਿਨ੍ਹਾਂ ਉੱਪਰ ਫ਼ਰਜ਼ੀ ਮਾਮਲਾ ਦਰਜ ਕੀਤਾ ਗਿਆ ਸੀ, ਉਹ ਵੀ ਹਾਈਕੋਰਟ ਵਲ਼ੋਂ ਰੱਦ ਕਰ ਦਿੱਤਾ ਗਿਆ ਹੈ |
ਉਨ੍ਹਾਂ ਕਿਹਾ ਕਿ ਖ਼ੁਦ ਨੂੰ ਭਾਜਪਾ ਉਮੀਦਵਾਰ ਸਮਝ ਕੇ ਵਿਚਰ ਰਹੀ ਵੰਦਨਾ ਸਾਂਗਵਾਲ ਨੂੰ ਬੱਲੂਆਣਾ ਹਲਕੇ ਵਿਚ ਉਸ ਦੇ ਭਾਈਚਾਰੇ ਦੇ ਲੋਕ ਚੋਣਾਂ ਵਿਚ ਜ਼ਰੂਰ ਸਬਕ ਸਿਖਾਉਣਗੇ | ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਠੋਸ ਸਬੂਤ ਹੋਣ ਦੇ ਕਾਰਨ ਹੀ ਅੰਗਰੇਜ਼ ਮੇਘਵਾਲ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ ਜੋ ਕਿ ਪੰਜਾਬ ਭਾਜਪਾ ਹਾਈਕਮਾਨ ਦੇ ਧਿਆਨ ਉਪਰੰਤ ਹੀ ਅਮਲ ਵਿਚ ਲਿਆਂਦੀ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਵਿਚ ਕਿਸੇ ਨੂੰ ਵੀ ਕੋਈ ਜਾਤੀ ਸੂਚਕ ਸ਼ਬਦ ਨਹੀਂ ਬੋਲੇ ਗਏ, ਵੀਡੀਓ ਫ਼ਰਜ਼ੀ ਵੀ ਹੋ ਸਕਦੀ ਹੈ | ਇਸ ਸੰਬੰਧੀ ਹਲਕਾ ਇੰਚਾਰਜ ਬੱਲੂਆਣਾ ਵੰਦਨਾ ਸਾਂਗਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਅੰਗਰੇਜ਼ ਮੇਘਵਾਲ ਨੂੰ ਨਹੀਂ ਜਾਣਦੀ ਅਤੇ ਨਾ ਹੀ ਮੇਰੀ ਜਾਂ ਮੇਰੇ ਪਤੀ ਨਾਲ ਉਸ ਦੀ ਕੋਈ ਸਿਆਸੀ ਰੰਜਿਸ਼ ਹੈ | ਅੰਗਰੇਜ਼ ਮੇਘਵਾਲ ਖ਼ਿਲਾਫ਼ ਕਾਰਵਾਈ ਪਾਰਟੀ ਨੇ ਵਰਕਰਾਂ ਦੀ ਸ਼ਿਕਾਇਤ ਦੇ ਆਧਾਰਿਤ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਕਰਨ ਗਿਲਹੋਤਰਾ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
Ad Position 24