ਘਰੋਟਾ-ਦੀਨਾਨਗਰ ਮਾਰਗ ’ਤੇ ਡਿੱਗੇ ਦਰੱਖਤ ਬਣੇ ਹਾਦਸਿਆਂ ਦਾ ਕਾਰਨ
ਘਰੋਟਾ, 28 ਨਵੰਬਰ (ਸੰਜੀਵ ਗੁਪਤਾ)- ਘਰੋਟਾ-ਦੀਨਾਨਗਰ ਮੁੱਖ ਮਾਰਗ ’ਤੇ ਕੁਝ ਮਹੀਨੇ ਪਹਿਲਾਂ ਆਏ ਤੇਜ਼ ਤੂਫ਼ਾਨ ਕਾਰਨ ਡਿੱਗੇ ਦਰੱਖਤ ਹੁਣ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹਨ। ਤੂਫ਼ਾਨ ਦੌਰਾਨ ਕਈ ਦਰੱਖਤ ਟੁੱਟ ਕੇ ਸੜਕ ਕਿਨਾਰੇ ਡਿੱਗ ਗਏ ਸਨ।
ਘਰੋਟਾ, 28 ਨਵੰਬਰ (ਸੰਜੀਵ ਗੁਪਤਾ)- ਘਰੋਟਾ-ਦੀਨਾਨਗਰ ਮੁੱਖ ਮਾਰਗ ’ਤੇ ਕੁਝ ਮਹੀਨੇ ਪਹਿਲਾਂ ਆਏ ਤੇਜ਼ ਤੂਫ਼ਾਨ ਕਾਰਨ ਡਿੱਗੇ ਦਰੱਖਤ ਹੁਣ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹਨ। ਤੂਫ਼ਾਨ ਦੌਰਾਨ ਕਈ ਦਰੱਖਤ ਟੁੱਟ ਕੇ ਸੜਕ ਕਿਨਾਰੇ ਡਿੱਗ ਗਏ ਸਨ। ਪਰ ਕਈ ਮਹੀਨੇ ਬੀਤਣ ਦੇ ਬਾਵਜੂਦ ਇਨ੍ਹਾਂ ਡਿੱਗੇ ਦਰੱਖਤਾਂ ਨੂੰ ਹਟਾਉਣ ਲਈ ਸਬੰਧਿਤ ਜੰਗਲਾਤ ਵਿਭਾਗ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਕਾਰਨ ਇਸ ਮਾਰਗ ਤੋਂ ਲੰਘਣ ਵਾਲੇ ਲੋਕਾਂ ਨੂੰ ਰੋਜ਼ਾਨਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਸੜਕ ਦੇ ਕਿਨਾਰੇ ਪਏ ਟੁੱਟੇ ਹੋਏ ਦਰੱਖਤ ਆਵਾਜਾਈ ਵਿਚ ਰੁਕਾਵਟ ਬਣੇ ਹਨ। ਦਿਨ ਦੇ ਸਮੇਂ ਵਾਹਨ ਚਾਲਕ ਇਨ੍ਹਾਂ ਦਰੱਖਤਾਂ ਨੂੰ ਦੇਖ ਕੇ ਸਾਵਧਾਨੀ ਵਰਤ ਲੈਂਦੇ ਹਨ ਪਰ ਰਾਤ ਸਮੇਂ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਮਾਰਗ ’ਤੇ ਲੋੜੀਂਦੀ ਰੌਸ਼ਨੀ ਦੀ ਵਿਵਸਥਾ ਨਾ ਹੋਣ ਕਾਰਨ ਦੂਰੋਂ ਦਿਖਾਈ ਨਾ ਦੇਣ ਵਾਲੇ ਇਹ ਦਰੱਖਤ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਖ਼ਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ, ਪੈਦਲ ਰਾਹਗੀਰਾਂ ਅਤੇ ਰਾਤ ਸਮੇਂ ਸਫ਼ਰ ਕਰਨ ਵਾਲੇ ਲੋਕਾਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਨੇ ਜੰਗਲਾਤ ਵਿਭਾਗ ਦੀ ਕਾਰਜਪ੍ਰਣਾਲੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜਦੋਂ ਤੂਫ਼ਾਨ ਕਾਰਨ ਦਰੱਖਤ ਡਿੱਗੇ ਸਨ ਤਾਂ ਵਿਭਾਗ ਨੂੰ ਤੁਰੰਤ ਇਨ੍ਹਾਂ ਨੂੰ ਹਟਾਉਣਾ ਚਾਹੀਦਾ ਸੀ ਪਰ ਲੰਬੇ ਸਮੇਂ ਤੋਂ ਇਹ ਸਮੱਸਿਆ ਬਣੀ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਿਤ ਵਿਭਾਗ ਨੂੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ। ਪੁਰਸ਼ੋਤਮ ਸਿੰਘ, ਦੇਸ਼ ਰਾਜ, ਰਣਧੀਰ ਸਿੰਘ, ਅਜੈ ਕੁਮਾਰ, ਪਵਨ ਸਿੰਘ, ਰਣਧੀਰ ਸਿੰਘ ਤੇ ਰਵਿੰਦਰ ਸਿੰਘ ਨੇ ਮੰਗ ਕੀਤੀ ਕਿ ਘਰੋਟਾ-ਦੀਨਾਨਗਰ ਮਾਰਗ ’ਤੇ ਡਿੱਗੇ ਦਰੱਖਤਾਂ ਨੂੰ ਜਲਦ ਤੋਂ ਜਲਦ ਹਟਾਇਆ ਜਾਵੇ।